ਬੈਡਮਿੰਟਨ: ਭਾਰਤ ਦਾ ਚੀਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ
ਅੰਡਰ-15 ਲੜਕਿਆਂ ਦੇ ਸਿੰਗਲਜ਼ ਵਰਗ ’ਚ ਐੱਸ ਐੱਲ ਦਕਸ਼ਣ ਸੁਗੂਮਰਨ ਨੇ ਪਹਿਲਾ ਸੈੱਟ ਹਾਰਨ ਮਗਰੋਂ ਵਾਪਸੀ ਕਰਦਿਆਂ ਚੀਨ ਦੇ ਲਿਊ ਕਿਊ ਟਿੰਗ ਨੂੰ 18-21, 21-14, 21-13 ਨਾਲ ਹਰਾਇਆ; ਵਜ਼ੀਰ ਸਿੰਘ ਨੇ ਲੰਘੇ ਦਿਨ ਵਿੱਚ ਸ਼ੀਆ ਜੂਨ ਲੋਂਗ ਨੂੰ 21-18, 18-21, 21-17 ਨਾਲ ਮਾਤ ਦਿੱਤੀ। ਪੁਸ਼ਕਰ ਸਾਈ ਤੇ ਪ੍ਰਭੂ ਧਿਆਨੀ ਨੇ ਆਪਣੇ ਰਾਊਂਡ ਆਫ਼ 64 ਮੁਕਾਬਲੇ ’ਚ ਥਾਈਲੈਂਡ ਖਿਡਾਰੀਆਂ ਵਿਰੁੱਧ ਸਿੱਧੇ ਗੇਮਾਂ ਵਿੱਚ ਜਿੱਤ ਦਰਜ ਕੀਤੀ। ਕੁੜੀਆਂ ਦੇ ਸਿੰਗਲਜ਼ ਵਰਗ ਵਿੱਚ ਅਵਨੀ ਰਾਠੌੜ ਨੇ ਯੂ ਏ ਈ ਦੀ ਅਨਿਸ਼ਕਾ ਅਨੂ ਨੂੰ 21-4, 21-9 ਨਾਲ ਹਰਾਇਆ।
ਭਾਰਤ ਦੀ ਅੰਡਰ-17 ਟੀਮ ਨੇ ਵੀ ਚੰਗੀ ਸ਼ੁਰੂਆਤ ਕੀਤੀ। ਪੁਨੀਤ ਸੁਰੇਸ਼ ਤੇ ਅਦਿੱਤੀ ਦੀਪਕ ਰਾਜ ਅਤੇ ਜੰਗਜੀਤ ਸਿੰਘ ਕਾਜਲਾ ਤੇ ਜਨਿਕਾ ਰਮੇਸ਼ ਦੀਆਂ ਮਿਕਸਡ ਡਬਲਜ਼ ਜੋੜੀਆਂ ਨੇ ਕ੍ਰਮਵਾਰ ਚੀਨ ਤੇ ਜਾਪਾਨ ਦੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਕਦਮ ਰੱਖਿਆ। ਕੁੜੀਆਂ ਦੇ ਸਿੰਗਲਜ਼ ਵਰਗ ’ਚ ਨਿਸ਼ਚਲ ਚੰਦ ਨੇ ਲਾਓਸ ਦੀ ਸੋਫੇਕਸੇ ਸਿਮਾਨੋਂਗ ਨੂੰ ਸਿੱਧੇ ਗੇਮਾਂ ਵਿੱਚ 21-8, 21-7 ਨਾਲ ਹਰਾਇਆ; ਹਾਰਦਿਕ ਦਿਵਿਆਂਸ਼ ਨੇ ਜਪਾਨ ਦੀ ਇਸੇਈ ਮਾਤਸੁਹਿਤਾ ਵਿਰੁੱਧ 21-14, 21-14 ਨਾਲ ਜਿੱਤ ਪ੍ਰਾਪਤ ਕੀਤੀ।
ਦੱਸਣਯੋਗ ਹੈ ਕਿ ਭਾਰਤ ਨੇ 2024 ’ਚ ਹੋਏ ਪਿਛਲੇ ਟੂਰਨਾਮੈਂਟ ਵਿੱਚ ਇੱਕ ਸੋਨ ਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਸੀ; 2023 ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਇੱਕ-ਇੱਕ ਤਗਮਾ ਜਿੱਤਿਆ ਸੀ।