ਏਸ਼ੀਆ ਕੱਪ: ਪਾਕਿਸਤਾਨ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ
Asia Cup:
ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਅੱਜ ਪਾਕਿਸਤਾਨ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 133 ਦੌੜਾਂ ਬਣਾਈਆਂ ਜਦਕਿ ਪਾਕਿਸਤਾਨ ਨੇ ਜੇਤੂ ਟੀਚਾ 18 ਓਵਰਾਂ ਵਿਚ ਪੂਰਾ ਕਰ ਲਿਆ। ਪਾਕਿਸਤਾਨ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 138 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਾਕਿਸਤਾਨ ਵਲੋਂ ਹੁਸੈਨ ਤਲਤ ਤੇ ਮੁਹੰਮਦ ਨਵਾਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਦਿਵਾਈ। ਪਾਕਿਸਤਾਨ ਦੀ ਸ਼ੁਰੂਆਤ ਵਧੀਆ ਰਹੀ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੇ ਚਾਰ ਓਵਰਾਂ ਵਿਚ ਤੇਜ਼ ਗਤੀ ਨਾਲ ਦੌੜਾਂ ਬਣਾਈਆਂ ਪਰ ਜਦੋਂ ਪਾਕਿਸਤਾਨ ਦੀਆਂ 45 ਦੌੜਾਂ ਬਣੀਆਂ ਸਨ ਤਾਂ ਸਾਹਿਬਜ਼ਾਦਾ ਫਰਹਾਨ ਆਊਟ ਹੋ ਗਿਆ। ਉਸ ਨੇ 15 ਗੇਂਦਾਂ ਵਿਚ 24 ਦੌੜਾਂ ਬਣਾਈਆਂ। ਇਸ ਤੋਂ ਇਕ ਦੌੜ ਬਾਅਦ ਫਖਰ ਜ਼ਮਾਨ ਵੀ ਆਊਟ ਹੋ ਗਿਆ। ਉਸ ਨੇ 19 ਗੇਂਦਾਂ ਵਿਚ 17 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸਈਮ ਅਯੂਬ ਦੋ ਦੌੜਾਂ ਤੇ ਸਲਮਾਨ ਆਗਾ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ।
ਅੱਜ ਦੇ ਮੈਚ ਵਿਚ ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਵਧੀਆ ਖੇਡ ਦਿਖਾਈ ਤੇ ਸ੍ਰੀਲੰਕਾ ਨੂੰ ਖੁੱਲ੍ਹ ਕੇ ਨਾ ਖੇਡਣ ਦਿੱਤਾ। ਪਾਕਿਸਤਾਨ ਵਲੋਂ ਸ਼ਾਹੀਨ ਅਫਰੀਦੀ ਨੇ ਵਧੀਆ ਗੇਂਦਬਾਜ਼ੀ ਕੀਤੀ ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਹੈਰਿਸ ਰਾਊਫ ਤੇ ਹੁਸੈਨ ਤਲਤ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਪਾਕਿਸਤਾਨ ਖ਼ਿਲਾਫ਼ ਖੇਡੇ ਜਾ ਰਹੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਅੱਜ ਸ੍ਰੀਲੰਕਾ ਨੂੰ ਪਹਿਲਾ ਝਟਕਾ ਕੁਸਾਲ ਮੈਂਡਿਸ ਵਜੋਂ ਲੱਗਿਆ, ਉਹ ਕੋਈ ਵੀ ਦੌੜ ਨਾ ਬਣਾ ਸਕਿਆ। ਇਸ ਤੋਂ ਬਾਅਦ ਪਥੁਮ ਨਿਸ਼ਾਂਕਾ ਅੱਠ ਦੌੜਾਂ ਬਣਾ ਕੇ ਆਊਟ ਹੋਇਆ ਤੇ ਇਸ ਤੋਂ ਬਾਅਦ ਕੁਸਾਲ ਪਰੇਰਾ ਦੀ ਵਿਕਟ ਡਿੱਗੀ। ਉਸ ਨੇ 12 ਗੇਂਦਾਂ ਵਿਚ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਸਾਲੰਕਾ, ਸ਼ਨਾਕਾ ਤੇ ਹਸਾਰੰਗਾ ਤੇ ਕਮਿੰਦੂ ਮੈਂਡਿਸ ਦੀਆਂ ਵਿਕਟਾਂ ਡਿੱਗੀਆਂ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨੇ ਇੱਥੇ ਏਸ਼ੀਆ ਕੱਪ ਦੇ ਆਪਣੇ ਸੁਪਰ ਚਾਰ ਮੈਚ ਵਿੱਚ ਸ੍ਰੀਲੰਕਾ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ੍ਰੀਲੰਕਾ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ ਹਨ। ਉਨ੍ਹਾਂ ਮਹੇਸ਼ ਥੀਕਸ਼ਾਨਾ ਅਤੇ ਚਮਿਕਾ ਕਰੁਣਾਰਤਨੇ ਨੂੰ ਦੁਨਿਥ ਵੇਲਾਲੇਜ ਅਤੇ ਕਾਮਿਲ ਮਿਸ਼ਰਾ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਹੈ ਜਦਕਿ ਪਾਕਿਸਤਾਨ ਨੇ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ।
ਟੀਮਾਂ:
ਸ੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਕੁਸਾਲ ਪਰੇਰਾ, ਚਰਿਥ ਅਸਾਲੰਕਾ (ਕਪਤਾਨ), ਦਾਸੁਨ ਸ਼ਨਾਕਾ, ਕਮਿੰਦੂ ਮੈਂਡਿਸ, ਚਮਿਕਾ ਕਰੁਣਾਰਤਨੇ, ਵਾਨਿੰਦੂ ਹਸਾਰੰਗਾ, ਮਹੇਸ਼ ਥੀਕਸ਼ਾਨਾ, ਦੁਸ਼ਮੰਥਾ ਚਮੀਰਾ, ਨੁਵਾਨ ਥੁਸ਼ਾਰਾ।
ਪਾਕਿਸਤਾਨ: ਸਈਮ ਅਯੂਬ, ਸਾਹਿਬਜ਼ਾਦਾ ਫਰਹਾਨ, ਫਖਰ ਜ਼ਮਾਨ, ਸਲਮਾਨ ਆਗਾ (ਕਪਤਾਨ), ਹੁਸੈਨ ਤਲਤ, ਮੁਹੰਮਦ ਹੈਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸ਼ਾਹੀਨ ਅਫਰੀਦੀ, ਹਰੀਸ ਰਾਊਫ, ਅਬਰਾਰ ਅਹਿਮਦ। ਪੀ.ਟੀ.ਆਈ