ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਸੈਮੀਫਾਈਨਲ ’ਚ ਹਾਰੀ
ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਿਖਰਲੀ ਡਬਲਜ਼ ਜੋੜੀ ਅੱਜ ਇੱਥੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੀ ਆਰੋਨ ਚੀਆ ਅਤੇ ਸੋਹ ਵੂਈ ਯਿਕ ਦੀ ਜੋੜੀ ਤੋਂ ਸਿੱਧੇ ਗੇਮਾਂ ਵਿੱਚ ਹਾਰ ਕੇ ਚਾਈਨਾ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਏਸ਼ੀਅਨ ਖੇਡਾਂ ਦੇ ਚੈਂਪੀਅਨ ਇੱਕ ਵਾਰ ਫਿਰ ਦੁਨੀਆ ਦੀ ਦੂਜੇ ਨੰਬਰ ਦੀ ਮਲੇਸ਼ੀਅਨ ਜੋੜੀ ਤੋਂ ਹਾਰ ਗਏ। ਭਾਰਤੀ ਜੋੜੀ ਨੂੰ 13-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਦੋਵਾਂ ਜੋੜੀਆਂ ਵਿਚਾਲੇ 14ਵਾਂ ਮੁਕਾਬਲਾ ਸੀ, ਜਿਸ ਵਿੱਚ ਮਲੇਸ਼ੀਅਨ ਜੋੜੀ ਨੇ ਦਬਦਬਾ ਬਣਾਇਆ। ਆਰੋਨ ਅਤੇ ਸੋਹ ਨੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਵੀ ਭਾਰਤੀ ਜੋੜੀ ਨੂੰ ਹਰਾਇਆ ਸੀ।
ਭਾਰਤੀ ਜੋੜੀ ਨੇ ਬੀਤੇ ਦਿਨ ਕੁਆਰਟਰ ਫਾਈਨਲ ਵਿੱਚ ਇੱਕ ਹੋਰ ਮਲੇਸ਼ੀਅਨ ਜੋੜੀ ਓਂਗ ਯਿਊ ਸਿਨ ਅਤੇ ਟੀਓ ਈ ਯੀ ’ਤੇ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਸੀ। ਇਹ ਭਾਰਤੀ ਜੋੜੀ ਇਸ ਸੀਜ਼ਨ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਤਵਿਕ-ਚਿਰਾਗ ਇੰਡੀਆ ਓਪਨ, ਸਿੰਗਾਪੁਰ ਓਪਨ ਅਤੇ ਮਲੇਸ਼ੀਆ ਓਪਨ ਦੇ ਸੈਮੀਫਾਈਨਲ ਵਿੱਚ ਵੀ ਪਹੁੰਚੇ ਸਨ, ਹਾਲਾਂਕਿ ਉਹ ਕੋਈ ਖਿਤਾਬ ਨਹੀਂ ਜਿੱਤ ਸਕੇ।