ਏਸ਼ੀਆ ਕੱਪ: ਬੰਗਲਾਦੇਸ਼ ਨੂੰ 11 ਦੌੜਾਂ ਨਾਲ ਹਰਾ ਕੇ ਫਾਈਨਲ ’ਚ ਪੁੱਜਿਆ ਪਾਕਿਸਤਾਨ
ਇੱਥੇ ਏਸ਼ੀਆ ਕੱਪ ਦੇ ਮੈਚ ਵਿੱਚ ਅੱਜ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 135 ਦੌੜਾਂ ਬਣਾਈਆਂ ਜਦਕਿ ਬੰਗਲਾਦੇਸ਼ ਦੀ ਟੀਮ ਨੌਂ ਵਿਕਟਾਂ ਦੇ ਨੁਕਸਾਨ ਨਾਲ 124 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਵਲੋਂ ਸਭ ਤੋਂ ਵੱਧ 30 ਦੌੜਾਂ ਸ਼ਮੀਮ ਨੇ ਬਣਾਈਆਂ। ਇਸ ਤੋਂ ਇਲਾਵਾ ਹੋਰ ਕੋਈ ਖਿਡਾਰੀ ਵਧੀਆ ਪ੍ਰਦਰਸ਼ਨ ਨਾ ਕਰ ਸਕੇ। ਪਾਕਿਸਤਾਨ ਵਲੋਂ ਸ਼ਾਹੀਨ ਅਫਰੀਦੀ ਤੇ ਹੈਰਿਸ ਰਾਊਫ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਸਈਮ ਅਯੂਬ ਨੇ ਦੋ ਵਿਕਟਾਂ ਹਾਸਲ ਕੀਤੀਆਂ।
ਪਾਕਿਸਤਾਨ ਨੇ ਨਿਰਧਾਰਤ ਵੀਹ ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ’ਤੇ 135 ਦੌੜਾਂ ਬਣਾਈਆਂ। ਪਾਕਿਸਤਾਨ ਵਲੋਂ ਸਭ ਤੋਂ ਵੱਧ 31 ਦੌੜਾਂ ਮੁਹੰਮਦ ਹੈਰਿਸ ਨੇ ਬਣਾਈਆਂ। ਇਸ ਤੋਂ ਇਲਾਵਾ ਮੁਹੰਮਦ ਨਵਾਜ਼ ਤੇ ਸਲਮਾਨ ਆਗਾ ਨੇ 19-19 ਦੌੜਾਂ ਬਣਾਈਆਂ। ਬੰਗਲਾਦੇਸ਼ ਦੇ ਤਸਕਿਨ ਅਹਿਮਦ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਹਸਨ ਤੇ ਹੁਸੈਨ ਨੇ 2-2 ਵਿਕਟਾਂ ਹਾਸਲ ਕੀਤੀਆਂ।
ਬੰਗਲਾਦੇਸ਼ ਨੇ 136 ਦੌੜਾਂ ਦਾ ਪਿੱਛਾ ਕਰਦਿਆਂ ਪਹਿਲੀਆਂ ਦੋ ਵਿਕਟਾਂ ਜਲਦੀ ਗੁਆ ਦਿੱਤੀਆਂ। ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ੀ ਪਰਵੇਜ਼ ਹੁਸੈਨ ਬਿਨਾਂ ਖਾਤਾ ਖੋਲ੍ਹਿਆਂ ਹੀ ਪੈਵੇਲੀਅਨ ਪਰਤ ਗਏ। ਉਸ ਨੂੰ ਸ਼ਾਹੀਨ ਅਫਰੀਦੀ ਦੀ ਗੇਂਦ ’ਤੇ ਕੈਚ ਆਊਟ ਕੀਤਾ। ਉਸ ਨੇ ਗੇਂਦਾਂ ਵਿਚ ਦੌੜਾਂ ਬਣਾਈਆਂ। ਇਸ ਤੋਂ ਬਾਅਦ ਤੌਵੀਦ ਹਿਰਦੌਏ ਵੀ ਪੰਜ ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਸ਼ਾਹੀਨ ਅਫਰੀਦੀ ਦੀ ਗੇਂਦ ’ਤੇ ਸਈਮ ਅਯੂਬ ਨੇ ਕੈਚ ਆਊਟ ਕੀਤਾ। ਇਸ ਤੋਂ ਬਾਅਦ ਬੰਗਲਾਦੇਸ਼ ਦਾ ਸਲਾਮੀ ਬੱਲੇਬਾਜ਼ ਸੈਫ ਹਸਨ 15 ਗੇਂਦਾਂ ਵਿਚ 18 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਹੈਰਿਸ ਰਾਊਫ ਦੀ ਗੇਂਦ ’ਤੇ ਸਈਮ ਅਯੂਬ ਨੇ ਕੈਚ ਆਊਟ ਕੀਤਾ। ਇਸ ਤੋਂ ਬਾਅਦ ਐਮ ਹਸਨ 11 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀ ਆਊਟ ਹੁੰਦੇ ਗਏ ਤੇ ਵੀਹ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 124 ਦੌੜਾਂ ਹੀ ਬਣਾ ਸਕੇ।
ਇਸ ਤੋਂ ਪਹਿਲਾਂ ਅੱਜ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਪਰ ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਤੇ ਪਾਕਿਸਤਾਨ ਦੀਆਂ ਵਿਕਟਾਂ ਜਲਦੀ ਜਲਦੀ ਡਿੱਗਦੀਆਂ ਗਈਆਂ।
ਪਾਕਿਸਤਾਨ ਦੀ ਪਹਿਲੀ ਵਿਕਟ ਪਹਿਲੇ ਓਵਰ ਵਿਚ ਹੀ ਸਾਹਿਬਜ਼ਾਦਾ ਫਰਹਾਨ ਵਜੋਂ ਡਿੱਗੀ। ਉਸ ਨੇ ਚਾਰ ਗੇਂਦਾਂ ਵਿਚ ਚਾਰ ਦੌੜਾਂ ਬਣਾਈਆਂ।
ਪਾਕਿਸਤਾਨ ਦੀ ਦੂਜੀ ਵਿਕਟ ਸਈਮ ਅਯੂਬ ਵਜੋਂ ਡਿੱਗੀ, ਉਹ ਕੋਈ ਦੌੜ ਨਹੀਂ ਬਣਾ ਸਕਿਆ। ਇਸ ਤੋਂ ਬਾਅਦ ਫਖਰ ਜ਼ਮਾਨ ਵੀ ਆਊਟ ਹੋ ਗਿਆ। ਇਸ ਤੋਂ ਬਾਅਦ ਚੌਥੀ ਵਿਕਟ ਹੁਸੈਨ ਤਲਤ ਦੀ ਡਿੱਗੀ। ਇਸ ਤੋਂ ਬਾਅਦ ਸਿਰਫ ਮੁਹੰਮਦ ਹੈਰਿਸ ਹੀ ਟਿਕ ਕੇ ਖੇਡਿਆ ਤੇ ਬਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।