ਏਸ਼ੀਆ ਕੱਪ: ਭਾਰਤ ਵੱਲੋਂ ਨਕਵੀ ਹੱਥੋੋਂ ਟਰਾਫੀ ਲੈਣ ਤੋਂ ਇਨਕਾਰ
ਏਸ਼ਿਆਈ ਕ੍ਰਿਕਟ ਕੌਂਸਲ (ਏ ਸੀ ਸੀ) ਦੇ ਚੇਅਰਮੈਨ ਮੋਹਸਿਨ ਨਕਵੀ, ਜੋ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ, ਨੇ ਭਾਰਤੀ ਟੀਮ ਵੱਲੋਂ ਉਨ੍ਹਾਂ ਕੋਲੋਂ ਟਰਾਫ਼ੀ ਲੈਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਭਾਰਤੀ ਟੀਮ ਨੂੰ ਏਸ਼ੀਆ ਕੱਪ ਟਰਾਫੀ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਮੈਚ ਮਗਰੋਂ ਪੁਰਸਕਾਰ ਵੰਡ ਸਮਾਗਮ ਦੌਰਾਨ ਪਾਕਿਸਤਾਨੀ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣ ਮਗਰੋਂ ਨਕਵੀ ਜਿਵੇਂ ਹੀ ਪੋਡੀਅਮ ਤੋਂ ਹੇਠਾਂ ਉੱਤਰੇ ਤਾਂ ਏ ਸੀ ਸੀ ਈਵੈਂਟ ਸਟਾਫ ਟਰਾਫੀ ਨਾਲ ਲੈ ਕੇ ਚਲਾ ਗਿਆ।
ਭਾਰਤ ਵੱਲੋਂ ਐਤਵਾਰ ਰਾਤੀਂ ਖੇਡੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਉਣ ਮਗਰੋਂ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਕਰੀਬ ਡੇਢ ਘੰਟੇ ਤੱਕ ਡਰਾਮਾ ਚੱਲਦਾ ਰਿਹਾ। ਮੈਚ ਜਿੱਤਣ ਮਗਰੋਂ ਭਾਰਤੀ ਖਿਡਾਰੀ ਜਲਦੀ ਹੀ ਮੈਦਾਨ ’ਤੇ ਉਤਰ ਆਏ। ਭਾਰਤੀ ਟੀਮ ਜਿੱਥੇ ਇਕੱਠੀ ਹੋਈ ਸੀ, ਉਸ ਤੋਂ ਠੀਕ 20-25 ਗਜ਼ ਦੀ ਦੂਰੀ ’ਤੇ ਏ ਸੀ ਸੀ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਆਪਣੀ ਟੀਮ ਨਾਲ ਖੜ੍ਹੇ ਸਨ। ਪਤਾ ਲੱਗਾ ਹੈ ਕਿ ਬੀ ਸੀ ਸੀ ਆਈ ਨੇ ਆਪਣੇ ਏ ਸੀ ਸੀ ਪੁਆਇੰਟ-ਪਰਸਨ ਨੂੰ ਸੂਚਿਤ ਕੀਤਾ ਸੀ ਕਿ ਟੀਮ ਨਕਵੀ ਤੋਂ ਟਰਾਫ਼ੀ ਨਹੀਂ ਲਏਗੀ, ਕਿਉਂਕਿ ਨਕਵੀ ਦਾ ਭਾਰਤ ਵਿਰੋਧੀ ਰੁਖ਼ ਕਿਸੇ ਤੋਂ ਲੁਕਿਆ ਨਹੀਂ ਹੈ।
ਇਕ ਘੰਟੇ ਦੀ ਦੇਰ ਨਾਲ ਸ਼ੁਰੂ ਹੋਏ ਪੁਰਸਕਾਰ ਵੰਡ ਸਮਾਗਮ ਲਈ ਮੈਦਾਨ ’ਤੇ ਕੋਈ ਵੀ ਪਾਕਿਸਤਾਨੀ ਖਿਡਾਰੀ ਮੌਜੂਦ ਨਹੀਂ ਸੀ। ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਟੀਮ ਨਕਵੀ ਤੋਂ ਇਲਾਵਾ ਪੋਡੀਅਮ ’ਤੇ ਮੌਜੂਦ ਪਤਵੰਤਿਆਂ ’ਚੋਂ ਕਿਸੇ ਹੋਰ ਤੋਂ ਟਰਾਫੀ ਲੈਣ ਲਈ ਤਿਆਰ ਸੀ। ਹਾਲਾਂਕਿ ਬੀ ਸੀ ਸੀ ਆਈ ਦੇ ਸਪਸ਼ਟ ਰੁਖ਼ ਦੇ ਬਾਵਜੂਦ ਭਾਰਤੀ ਖਿਡਾਰੀ ਨਕਵੀ ਦੀ ਮੌਜੂਦਗੀ ਵਿਚ ਪੋਡੀਅਮ ’ਤੇ ਨਹੀਂ ਜਾਣਾ ਚਾਹੁੰਦੇ ਸਨ ਪਰ ਪੀ ਸੀ ਬੀ ਮੁਖੀ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਇਸ ਖਿੱਚੋਤਾਣ ਵਿਚਾਲੇ ਪੋਸਟ ਮੈਚ ਪ੍ਰੈਜ਼ੈਂਟਰ ਸਾਈਮਨ ਡੌਲ ਨੇ ਖਿਡਾਰੀਆਂ ਨੂੰ ਸਿਰਫ਼ ਵਿਅਕਤੀਗਤ ਇਨਾਮ ਦੇਣ ਦਾ ਐਲਾਨ ਕੀਤਾ ਕਿਉਂਕਿ ਇਹ ਟੂਰਨਾਮੈਂਟ ਦੇ ਨਿਵੇਸ਼ਕਾਂ ਤੇ ਹੋਰ ਭਾਈਵਾਲਾਂ ਦੇ ਹਿੱਤਾਂ ਲਈ ਜ਼ਰੂਰੀ ਹੈ। ਇਸ ਮਗਰੋਂ ਡੌਲ ਨੇ ਐਲਾਨ ਕੀਤਾ, ‘ਮੈਨੂੰ ਏਸ਼ਿਆਈ ਕ੍ਰਿਕਟ ਕੌਂਸਲ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਭਾਰਤੀ ਕ੍ਰਿਕਟ ਟੀਮ ਅੱਜ ਰਾਤ ਆਪਣੇ ਪੁਰਸਕਾਰ ਨਹੀਂ ਲਵੇਗੀ। ਇਸ ਲਈ ਮੈਚ ਤੋਂ ਬਾਅਦ ਦੀ ਪੇਸ਼ਕਾਰੀ ਇਥੇ ਸਮਾਪਤ ਹੁੰਦੀ ਹੈ।’ ਨਕਵੀ ਜਿਵੇਂ ਹੀ ਪੋਡੀਅਮ ਤੋਂ ਹੇਠਾ ਉੱਤਰੇ ਤੇ ਐਗਜ਼ਿਟ ਗੇਟ ਵਲ ਵਧੇ ਤਾਂ ਏ ਸੀ ਸੀ ਈਵੈਂਟ ਸਟਾਫ਼ ਟਰਾਫੀ ਨਾਲ ਲੈ ਕੇ ਚਲਾ ਗਿਆ, ਜਿਸ ਨਾਲ ਸਾਰੇ ਹੈਰਾਨ ਰਹਿ ਗਏ।
ਮੇਰੀ ਅਸਲ ਟਰਾਫ਼ੀ ਮੇਰੀ ਟੀਮ: ਸੂਰਿਆਕੁਮਾਰ
ਏ ਸੀ ਸੀ ਦੇ ਚੇਅਰਮੈਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਕੋਲੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਮਗਰੋਂ ਭਾਰਤੀ ਟੀਮ ਨੂੰ ਏਸ਼ੀਆ ਕੱਪ ਦੀ ਟਰਾਫ਼ੀ ਨਾ ਦਿੱਤੇ ਜਾਣ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਜੇਤੂ ਟੀਮ ਨੂੰ ਯਾਦ ਰੱਖਿਆ ਜਾਂਦਾ ਹੈ, ਟਰਾਫੀ ਨੂੰ ਨਹੀਂ। ਸੂਰਿਆਕੁਮਾਰ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਮੈਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਕਿ ਜੇਤੂ ਟੀਮ ਨੂੰ ਟਰਾਫ਼ੀ ਨਾ ਦਿੱਤੀ ਗਈ ਹੋਵੇ। ਪਰ ਮੇਰੇ ਲਈ ਮੇਰੇ ਖਿਡਾਰੀ ਤੇ ਸਹਿਯੋਗੀ ਸਟਾਫ਼ ਹੀ ਅਸਲ ਟਰਾਫੀ ਹਨ।’ ਭਾਰਤੀ ਕਪਤਾਨ ਨੇ ਏਸ਼ੀਆ ਕੱਪ ਤੋਂ ਮਿਲਣ ਵਾਲੀ ਆਪਣੀ ਪੂਰੀ ਮੈਚ ਫੀਸ ਦੇਸ਼ ਦੇ ਹਥਿਆਰਬੰਦ ਜਵਾਨਾਂ ਅਤੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ।
