ਆਸਟਰੇਲੀਆ ਨੇ ਇਕ ਰੋਜ਼ਾ ਲੜੀ ’ਚ ਲੀਡ ਹਾਸਲ ਕੀਤੀ
ਐਡਮ ਜ਼ੰਪਾ ਅਤੇ ਜ਼ੇਵੀਅਰ ਬਾਰਟਲੇਟ ਦੀ ਵਧੀਆ ਗੇਂਦਬਾਜ਼ੀ ਤੋਂ ਬਾਅਦ ਮੈਥਿਊ ਸ਼ਾਰਟ ਅਤੇ ਕੂਪਰ ਕੌਨੋਲੀ ਦੇ ਅਰਧ-ਸੈਂਕੜਿਆਂ ਨਾਲ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ ਦੋ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ। ਭਾਰਤ ਦੇ 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ ਸ਼ਾਰਟ (74 ਦੌੜਾਂ, 78 ਗੇਂਦਾਂ) ਅਤੇ ਕੌਨੋਲੀ (ਨਾਬਾਦ 61 ਦੌੜਾਂ, 53 ਗੇਂਦਾਂ) ਦੇ ਅਰਧ-ਸੈਕੜਿਆਂ ਨਾਲ 46.2 ਓਵਰਾਂ ਵਿੱਚ ਅੱਠ ਵਿਕਟਾਂ ’ਤੇ 265 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸ਼ਾਰਟ ਨੇ ਮੈਟ ਰੈਨਸ਼ਾਅ (30) ਅਤੇ ਕੌਨੋਲੀ ਨਾਲ ਬਰਾਬਰ 55 ਦੌੜਾਂ ਦੀ ਭਾਈਵਾਲੀ ਕੀਤੀ। ਕੌਨੋਲੀ ਨੇ ਇਸ ਤੋਂ ਬਾਅਦ ਮਿਚੇਲ ਓਵੇਨ (36 ਦੌੜਾਂ, 23 ਗੇਂਦਾਂ) ਨਾਲ ਛੇਵੇਂ ਵਿਕਟ ਲਈ 39 ਗੇਂਦਾਂ ’ਚ 59 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਸਟਰੇਲੀਆ ਦੀ ਜਿੱਤ ਯਕੀਨੀ ਬਣਾਈ। ਆਪਣੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਵਾਪਸੀ ਕਰਨ ਵਾਲੇ ਆਸਟਰੇਲਆ ਦੇ ਲੈੱਗ ਸਪਿੰਨਰ ਜ਼ੰਪਾ ਨੇ ਆਸਟਰੇਲੀਆ ਲਈ 60 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਬਾਰਟਲੇਟ ਨੇ 39 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਭਾਰਤ ਨੇ ਇਸ ਤੋਂ ਪਹਿਲਾਂ ਰੋਹਿਤ (73 ਦੌੜਾਂ, 97 ਗੇਂਦਾਂ) ਅਤੇ ਸ਼੍ਰੇਅਸ ਅਈਅਰ (61 ਦੌੜਾਂ, 77 ਗੇਂਦਾਂ) ਦੇ ਅਰਧ-ਸੈਂਕੜਿਆਂ ਅਤੇ ਦੋਹਾਂ ਦਰਮਿਆਨ ਤੀਜੇ ਵਿਕਟ ਦੀ 118 ਦੌੜਾਂ ਦੀ ਸਾਂਝੇਦਾਰੀ ਨਾਲ ਨੌਂ ਵਿਕਟਾਂ ’ਤੇ 264 ਦੌੜਾਂ ਬਣਾਈਆਂ। ਅਕਸ਼ਰ ਪਟੇਲ (44 ਦੌੜਾਂ, 41 ਗੇਂਦਾਂ) ਨੇ ਵੀ ਵਧੀਆ ਪਾਰੀ ਖੇਡੀ ਜਦਕਿ ਹਰਸ਼ਿਤ ਰਾਣਾ (ਨਾਬਾਦ 24) ਅਤੇ ਅਰਸ਼ਦੀਪ ਸਿੰਘ (13) ਨੇ ਨੌਵੇਂ ਵਿਕਟ ਲਈ 29 ਗੇਂਦਾਂ ’ਚ 37 ਦੌੜਾਂ ਜੋੜ ਕੇ ਟੀਮ ਦਾ ਸਕੋਰ 260 ਦੌੜਾਂ ਤੋਂ ਪਾਰ ਪਹੁੰਚਾਇਆ।
