ਆਸਟਰੇਲੀਆ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
ਇਹ ਮੈਚ ਗੇਂਦਬਾਜ਼ਾਂ ਦੇ ਦਬਦਬੇ ਵਾਲਾ ਰਿਹਾ। ਪਰਥ ਦੀ ਪਿੱਚ ਬੱਲੇਬਾਜ਼ਾਂ ਲਈ ਕਿਸੇ ਬੁਝਾਰਤ ਤੋਂ ਘੱਟ ਨਹੀਂ ਸੀ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 172 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟਰੇਲੀਆ ਦੀ ਟੀਮ ਸਿਰਫ਼ 132 ਦੌੜਾਂ ’ਤੇ ਸਿਮਟ ਗਈ। ਦੂਜੀ ਪਾਰੀ ਵਿੱਚ ਇੰਗਲੈਂਡ ਦੀ ਟੀਮ 164 ਦੌੜਾਂ ਹੀ ਬਣਾ ਸਕੀ। ਇੱਕ ਸਮੇਂ ਇੰਗਲੈਂਡ 65 ਦੌੜਾਂ ’ਤੇ ਇੱਕ ਵਿਕਟ ਗੁਆ ਕੇ ਮਜ਼ਬੂਤ ਸਥਿਤੀ ਵਿੱਚ ਸੀ, ਪਰ ਦੁਪਹਿਰ ਦੇ ਖਾਣੇ ਤੋਂ ਬਾਅਦ ਮੈਚ ਦਾ ਪਾਸਾ ਪਲਟ ਗਿਆ। ਇੰਗਲੈਂਡ ਨੇ ਬਿਨਾਂ ਕੋਈ ਦੌੜ ਬਣਾਏ ਤਿੰਨ ਵਿਕਟਾਂ ਗੁਆ ਦਿੱਤੀਆਂ ਤੇ ਪਾਰੀ 164 ਦੌੜਾਂ ’ਤੇ ਸਿਮਟ ਗਈ। ਇਸ ਤਰ੍ਹਾਂ ਆਸਟਰੇਲੀਆ ਨੂੰ ਜਿੱਤ ਲਈ 205 ਦੌੜਾਂ ਦਾ ਟੀਚਾ ਮਿਲਿਆ ਸੀ।
ਉਸਮਾਨ ਖਵਾਜਾ ਦੇ ਜ਼ਖਮੀ ਹੋਣ ਕਾਰਨ ਟਰੈਵਿਸ ਹੈੱਡ ਨੂੰ ਸਲਾਮੀ ਬੱਲੇਬਾਜ਼ ਵਜੋਂ ਭੇਜਿਆ ਗਿਆ। ਹੈੱਡ ਨੇ ਇੰਗਲੈਂਡ ਦੇ ‘ਬੈਜ਼ਬਾਲ’ ਅੰਦਾਜ਼ ਦਾ ਜਵਾਬ ਉਸੇ ਅੰਦਾਜ਼ ਵਿੱਚ ਦਿੰਦਿਆਂ ਸਿਰਫ਼ 83 ਗੇਂਦਾਂ ਵਿੱਚ 123 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਵਿੱਚ 16 ਚੌਕੇ ਅਤੇ 4 ਛੱਕੇ ਜੜੇ। ਉਸ ਦਾ ਸੈਂਕੜਾ ਸਿਰਫ਼ 69 ਗੇਂਦਾਂ ਵਿੱਚ ਪੂਰਾ ਹੋਇਆ। ਮਾਰਨਸ ਲਾਬੂਸ਼ੇਨ ਨੇ ਨਾਬਾਦ 51 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਗੇਂਦਬਾਜ਼ੀ ਵਿੱਚ ਮਿਸ਼ੇਲ ਸਟਾਰਕ ਹੀਰੋ ਰਿਹਾ। ਉਸ ਨੇ ਪਹਿਲੀ ਪਾਰੀ ਵਿੱਚ 7 ਅਤੇ ਪੂਰੇ ਮੈਚ ਵਿੱਚ 10 ਵਿਕਟਾਂ ਲੈ ਕੇ ਇੰਗਲੈਂਡ ਦੀ ਬੱਲੇਬਾਜ਼ੀ ਨੂੰ ਢੇਰ ਕਰ ਦਿੱਤਾ। ਇੰਗਲੈਂਡ ਦੀ ਦੂਜੀ ਪਾਰੀ ਵਿੱਚ ਇੱਕ ਸਮੇਂ ਬਿਨਾਂ ਕੋਈ ਦੌੜ ਬਣਾਏ ਤਿੰਨ ਵਿਕਟਾਂ ਡਿੱਗ ਗਈਆਂ ਸਨ, ਜਿਸ ਨੇ ਮੈਚ ਦਾ ਰੁਖ ਪਲਟ ਦਿੱਤਾ। ਦੂਜਾ ਟੈਸਟ 4 ਦਸੰਬਰ ਤੋਂ ਬ੍ਰਿਸਬੇਨ ਵਿੱਚ ਖੇਡਿਆ ਜਾਵੇਗਾ।