ਭਾਰਤੀ ਟੀਮ ਵੱਲੋਂ ਕ੍ਰਿਕਟ ਦਾ ਅਪਮਾਨ: ਸਲਮਾਨ ਅਲੀ ਆਗਾ
ਦੁਬਈ: ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਏਸ਼ੀਆ ਕੱਪ ਦੌਰਾਨ ਭਾਰਤੀ ਟੀਮ ਦੀ ‘ਹੱਥ ਨਾ ਮਿਲਾਉਣ’ ਦੀ ਨੀਤੀ ਨੂੰ ਖੇਡ ਭਾਵਨਾ ਦੇ ਵਿਰੁੱਧ ਅਤੇ ‘ਅਪਮਾਨਜਨਕ’ ਕਰਾਰ ਦਿੱਤਾ ਹੈ। ਉਸ ਦਾ ਮੰਨਣਾ ਹੈ ਕਿ ਇਹ ਕ੍ਰਿਕਟਰਾਂ ਨੂੰ ਆਪਣੇ ਰੋਲ ਮਾਡਲ ਮੰਨਣ ਵਾਲੇ ਨੌਜਵਾਨ ਪ੍ਰਸ਼ੰਸਕਾਂ ਲਈ ਇੱਕ ਚੰਗੀ ਮਿਸਾਲ ਨਹੀਂ ਹੈ। ਫਾਈਨਲ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਪਾਕਿਸਤਾਨੀ ਕਪਤਾਨ ਨੇ ਕਿਹਾ, ‘ਭਾਰਤ ਨੇ ਇਸ ਟੂਰਨਾਮੈਂਟ ਵਿੱਚ ਜੋ ਕੀਤਾ ਹੈ, ਉਹ ਬਹੁਤ ਨਿਰਾਸ਼ਾਜਨਕ ਹੈ। ਉਹ ਹੱਥ ਨਾ ਮਿਲਾ ਕੇ ਸਾਡਾ ਨਹੀਂ, ਬਲਕਿ ਕ੍ਰਿਕਟ ਦਾ ਅਪਮਾਨ ਕਰ ਰਹੇ ਹਨ।’ ਸਲਮਾਨ ਆਗਾ ਨੇ ਐਲਾਨ ਕੀਤਾ ਕਿ ਪੂਰੀ ਪਾਕਿਸਤਾਨੀ ਟੀਮ ਦੀ ਮੈਚ ਫੀਸ ‘ਅਪਰੇਸ਼ਨ ਸਿੰਧੂਰ’ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਦਾਨ ਕੀਤੀ ਜਾਵੇਗੀ। -ਪੀਟੀਆਈ
ਬੀ ਸੀ ਸੀ ਆਈ ਵੱਲੋਂ ਭਾਰਤੀ ਟੀਮ ਲਈ 21 ਕਰੋੜ ਦੇ ਪੁਰਸਕਾਰ ਦਾ ਐਲਾਨ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਤੇ ਸਹਿਯੋਗੀ ਸਟਾਫ਼ ਨੂੰ 21 ਕਰੋੜ ਰੁਪਏ ਦਾ ਪੁਰਸਕਾਰ ਦੇਵੇਗਾ। ਬੋਰਡ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿਸ ਨੂੰ ਕਿੰਨੀ ਪੁਰਸਕਾਰ ਰਾਸ਼ੀ ਮਿਲੇਗੀ। ਬੀ ਸੀ ਸੀ ਆਈ ਨਵੰਬਰ ਵਿੱਚ ਹੋਣ ਵਾਲੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਦੀ ਅਗਲੀ ਮੀਟਿੰਗ ਵਿੱਚ ਏ ਸੀ ਸੀ ਦੇ ਚੇਅਰਪਰਸਨ ਮੋਹਸਿਨ ਨਕਵੀ ਖ਼ਿਲਾਫ਼ ‘ਸਖ਼ਤ ਵਿਰੋਧ’ ਦਰਜ ਕਰਵਾਏਗਾ। -ਪੀਟੀਆਈ