ਬੈਡਮਿੰਟਨ: ਆਯੂਸ਼, ਲਕਸ਼ੈ ਤੇ ਸਾਤਵਿਕ-ਚਿਰਾਗ ਕੁਆਰਟਰ ਫਾਈਨਲ ’ਚ
ਭਾਰਤ ਦੇ ਆਯੂਸ਼ ਸ਼ੈੱਟੀ ਨੇ ਅੱਜ ਇੱਥੇ ਹਾਂਗਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਵੱਡਾ ਉਲਟਫੇਰ ਕਰਦਿਆਂ 2023 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਗਮਾ ਜੇਤੂ ਜਪਾਨ ਦੇ ਕੋਡਾਈ ਨਾਰਾਓਕਾ ਨੂੰ ਸਖਤ ਮੁਕਾਬਲੇ ਵਿਚ ਹਰਾ ਕੇ ਪੁਰਸ਼ ਸਿੰਗਲ ਕੁਆਰਟਰ ਫਾਈਨਲ ਵਿਚ ਦਾਖਲਾ ਹਾਸਲ ਕੀਤਾ। ਯੂ ਐਸ ਓਪਨ ਸੁਪਰ 300 ਦਾ ਜੂਨ ਵਿਚ ਖ਼ਿਤਾਬ ਜਿੱਤਣ ਵਾਲੇ ਕਰਨਾਟਕ ਦੇ ਖਿਡਾਰੀ ਨੇ ਹਮਲਾਵਰ ਖੇਡ ਦਿਖਾਉਂਦਿਆਂ ਜਾਪਾਨੀ ਖਿਡਾਰੀ ਨੂੰ 72 ਮਿੰਟ ਤਕ ਚੱਲੇ ਮੁਕਾਬਲੇ ਵਿਚ 21-19, 12-21, 21-14 ਨਾਲ ਹਰਾਇਆ। ਕੁਆਰਟਰ ਫਾਈਨਲ ਵਿਚ ਆਯੂਸ਼ ਦਾ ਮੁਕਾਬਲਾ ਹਮਵਤਨ ਖਿਡਾਰੀ ਲਕਸ਼ੈ ਸੇਨ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਲਕਸ਼ੈ ਸੇਨ ਛੇ ਮਹੀਨਿਆਂ ਵਿੱਚ ਕਿਸੇ ਸਿਖਰਲੇ ਬੀਡਬਲਿਊਐਫ ਵਰਲਡ ਟੂਰ ਈਵੈਂਟ ਦੇ ਆਪਣੇ ਪਹਿਲੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਪੁੱਜਿਆ ਜਦਕਿ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਨੇ ਵੀਰਵਾਰ ਨੂੰ ਇੱਥੇ 500,000 ਅਮਰੀਕੀ ਡਾਲਰ ਦੇ ਹਾਂਗ ਕਾਂਗ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਵਿਚ ਆਖਰੀ ਅੱਠਾਂ ਵਿਚ ਥਾਂ ਬਣਾਈ।
ਸਾਤਵਿਕ ਅਤੇ ਚਿਰਾਗ ਦਾ ਅਗਲਾ ਮੁਕਾਬਲਾ ਮਲੇਸ਼ੀਆ ਦੇ ਜੁਨੈਦੀ ਆਰਿਫ਼ ਅਤੇ ਰਾਏ ਕਿੰਗ ਯਾਪ ਨਾਲ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਜੋੜੀ ਦੀ ਥਾਈਲੈਂਡ ਦੇ ਪੀਰਾਚਾਈ ਤੇ ਪੱਕਾਪੋਨ ਖ਼ਿਲਾਫ਼ ਸ਼ੁਰੂਆਤ ਸੁਸਤ ਰਹੀ ਪਰ ਬਾਅਦ ਵਿਚ ਉਨ੍ਹਾਂ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ 2-1 ਨਾਲ ਜਿੱਤ ਹਾਸਲ ਕੀਤੀ।