ਏਸ਼ੀਆ ਕੱਪ: ਭਾਰਤ ਨੇ ਸੁਪਰ ਓਵਰ ਵਿਚ ਸ੍ਰੀਲੰਕਾ ਨੂੰ ਹਰਾਇਆ
India vs Sri Lanka ਭਾਰਤ ਨੇ ਅੱਜ ਇਥੇ ਸੁਪਰ 4 ਗੇੜ ਦੇ ਆਪਣੇ ਆਖਰੀ ਤੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਸੁਪਰ ਓਵਰ ਵਿਚ ਹਰਾ ਦਿੱਤਾ। ਭਾਰਤr ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 202/5 ਦਾ ਸਕੋਰ ਬਣਾਇਆ। ਟੀਚੇ ਦਾ ਪਿਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ ਵੀ ਪਥੁਮ ਨਿਸਾਂਕਾ (107) ਦੀ ਸੈਂਕੜੇ ਵਾਲੀ ਪਾਰੀ ਤੇ ਦੂਜੇ ਵਿਕਟ ਲਈ ਕੁਸਲ ਪਰੇਰਾ (58) ਨਾਲ 127 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿਚ 202/5 ਦਾ ਸਕੋਰ ਬਣਾਇਆ।
ਸੁਪਰ ਓਵਰ ਵਿਚ ਸ੍ਰੀਲੰਕਾ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 2 ਵਿਕਟਾਂ ਦੇ ਨੁਕਸਾਨ ਨਾਲ 2 ਦੌੜਾਂ ਬਣਾਈਆਂ। ਭਾਰਤ ਲਈ ਸੁਪਰ ਓਵਰ ਅਰਸ਼ਦੀਪ ਸਿੰਘ ਨੇ ਕੀਤਾ। ਭਾਰਤ ਨੇ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਕਪਤਾਨ ਸੂਰਿਆਕੁਮਾਰ ਯਾਦਵ ਤੇ ਸ਼ੁਭਮਨ ਗਿੰਲ ਨੂੰ ਉਤਾਰਿਆ। ਸੂਰਿਆਕੁਮਾਰ ਨੇ ਹਸਰੰਗਾ ਦੀ ਪਹਿਲੀ ਗੇਂਦ ’ਤੇ ਤਿੰਨ ਦੌੜਾਂ ਲੈ ਕੇ ਮੈਚ ਭਾਰਤ ਦੀ ਝੋਲੀ ਪਾ ਦਿੱਤਾ। ਅਰਸ਼ਦੀਪ ਸਿੰਘ ਨੂੰ ‘ਗੇਮ ਚੇਂਜਰ ਆਫ਼ ਦਿ ਮੈਚ’ ਜਦੋਂਕਿ ਨਿਸਾਂਕਾ ਨੂੰ ‘ਪਲੇਅਰ ਆਫ਼ ਦਿ ਮੈਚ‘ ਐਲਾਨਿਆ ਗਿਆ।
ਸ੍ਰੀਲੰਕਾ ਲਈ ਨਿਸਾਂਕਾ ਨੇ ਟੂਰਨਾਮੈਂਟ ਦਾ ਪਹਿਲਾ ਸੈਂਕੜਾ ਜੜਿਆ। ਨਿਸਾਂਕਾ ਨੇ 52 ਗੇਂਦਾਂ ਵਿਚ ਟੀ20 ਕ੍ਰਿਕਟ ਵਿਚ ਆਪਣਾ ਪਲੇਠਾ ਸੈਂਕੜਾ ਪੂਰਾ ਕੀਤਾ। ਸੱਜੇ ਹੱਥ ਦੇ ਬੱਲੇਬਾਜ਼ ਨੇ 58 ਗੇਂਦਾਂ ਵਿਚ 7 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 107 ਦੌੜਾਂ ਬਣਾਈਆਂ। ਨਿਸਾਂਕਾ ਤੇ ਕੁਸ਼ਲ ਪਰੇਰਾ ਨੇ ਦੂਜੀ ਵਿਕਟ ਲਈ 127 ਦੌੜਾਂ ਦੀ ਭਾਈਵਾਲੀ ਕੀਤੀ। ਵਰੁਣ ਚੱਕਰਵਰਤੀ ਨੇ ਪਰੇਰਾ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ। ਪਰੇਰਾ ਨੇ 32 ਗੇਂਦਾਂ ਵਿਚ 58 ਦੌੜਾਂ ਬਣਾਈਆਂ।
