ਬੈਡਮਿੰਟਨ: ਕੋਰੀਆ ਓਪਨ ਅੱਜ ਤੋਂ ਸ਼ੁਰੂ
ਆਪਣੀ ਲੈਅ ਲੱਭਣ ਲਈ ਸੰਘਰਸ਼ ਕਰ ਰਿਹਾ ਐੱਚ ਐੱਸ ਪ੍ਰਣੌਏ ਅਤੇ ਉੱਭਰਦਾ ਸਟਾਰ ਆਯੁਸ਼ ਸ਼ੈੱਟੀ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਦੀ ਅਗਵਾਈ ਕਰਨਗੇ। ਹਾਂਗਕਾਂਗ ਅਤੇ ਚਾਈਨਾ ਮਾਸਟਰਜ਼ ਦੇ ਫਾਈਨਲਿਸਟ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਇਸ ਟੂਰਨਾਮੈਂਟ ਵਿੱਚ ਨਹੀਂ ਖੇਡਣਗੇ। 2023 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪ੍ਰਣੌਏ ਇਸ ਸੀਜ਼ਨ ਵਿੱਚ ਕਈ ਟੂਰਨਾਮੈਂਟਾਂ ਦੇ ਸ਼ੁਰੂਆਤੀ ਗੇੜ ’ਚੋਂ ਹੀ ਬਾਹਰ ਹੁੰਦਾ ਰਿਹਾ ਹੈ। ਉਹ ਇੱਥੇ ਕੁਆਲੀਫਾਇਰ ਖ਼ਿਲਾਫ਼ ਸ਼ੁਰੂਆਤ ਕਰੇਗਾ ਅਤੇ ਦੂਜੇ ਗੇੜ ਵਿੱਚ ਚੀਨੀ ਤਾਇਪੇ ਦੇ ਚੋਉ ਤਿਏਨ ਚੇਨ ਦਾ ਸਾਹਮਣਾ ਕਰ ਸਕਦਾ ਹੈ। 22 ਸਾਲਾ ਯੂ ਐੱਸ ਓਪਨ ਚੈਂਪੀਅਨ ਅਤੇ ਇਸ ਸੀਜ਼ਨ ਵਿੱਚ ਬੀ ਡਬਲਿਊ ਐੱਫ ਖਿਤਾਬ ਜਿੱਤਣ ਵਾਲੇ ਇਕਲੌਤੇ ਭਾਰਤੀ ਆਯੁਸ਼ ਦਾ ਪਹਿਲੇ ਗੇੜ ਵਿੱਚ ਸਾਹਮਣਾ ਚੀਨੀ ਤਾਇਪੇ ਦੇ ਸੂ ਲੀ ਯਾਂਗ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਵਿੱਚ ਅਨੁਪਮਾ ਉਪਾਧਿਆਏ ਤੇ ਮਿਕਸਡ ਡਬਲਜ਼ ਵਿੱਚ ਮੋਹਿਤ ਜੁਗਲਾਨ ਅਤੇ ਲਕਸ਼ਿਤਾ ਜੁਗਲਾਨ ਚੁਣੌਤੀ ਪੇਸ਼ ਕਰਨਗੇ।