Australia women vs India women ਆਸਥਾ, ਅੱਗ, ਜੁੜੇ ਹੱਥ ਤੇ ‘ਫਲਾਈਂਗ ਕਿਸ’, ਜੇਮੀਮਾ ਰੌਡਰਿਗਜ਼ ਦੀ ਇਤਿਹਾਸਕ ਪਾਰੀ
ਭਾਰਤ ਨੇ ਵੀਰਵਾਰ ਰਾਤੀਂ ਰਿਕਾਰਡ ਟੀਚੇ (339 ਦੌੜਾਂ) ਦਾ ਪਿੱਛਾ ਕਰਦਿਆਂ ਸੱਤ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਦੂਜੀ ਵਾਰ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਥਾਂ ਬਣਾਈ ਹੈ। ਇਸ ਜਿੱਤ ਦੀ ਇਬਾਰਤ ਨੇ ਜੇਮੀਮਾ ਨੇ ਲਿਖੀ। ਮੈਚ ਖਤਮ ਹੋਣ ਮਗਰੋਂ ਇਕ ਪਲ ਹੀ ਉਸੇ ਥਾਂ ’ਤੇ ਖੜ੍ਹੀ ਰਹੀ। ਸਫ਼ੇਦ ਰੌਸ਼ਨੀ ਵਿਚ ਉਸ ਦੇ ਅੱਖਾਂ ਦੇ ਹੰਝੂ ਸਾਫ਼ ਨਜ਼ਰ ਆ ਰਹੇ ਸਨ। ਇਹ ਮੈਚ ਜਿਤਾਉਣ ਵਾਲਾ ਸੈਂਕੜਾ ਨਹੀਂ ਬਲਕਿ ਜ਼ਿੰਮੇਵਾਰੀ ਨਿਭਾਉਣ ਦੀ ਭਾਵਨਾ ਵੀ ਇਸ ਵਿਚ ਸ਼ਾਮਲ ਸੀ।
ਜੇਮੀਮਾ, ਜਿਸ ਦਾ ਯਸੂ ਮਸੀਹ ਵਿੱਚ ਅਥਾਹ ਵਿਸ਼ਵਾਸ ਹੈ, ਨੇ ਵਿਸ਼ਵ ਕੱਪ ਨਾਕਆਊਟ ਮੈਚਾਂ ਦੇ ਇਤਿਹਾਸ ਵਿੱਚ ਸਭ ਤੋਂ ਯਾਦਗਾਰ ਪਾਰੀਆਂ ਵਿੱਚੋਂ ਇੱਕ ਖੇਡੀ। ਮੈਚ ਤੋਂ ਬਾਅਦ ਦੇ ਇਨਾਮ ਵੰਡ ਸਮਾਰੋਹ ਵਿੱਚ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਜੇਮੀਮਾ ਨੇ ਕਿਹਾ, ‘‘ਅੰਤ ਵਿੱਚ, ਮੈਂ ਬੱਸ ਬਾਈਬਲ ਵਿੱਚ ਕੀ ਲਿਖਿਆ ਹੈ ਯਾਦ ਕਰ ਰਹੀ ਸੀ - ‘ਚੁੱਪ ਕਰਕੇ ਖੜ੍ਹੇ ਰਹੋ ਅਤੇ ਰੱਬ ਮੇਰੇ ਲਈ ਲੜੇਗਾ।’’ ਮੁੰਬਈ ਦੀ ਜੇਮੀਮਾ, ਜਿਸ ਨੂੰ ਇਸ ਮੈਚ ਤੱਕ ਉਮੀਦਾਂ ’ਤੇ ਖਰੀ ਨਾ ਉਤਰਨ ਲਈ ਆਲੋਚਕਾਂ ਦੇ ਨਿਸ਼ਾਨੇ ’ਤੇ ਸੀ, ਨੇ ਵਿਸ਼ਵ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਨਾਬਾਦ 127 ਦੌੜਾਂ ਦੀ ਪਾਰੀ ਖੇਡੀ।
