ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Asia Cup: 41 ਸਾਲਾਂ ਬਾਅਦ ਅੱਜ ਖਿਤਾਬੀ ਮੁਕਾਬਲੇ ’ਚ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ

ਫਾਈਨਲ ਲਈ 28000 ਸੀਟਾਂ ਵਾਲਾ ਸਟੇਡੀਅਮ ਹਾੳੂਸਫੁਲ ਰਹੇਗਾ; ਅਭਿਸ਼ੇਕ ਸ਼ਰਮਾ ਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ’ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ; ਪੀਸੀਬੀ ਮੁਖੀ ਅਤੇ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਸਟੇਡੀਅਮ ’ਚ ਰਹਿਣਗੇ ਮੌਜੂਦ
ਫਾਈਲ ਫੋਟੋ।
Advertisement

Asia Cup Final India vs Pakistan ‘ਅਪਰੇਸ਼ਨ ਸਿੰਧੂਰ’ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਦੋਵੇਂ ਗੁਆਂਢੀ ਮੁਲਕਾਂ ਦੀਆਂ ਟੀਮਾਂ ਅੱਜ ਟੀ20 ਕ੍ਰਿਕਟ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ਵਿਚ 41 ਸਾਲਾਂ ਬਾਅਦ ਆਹਮੋ ਸਾਹਮਣੇ ਹੋਣਗੀਆਂ। ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਖਿਤਾਬੀ ਮੁਕਾਬਲੇ ਲਈ ਟਿਕਟਾਂ ਪੂਰੀ ਤਰ੍ਹਾਂ ਵਿਕ ਗਈਆਂ ਹਨ। ਪ੍ਰਬੰਧਕਾਂ ਨੇ ਜੀਓ ਨਿਊਜ਼ ਨੂੰ ਦੱਸਿਆ ਕਿ 28,000 ਸੀਟਾਂ ਵਾਲਾ ਸਟੇਡੀਅਮ ਹਾਈ-ਵੋਲਟੇਜ ਟਕਰਾਅ ਲਈ ਹਰ ਜਗ੍ਹਾ ਪ੍ਰਸ਼ੰਸਕਾਂ ਨਾਲ ਭਰਿਆ ਹੋਵੇਗਾ।

ਟੂਰਨਾਮੈਂਟ ਵਿੱਚ ਆਪਣੇ ਪਿਛਲੇ ਮੁਕਾਬਲਿਆਂ ਵਿੱਚ ਦੋਵਾਂ ਰਵਾਇਤੀ ਵਿਰੋਧੀਆਂ ਨੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਗਰੁੱਪ ਗੇੜ ਦੇ 14 ਸਤੰਬਰ ਨੂੰ ਖੇਡੇ ਮੈਚ ਲਈ 20,000 ਦਰਸ਼ਕਾਂ ਨਾਲ ਸਟੇਡੀਅਮ ਭਰਿਆ ਹੋਇਆ ਸੀ ਅਤੇ 21 ਸਤੰਬਰ ਨੂੰ ਸੁਪਰ ਫੋਰ ਮੌਕੇ ਸਟੇਡੀਅਮ ਵਿਚ 17,000 ਦਰਸ਼ਕ ਮੌਜੂਦ ਸਨ।

