ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਅੱਜ

ਸਪਿੰਨਰਾਂ ’ਤੇ ਰਹੇਗੀ ਨਜ਼ਰ; ਸੁਪਰ-4 ਗੇਡ਼ ਵਿੱਚ ਇੱਕ-ਇੱਕ ਮੈਚ ਜਿੱਤ ਚੁੱਕੀਆਂ ਨੇ ਦੋਵੇਂ ਟੀਮਾਂ
Advertisement

ਪਾਕਿਸਤਾਨ ਨੂੰ ਤਣਾਅਪੂਰਨ ਮੈਚ ਵਿੱਚ ਹਰਾਉਣ ਤੋਂ ਬਾਅਦ ਭਾਰਤੀ ਟੀਮ ਏਸ਼ੀਆ ਕੱਪ ਟੀ-20 ਕ੍ਰਿਕਟ ਦੇ ਸੁਪਰ-4 ਗੇੜ ਦੇ ਆਪਣੇ ਅਗਲੇ ਮੈਚ ਵਿੱਚ ਬੁੱਧਵਾਰ ਨੂੰ ਜਦੋਂ ਬੰਗਲਾਦੇਸ਼ ਨਾਲ ਭਿੜੇਗੀ ਤਾਂ ਦੋਵਾਂ ਟੀਮਾਂ ਦੇ ਸਪਿੰਨਰਾਂ ’ਤੇ ਨਜ਼ਰ ਰਹੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ। ਅੰਕੜਿਆਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਹ ਮੁਕਾਬਲਾ ਇੱਕਪਾਸੜ ਰਹਿਣ ਦੀ ਉਮੀਦ ਹੈ। ਦੋਵਾਂ ਟੀਮਾਂ ਵਿਚਾਲੇ ਹੋਏ 17 ਟੀ-20 ਮੈਚਾਂ ’ਚੋਂ ਬੰਗਲਾਦੇਸ਼ ਸਿਰਫ਼ ਇੱਕ ਹੀ ਜਿੱਤ ਸਕਿਆ ਹੈ। ਟੂਰਨਾਮੈਂਟ ਦੇ ਸੁਪਰ-4 ਗੇੜ ਵਿੱਚ ਦੋਵੇਂ ਟੀਮਾਂ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ।

ਸ਼ੇਖ ਹਸੀਨਾ ਸਰਕਾਰ ਦੇ ਡਿੱਗਣ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਦੇ ਕੂਟਨੀਤਕ ਸਬੰਧਾਂ ਵਿਚਾਲੇ ਵੀ ਤਣਾਅ ਚੱਲ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਇਸ ਸਾਲ ਅਗਸਤ ਵਿੱਚ ਬੰਗਲਾਦੇਸ਼ ’ਚ ਹੋਣ ਵਾਲੀ ਸਫੇਦ ਗੇਂਦ ਦੀ ਲੜੀ ਵੀ 2026 ਤੱਕ ਮੁਲਤਵੀ ਕਰ ਦਿੱਤੀ ਹੈ। ਬੀ ਸੀ ਸੀ ਆਈ ਦਾ ਕਹਿਣਾ ਹੈ ਕਿ ਭਾਰਤੀ ਟੀਮ ਬੰਗਲਾਦੇਸ਼ ਵਿੱਚ ਉਦੋਂ ਹੀ ਮੈਚ ਖੇਡੇਗੀ, ਜਦੋਂ ਉੱਥੇ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਸਰਕਾਰ ਸੱਤਾ ਵਿੱਚ ਹੋਵੇ। ਕਾਗਜ਼ਾਂ ’ਤੇ ਲਿਟਨ ਦਾਸ ਦੀ ਅਗਵਾਈ ਹੇਠਲੀ ਬੰਗਲਾਦੇਸ਼ੀ ਟੀਮ ਭਾਰਤ ਦੇ ਸਾਹਮਣੇ ਕਿਤੇ ਨਹੀਂ ਟਿਕਦੀ ਅਤੇ ਦੂਜੇ ਪਾਸੇ ਸੂਰਿਆਕੁਮਾਰ ਯਾਦਵ ਦੀ ਟੀਮ ਖਿਤਾਬ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ। ਹਾਲਾਂਕਿ ਟੀ-20 ਫਾਰਮੈਟ ਵਿੱਚ ਕੁਝ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅਤੇ ਬੰਗਲਾਦੇਸ਼ ਦੇ ਸਪਿੰਨਰ ਬਿਹਤਰ ਪ੍ਰਦਰਸ਼ਨ ਕਰਕੇ ਮੈਚ ਦਾ ਪਾਸਾ ਪਲਟ ਸਕਦੇ ਹਨ। ਬੱਲੇਬਾਜ਼ੀ ਵਿੱਚ ਬੰਗਲਾਦੇਸ਼ ਦਾ ਭਾਰਤ ਨਾਲ ਕੋਈ ਮੁਕਾਬਲਾ ਨਹੀਂ ਹੈ।

Advertisement

ਭਾਰਤ ਦਾ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਸ਼ਾਨਦਾਰ ਲੈਅ ਵਿੱਚ ਹੈ ਅਤੇ 210 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਿਹਾ ਹੈ। ਦੂਜੇ ਪਾਸੇ ਸ਼ੁਭਮਨ ਗਿੱਲ ਦਾ ਪਾਕਿਸਤਾਨ ਖਿਲਾਫ ਮੈਚ ਤੋਂ ਬਾਅਦ ਸਟ੍ਰਾਈਕ ਰੇਟ 158 ਦੇ ਕਰੀਬ ਹੈ। ਬੰਗਲਾਦੇਸ਼ ਚਾਹੇਗਾ ਕਿ ਭਾਰਤ ਪਹਿਲਾਂ ਬੱਲੇਬਾਜ਼ੀ ਕਰੇ ਅਤੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਦੇ ਨਾਲ ਉਸ ਦੇ ਸਪਿਨਰ ਰਿਸ਼ਾਦ ਹੁਸੈਨ ਅਤੇ ਆਫ ਸਪਿੰਨਰ ਮਹਿਦੀ ਹਸਨ ਜਲਦੀ ਵਿਕਟਾਂ ਲੈਣ। ਜੇ ਬੰਗਲਾਦੇਸ਼ ਭਾਰਤ ਨੂੰ 150-160 ਦੌੜਾਂ ’ਤੇ ਰੋਕ ਲੈਂਦਾ ਹੈ, ਤਾਂ ਹੀ ਉਸ ਲਈ ਕੋਈ ਉਮੀਦ ਬਣੇਗੀ। ਭਾਰਤ ਲਈ ਮਾਮੂਲੀ ਚਿੰਤਾ ਦਾ ਵਿਸ਼ਾ ਤਿਲਕ ਵਰਮਾ ਦਾ ਸਪਿੰਨਰਾਂ ਨੂੰ ਚੰਗੀ ਤਰ੍ਹਾਂ ਨਾ ਖੇਡ ਸਕਣਾ ਹੈ। ਤਿਲਕ ਅਤੇ ਸੰਜੂ ਸੈਮਸਨ ਦੋਵੇਂ ਚੌਥੇ ਜਾਂ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਦੇ ਹਨ ਅਤੇ ਇਸ ਸਥਿਤੀ ’ਚ ਸਪਿਨਰਾਂ ਨੂੰ ਚੰਗੀ ਤਰ੍ਹਾਂ ਖੇਡਣਾ ਬਹੁਤ ਜ਼ਰੂਰੀ ਹੈ।

Advertisement
Show comments