ਏਸ਼ੀਆ ਜੂਨੀਅਰ ਬੈਡਮਿੰਟਨ: ਤਨਵੀ ਤੇ ਵੇਨੱਲਾ ਨੇ ਕਾਂਸੇ ਦੇ ਤਗ਼ਮੇ ਜਿੱਤੇ
ਏਸ਼ੀਆ ਜੂਨੀਅਰ ਵਿਅਕਤੀਗਤ ਬੈਡਮਿੰਟਨ ਚੈਂਪੀਅਨਸ਼ਿਪ 2025 ਵਿੱਚ ਭਾਰਤ ਦੀ ਮੁਹਿੰਮ ਤਨਵੀ ਸ਼ਰਮਾ ਅਤੇ ਵੇਨੱਲਾ ਕਾਲਾਗੋਟਲਾ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਕਾਂਸੇ ਦੇ ਤਗਮਿਆਂ ਨਾਲ ਸਮਾਪਤ ਹੋ ਗਈ। ਇਹ ਭਾਰਤ ਲਈ ਇਤਿਹਾਸਕ ਪਲ ਸੀ, ਕਿਉਂਕਿ ਪਹਿਲੀ ਵਾਰ ਇਸ ਈਵੈਂਟ ਦੇ ਇੱਕੋ ਐਡੀਸ਼ਨ ਵਿੱਚ ਦੋ ਮਹਿਲਾ ਸਿੰਗਲਜ਼ ਸ਼ਟਲਰਾਂ ਨੇ ਪੋਡੀਅਮ ’ਤੇ ਜਗ੍ਹਾ ਬਣਾਈ ਹੈ। ਰੋਮਾਂਚਕ ਸੈਮੀਫਾਈਨਲ ਵਿੱਚ ਵੇਨਾਲਾ ਕਾਲਾਗੋਟਲਾ ਨੇ ਚੀਨ ਦੀ ਲਿਊ ਸੀ ਯਾ ਖ਼ਿਲਾਫ਼ ਸ਼ਾਨਦਾਰ ਖੇਡ ਦਿਖਾਈ। ਦੂਜੀ ਗੇਮ ਵਿੱਚ 15-20 ਨਾਲ ਪਛੜਨ ਦੇ ਬਾਵਜੂਦ ਭਾਰਤੀ ਖਿਡਾਰਨ ਨੇ ਤਿੰਨ ਮੈਚ ਪੁਆਇੰਟ ਬਚਾਏ ਅਤੇ ਮੁਕਾਬਲਾ 18-20 ਕਰ ਦਿੱਤਾ, ਪਰ ਵੇਨੱਲਾ ਦੀ ਅਹਿਮ ਸਮੇਂ ’ਤੇ ਗਲਤੀ ਦਾ ਲਿਊ ਨੇ ਫਾਇਦਾ ਚੁੱਕਦਿਆਂ ਮੁਕਾਬਲਾ 21-15, 21-18 ਨਾਲ ਆਪਣੇ ਨਾਮ ਕਰ ਲਿਆ। ਦੂਜੇ ਕੋਰਟ ’ਤੇ ਤਨਵੀ ਸ਼ਰਮਾ ਦਾ ਸਾਹਮਣਾ ਚੀਨ ਦੀ ਯਿਨ ਯੀ ਕਿੰਗ ਨਾਲ ਹੋਇਆ। ਪਹਿਲੀ ਗੇਮ 13-21 ਨਾਲ ਗੁਆਉਣ ਤੋਂ ਬਾਅਦ ਤਨਵੀ ਨੇ ਦੂਜੀ ਗੇਮ ਵਿੱਚ ਜ਼ਬਰਦਸਤ ਵਾਪਸੀ ਕੀਤੀ ਅਤੇ 6-1 ਦੀ ਲੀਡ ਲੈ ਲਈ। ਬਾਅਦ ਵਿੱਚ ਯਿਨ ਨੇ ਵਾਪਸੀ ਕਰਦਿਆਂ ਸਕੋਰ 8-8 ਬਰਾਬਰ ਕਰ ਦਿੱਤਾ ਅਤੇ ਫਿਰ 21-13, 21-14 ਨਾਲ ਜਿੱਤ ਹਾਸਲ ਕਰ ਲਈ।