Advertisement

ਖਿਤਾਬੀ ਮੁਕਾਬਲੇ ਵਿਚ ਭਾਰਤੀ ਫੈਨਜ਼ ਦੀਆਂ ਨਜ਼ਰਾਂ ਅਭਿਸ਼ੇਕ ਸ਼ਰਮਾ ਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ’ਤੇ ਰਹਿਣਗੀਆਂ, ਜੋ ਇਸ ਵੇਲੇ ਸ਼ਾਨਦਾਰ ਲੈਅ ਵਿਚ ਹਨ ਤੇ ਮੈਚ ਦਾ ਰੁਖ਼ ਬਦਲਣ ਦੇ ਸਮਰੱਥ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵੀ ਟੀਮ ’ਚ ਵਾਪਸੀ ਹੋਵੇਗੀ, ਜਿਸ ਨੂੰ ਸ੍ਰੀਲੰਕਾ ਖਿਲਾਫ਼ ਮੈਚ ਲਈ ਰੈਸਟ ਦਿੱਤਾ ਗਿਆ ਸੀ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ’ਤੇ ਵੀ ਨਜ਼ਰ ਰਹੇਗੀ, ਜਿਸ ਦਾ ਸ੍ਰੀਲੰਕਾ ਖਿਲਾਫ਼ ਸੁਪਰ ਓਵਰ ਵਿਚ ਮਿਲੀ ਜਿੱਤ ਦਾ ਅਹਿਮ ਯੋਗਦਾਨ ਸੀ।

ਉਧਰ ਪਾਕਿਸਤਾਨੀ ਟੀਮ ਨੇ ਵੀ ਟੂਰਨਾਮੈਂਟ ਵਿਚ ਭਾਰਤ ਖਿਲਾਫ਼ ਆਪਣੇ ਪਹਿਲੇ ਮੈਚ ਮਗਰੋਂ ਖੇਡ ’ਚ ਲਗਾਤਾਰ ਸੁਧਾਰ ਕੀਤਾ ਹੈ। ਟੀਮ ਦੇ ਬੱਲੇਬਾਜ਼ ਸਾਹਿਬਜ਼ਾਦਾ ਫ਼ਰਹਾਨ, ਫ਼ਖ਼ਰ ਜ਼ਮਾਨ, ਸ਼ਾਹੀਨਸ਼ਾਹ ਅਫਰੀਦੀ ਆਦਿ ਚੰਗੀ ਫਾਰਮ ਵਿਚ ਹਨ। ਲਿਹਾਜ਼ਾ ਅੱਜ ਦਾ ਮੁਕਾਬਲਾ ਬੇਹੱਦ ਰੋਮਾਂਚਕ ਰਹਿਣ ਦੇ ਪੂਰੇ ਆਸਾਰ ਹਨ।

ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਅੱਜ ਰਾਤੀਂ 8 ਵਜੇ (ਭਾਰਤੀ ਸਮੇਂ ਮੁਤਾਬਕ) ਖੇਡਿਆ ਜਾਵੇਗਾ। ਉਂਝ ਦੋਵੇਂ ਟੀਮਾਂ ਟੂਰਨਾਮੈਂਟ ਦੌਰਾਨ ਪਹਿਲਾਂ ਦੋ ਵਾਰ ਗਰੁੱਪ ਤੇ ਸੁਪਰ-4 ਗੇੜ ’ਚ ਭਿੜ ਚੁੱਕੀਆਂ ਹਨ, ਜਿੱਥੇ ਦੋਵੇਂ ਵਾਰ ਪਾਕਿਸਤਾਨੀ ਟੀਮ ਨੂੰ ਭਾਰਤ ਕੋਲੋਂ ਮੂੰਹ ਦੀ ਖਾਣੀ ਪਈ ਸੀ।

ਟੂਰਨਾਮੈਂਟ ਵਿੱਚ ਹੁਣ ਤੱਕ ਅਜੇਤੂ ਰਹੀ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਪਾਕਿਸਤਾਨ ’ਤੇ ਤੀਜੀ ਅਤੇ ਖਿਤਾਬੀ ਜਿੱਤ ਹਾਸਲ ਕਰਨ ਉੱਤੇ ਹੋਣਗੀਆਂ ਜਦਕਿ ਪਾਕਿਸਤਾਨ ਪਹਿਲੀਆਂ ਦੋ ਹਾਰਾਂ ਨੂੰ ਭੁਲਾ ਕੇ ਖਿਤਾਬੀ ਦਾਅਵੇਦਾਰੀ ਲਈ ਜ਼ੋਰ ਲਾਏਗਾ। ਟੂਰਨਾਮੈਂਟ ਦੌਰਾਨ ਦੋਵਾਂ ਟੀਮਾਂ ਵਿਚਾਲੇ ਪਹਿਲਾਂ ਹੋਏ ਦੋ ਮੈਚਾਂ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਸਾਫ਼ ਨਜ਼ਰ ਆਇਆ ਸੀ।

ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਵੱਲੋਂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ (Handshake row) ਕਰਕੇ ਵੀ ਟੂਰਨਾਮੈਂਟ ਸੁਰਖੀਆਂ ਵਿਚ ਰਿਹਾ। ਏਸ਼ਿਆਈ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ, ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਐਤਵਾਰ ਨੂੰ ਹੋਣ ਵਾਲੇ ਇਸ ਖਿਤਾਬੀ ਮੁਕਾਬਲੇ ਲਈ ਦੁਬਈ ਦੇ ਕੌਮਾਂਤਰੀ ਸਟੇਡੀਅਮ ਵਿਚ ਮੌਜੂਦ ਰਹਿਣਗੇ।

ਅਜਿਹੇ ਵਿਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੈਚ ਮਗਰੋਂ ਇਨਾਮ ਵੰਡ ਸਮਾਗਮ ਦੌਰਾਨ ਭਾਰਤੀ ਟੀਮ ਨਕਵੀ ਦੀ ਮੌਜੂਦਗੀ ਨੂੰ ਲੈ ਕੇ ਕੀ ਰੁਖ਼ ਅਪਣਾਉਂਦੀ ਹੈ। ਭਾਰਤੀ ਕ੍ਰਿਕਟ ਬੋਰਡ (BCCI) ਨੇ ਨਕਵੀ ਬਾਰੇ ਅਜੇ ਤੱਕ ਆਪਣੀ ਅਧਿਕਾਰਤ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਸੁਪਰ-4 ਗੇੜ ਦੇ ਆਪਣੇ ਆਖਰੀ ਮੈਚ ਵਿੱਚ ਸ੍ਰੀਲੰਕਾ ਨੂੰ ਫਸਵੇਂ ਮੁਕਾਬਲੇ ਦੌਰਾਨ ਸੁਪਰ ਓਵਰ ਵਿਚ ਹਰਾਇਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਭਿਸ਼ੇਕ ਸ਼ਰਮਾ ਦੇ ਨੀਮ ਸੈਂਕੜੇ (61 ਦੌੜਾਂ) ਸਦਕਾ 20 ਓਵਰਾਂ ’ਚ 202/5 ਦਾ ਸਕੋਰ ਬਣਾਇਆ ਸੀ ਅਤੇ ਸ੍ਰੀਲੰਕਾ ਨੇ ਭਾਰਤ ਦੀ ਬਰਾਬਰੀ ਕਰਦਿਆਂ ਇੰਨੀਆਂ ਦੌੜਾਂ ਹੀ ਬਣਾਈਆਂ ਸਨ, ਜਿਸ ਮਗਰੋਂ ਮੈਚ ਦਾ ਫ਼ੈਸਲਾ ਸੁਪਰ ਓਵਰ ਵਿੱਚ ਹੋਇਆ।

Advertisement
Tags :
#AsiaCupFinal#CricketRivalry#INDvsPAK#ShaheenAfridi#UnpredictableCricket41 ਸਾਲ ਬਾਅਦ ਫਾਈਨਲ ’ਚ ਟਾਕਰਾAbhishekSharmaAsia Cup 2025 FinalcricketCricketFinalCricketMatchIndia vs pakistanIndiaVsPakistanਅਭਿਸ਼ੇਕ ਸ਼ਰਮਾਅਰਸ਼ਦੀਪ ਸਿੰਘਸ਼ੁਭਮਨ ਗਿੱਲਭਾਰਤ ਬਨਾਮ ਪਾਕਿਸਤਾਨ ਫਾਈਨਲ
Show comments