ਜੇਮੀਮਾ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਲਈ ਕਿਹਾ, ‘‘ਮੈਂ ਇਸ ਟੂਰਨਾਮੈਂਟ ਦੌਰਾਨ ਹਰ ਰੋਜ਼ ਰੋਈ। ਮੈਂ ਮਾਨਸਿਕ ਤੌਰ ’ਤੇ ਠੀਕ ਨਹੀਂ ਸੀ। ਮੈਨੂੰ ਪਤਾ ਸੀ ਕਿ ਮੈਨੂੰ ਚੰਗਾ ਖੇਡਣਾ ਪਵੇਗਾ ਅਤੇ ਰੱਬ ਸਭ ਕੁਝ ਠੀਕ ਕਰ ਦੇਵੇਗਾ। ਸ਼ੁਰੂ ਵਿੱਚ, ਮੈਂ ਬੱਸ ਖੇਡਦੀ ਰਹੀ ਅਤੇ ਆਪਣੇ ਆਪ ਨਾਲ ਗੱਲਾਂ ਕਰਦੀ ਰਹੀ।’’ ਜੇਮੀਮਾ, ਜੋ ਕਿ ਰੱਬ ਵਿੱਚ ਅਥਾਹ ਵਿਸ਼ਵਾਸ ਵਾਲੇ ਪਰਿਵਾਰ ਤੋਂ ਆਉਂਦੀ ਹੈ, ਨੇ ਕਿਹਾ, ‘‘ਮੈਂ ਉੱਥੇ ਹੀ ਖੜ੍ਹੀ ਸੀ ਅਤੇ ਉਹ ਮੇਰੇ ਲਈ ਲੜਿਆ। ਮੇਰੇ ਅੰਦਰ ਬਹੁਤ ਕੁਝ ਚੱਲ ਰਿਹਾ ਸੀ ਪਰ ਮੈਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ। ਮੈਂ ਯਸੂ ਮਸੀਹ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਇਹ ਆਪਣੇ ਆਪ ਨਹੀਂ ਕਰ ਸਕਦੀ ਸੀ।’’ ਉਸ ਨੇ ਵੀਆਈਪੀ ਗੈਲਰੀ ਵਿੱਚ ਬੈਠੇ ਆਪਣੇ ਪਰਿਵਾਰ ਵੱਲ ਇੱਕ ਹਵਾ ਵਿੱਚ ਚੁੰਮਣ ਉਡਾਇਆ। ਉਸ ਨੇ ਆਪਣੇ ਪਿਤਾ ਅਤੇ ਕੋਚ ਇਵਾਨ ਦਾ ਧੰਨਵਾਦ ਕੀਤਾ।
ਜੇਮੀਮਾ ਨੇ ਕਿਹਾ, ‘‘ਮੈਂ ਆਪਣੀ ਮਾਂ, ਪਿਤਾ, ਕੋਚ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰੇ ’ਤੇ ਭਰੋਸਾ ਜਤਾਇਆ। ਇਹ ਮਹੀਨਾ ਬਹੁਤ ਮੁਸ਼ਕਲ ਸੀ ਅਤੇ ਇਹ ਇੱਕ ਸੁਪਨੇ ਵਾਂਗ ਮਹਿਸੂਸ ਹੁੰਦਾ ਹੈ। ਦੀਪਤੀ ਮੈਨੂੰ ਉਤਸ਼ਾਹਿਤ ਕਰਦੀ ਰਹੀ। ਰਿਚਾ ਆਈ ਅਤੇ ਮੈਨੂੰ ਚੁੱਕ ਲਿਆ।’’ ਜੇਮੀਮਾ ਨੇ ਕਿਹਾ, ‘‘ਮੇਰੀਆਂ ਸਾਥੀ ਖਿਡਾਰਨਾਂ ਮੈਨੂੰ ਉਤਸ਼ਾਹਿਤ ਕਰਦੀਆਂ ਰਹੀਆਂ। ਮੈਂ ਇਸ ਪਾਰੀ ਦਾ ਸਿਹਰਾ ਨਹੀਂ ਲੈ ਸਕਦੀ। ਮੈਂ ਖੁਦ ਕੁਝ ਨਹੀਂ ਕੀਤਾ। ਭੀੜ ਵਿੱਚ ਹਰ ਕਿਸੇ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਅਤੇ ਹਰ ਦੌੜ ਨਾਲ ਮੈਨੂੰ ਉਤਸ਼ਾਹਿਤ ਕੀਤਾ।’’
 
 
             
            