ਏਸ਼ਿਆਈ ਨਿਸ਼ਾਨੇਬਾਜ਼ੀ: ਮਾਨਸੀ ਨੇ ਸੋਨੇ ਤੇ ਯਸ਼ਸਵੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ
ਭਾਰਤੀ ਨਿਸ਼ਾਨੇਬਾਜ਼ ਮਾਨਸੀ ਰਘੂਵੰਸ਼ੀ ਨੇ ਅੱਜ ਏੋਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਮਹਿਲਾ ਜੂੁਨੀਅਰ ਸਕੀਟ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਜਦਕਿ ਯਸ਼ਸਵੀ ਰਾਠੌੜ ਨੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਹੈ।
ਚੈਂਪੀਅਨਸ਼ਿਪ ਦੇ ਜੂਨੀਅਰ ਪੁਰਸ਼ ਸਕੀਟ ਫਾਈਨਲ ’ਚ ਭਾਰਤ ਦੇ ਹਰਮੇਹਰ ਸਿੰਘ ਲਾਲੀ ਨੇ 53 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਦਕਿ ਜਯੋਤਿਰਦਿੱਤਿਆ ਸਿੰਘ ਸਿਸੋਦੀਆ ਨੇ 43 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ’ਚ ਕਜ਼ਾਖਸਤਾਨ ਦੇ ਅਰਤਯੋਮ ਸੇਡੇਲਨਿਕੋਵ ਨੇ 53 ਅੰਕਾਂ ਨਾਲ ਸੋਨ ਤਗ਼ਮਾ ਆਪਣੇ ਨਾਮ ਕੀਤਾ। ਮਹਿਲਾ ਜੂੁਨੀਅਰ ਸਕੀਟ ਮੁਕਾਬਲੇ ’ਚ ਮਾਨਸੀ ਰਘੂਵੰਸ਼ੀ 53 ਅੰਕ ਹਾਸਲ ਕਰਕੇ ਚੈਂਪੀਅਨ ਬਣੀ ਜਦਕਿ ਯਸ਼ਸਵੀ ਰਾਠੌੜ ਨੇ 52 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਕਜ਼ਾਖਸਤਾਨ ਦੀ ਲਿਡੀਆ ਬਸ਼ਾਰੋਵਾ ਤੀਜੇ ਸਥਾਨ ’ਤੇ ਰਹੀ। ਭਾਰਤੀ ਮਹਿਲਾ ਨਿਸ਼ਾਨੇਬਾਜ਼ ਅਗਰਿਮਾ ਕੰਵਰ ਫਾਈਨਲ ’ਚ ਛੇਵੇਂ ਤੇ ਆਖਰੀ ਸਥਾਨ ’ਤੇ ਰਹੀ। ਪੁਰਸ਼ਾਂ ਦੇ ਫਾਈਨਲ ’ਚ ਇਸ਼ਾਨ ਸਿੰਘ ਛੇਵੇਂ ਸਥਾਨ ’ਤੇ ਰਿਹਾ। ਮਾਨਸੀ ਨੇ ਪੰਜ ਰਾਊਂਡ ’ਚ ਕੁੱਲ 106 ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿੰਦਿਆਂ ਫਾਈਨਲ ’ਚ ਜਗ੍ਹਾ ਪੱਕੀ ਕੀਤੀ ਸੀ ਜਦਕਿ ਯਸ਼ਸਵੀ ਪੰਜਵੇਂ ਸਥਾਨ ’ਤੇ ਰਹੀ ਸੀ।