ਅਜਲਾਨ ਸ਼ਾਹ ਹਾਕੀ: ਭਾਰਤ ਤੇ ਬੈਲਜੀਅਮ ਦਾ ਮੈਚ ਮੁਲਤਵੀ
ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਦੂਜੇ ਦੌਰ ਦਾ ਮੈਚ ਖਰਾਬ ਮੌਸਮ ਕਾਰਨ ਅੱਜ ਨਾ ਹੋ ਸਕਿਆ। ਇਹ ਮੈਚ ਸਮੇਂ ਸਿਰ ਸ਼ੁਰੂ ਹੋਇਆ ਪਰ ਤਿੰਨ ਮਿੰਟ ਬਾਅਦ ਹੀ ਭਾਰੀ ਮੀਂਹ ਪੈ ਗਿਆ ਜਿਸ ਕਾਰਨ ਮੈਚ ਰੋਕਣਾ ਪਿਆ। ਇਸ ਤੋਂ ਬਾਅਦ ਇਹ ਮੈਚ ਅੱਜ ਰਾਤ ਪੌਣੇ ਨੌਂ ਵਜੇ ਸ਼ੁਰੂ ਹੋਇਆ ਪਰ ਮੁੜ ਮੌਸਮ ਖਰਾਬ ਹੋਣ ਕਾਰਨ ਇਸ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਇਸ ਮੈਚ ਨੂੰ ਭਲਕੇ 25 ਨਵੰਬਰ ਨੂੰ ਕਰਵਾਉਣ ਦਾ ਫੈਸਲਾ ਹੋਇਆ।
ਭਾਰਤ ਛੇ ਸਾਲ ਬਾਅਦ ਇਹ ਟੂਰਨਾਮੈਂਟ ਖੇਡ ਰਿਹਾ ਹੈ। ਜ਼ਿਕਰਯੋਗ ਹੈ ਕਿ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਨੂੰ 1-0 ਨਾਲ ਹਰਾਇਆ ਸੀ। ਭਾਰਤ ਵਲੋਂ ਪਹਿਲੇ ਕੁਆਰਟਰ ਵਿੱਚ ਮੁਹੰਮਦ ਰਾਹੀਲ ਨੇ ਇਕਲੌਤਾ ਗੋਲ ਕੀਤਾ। ਛੇ ਸਾਲਾਂ ਦੇ ਅੰਤਰਾਲ ਤੋਂ ਬਾਅਦ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਭਾਰਤ ਨੇ 15ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤ ਆਖਰੀ ਵਾਰ ਇੱਥੇ 2019 ਵਿੱਚ ਖੇਡਿਆ ਸੀ ਅਤੇ ਕੋਰੀਆ ਨੇ ਟੂਰਨਾਮੈਂਟ ਜਿੱਤਿਆ ਸੀ ਤੇ ਭਾਰਤ ਉਪ ਜੇਤੂ ਰਿਹਾ ਸੀ। ਦੂਜੇ ਕੁਆਰਟਰ ਵਿੱਚ ਕੋਰਿਆਈ ਖਿਡਾਰੀਆਂ ਨੇ ਮੈਚ ਬਰਾਬਰ ਕਰਨ ਲਈ ਜ਼ੋਰ ਲਾਇਆ ਪਰ ਕੋਰੀਆ ਗੋਲ ਨਾ ਕਰ ਸਕਿਆ।
ਪੀਟੀਆਈ