ਸ੍ਰੀਲੰਕਾ ਨੇ ਕੁਸਲ ਮੈਂਡਿਸ ਦੇ ਰੂਪ ਵਿਚ ਆਪਣੀ ਪਹਿਲੀ ਵਿਕਟ 7 ਦੌੜਾਂ ਦੇ ਟੀਮ ਸਕੋਰ ’ਤੇ ਗੁਆ ਲਈ ਸੀ। ਮੈਂਡਿਸ ਖਾਤਾ ਖੋਲ੍ਹਣ ਵਿਚ ਨਾਕਾਮ ਰਹੇ। ਸ੍ਰੀਲੰਕਾ ਨੇ ਭਾਰਤੀ ਗੇਂਦਬਾਜ਼ਾਂ ਦੀ ਜਮ ਕੇ ਕੁਟਾਈ ਕੀਤੀ। ਹਰਸ਼ਿਤ ਰਾਣਾ ਸਭ ਤੋਂ ਮਹਿੰਗੇ ਸਾਬਤ ਹੋਏ ਜਿਨ੍ਹਾਂ ਚਾਰ ਓਵਰਾਂ ਵਿਚ ਇਕ ਵਿਕਟ ਲੈ ਕੇ 54 ਦੌੜਾਂ ਦਿੱਤੀਆਂ। ਹਰਸ਼ਿਤ ਰਾਣਾ ਨੇ ਹਾਲਾਂਕਿ ਪਾਰੀ ਦਾ ਆਖਰੀ ਓਵਰ ਵੀ ਸੁੱਟਿਆ। ਭਾਰਤ ਲਈ ਹਾਰਦਿਕ ਪੰਡਿਆ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਨੇ ਇਕ ਇਕ ਵਿਕਟ ਲਈ।
ਅਰਸ਼ਦੀਪ ਨੇ ਭਾਰਤ ਲਈ 19ਵਾਂ ਓਵਰ ਸੁੱਟਿਆ, ਜੋ ਬਹੁਤ ਕਿਫਾਇਤੀ ਸਾਬਤ ਹੋਇਆ। ਇਹੀ ਵਜ੍ਹਾ ਹੈ ਕਿ ਕੋਚ ਗੌਤਮ ਗੰਭੀਰ ਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਸੁਪਰ ਓਵਰ ਸੁੱਟਣ ਦੀ ਜ਼ਿੰਮੇਵਾਰੀ ਅਰਸ਼ਦੀਪ ਨੂੰ ਦਿੱਤੀ। ਅਰਸ਼ਦੀਪ ਨੇ ਵੀ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਤੇ ਪੰਜ ਗੇਂਦਾਂ ਵਿਚ ਦੋ ਦੌੜਾਂ ਬਦਲੇ ਦੋ ਵਿਕਟ ਲਏ।
ਇਸ ਤੋਂ ਪਹਿਲਾਂ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਭਾਰਤੀ ਟੀਮ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 202 ਦੌੜਾਂ ਬਣਾਈਆਂ। ਇਹ ਪਹਿਲੀ ਵਾਰ ਹੈ ਜਦੋਂ ਮੌਜੂਦਾ ਏਸ਼ੀਆ ਕੱਪ ਵਿੱਚ ਕਿਸੇ ਟੀਮ ਵੱਲੋਂ 200 ਤੋਂ ਵੱਧ ਦੌੜਾਂ ਦਾ ਸਕੋਰ ਬਣਾਇਆ ਗਿਆ ਹੈ।
ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਦਿਆਂ 31 ਗੇਂਦਾਂ ਵਿਚ 61 ਦੌੜਾਂ ਬਣਾਈਆਂ।
ਤਿਲਕ ਵਰਮਾ ਨੇ 49 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਸੰਜੂ ਸੈਮਸਨ ਨੇ 39 ਦੌੜਾਂ ਬਣਾਈਆਂ ਜਦੋਂਕਿ ਅਕਸ਼ਰ ਪਟੇਲ 21 ਦੌੜਾਂ ਨਾਲ ਨਾਬਾਦ ਰਿਹਾ। ਸ੍ਰੀਲੰਕਾ ਲਈ ਮਹੇਸ਼ ਤਿਕਸ਼ਨਾ, ਦੁਸ਼ਮੰਥਾ ਚਮੀਰਾ, ਵਾਨਿੰਦੂ ਹਸਰੰਗਾ, ਦਾਸੁਨ ਸ਼ਨਾਕਾ ਅਤੇ ਚਰਿਤ ਅਸਾਲੰਕਾ ਨੇ ਇਕ ਇਕ ਵਿਕਟ ਲਈ।
ਦੱਸਣਾ ਬਣਦਾ ਹੈ ਕਿ ਭਾਰਤ ਸੁਪਰ 4 ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਹਰਾ ਕੇ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ ਜਦੋਂਕਿ ਸ੍ਰੀਲੰਕਾ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਖਿਤਾਬੀ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਗਿਆ ਹੈ। ਏਸ਼ੀਆ ਕੱਪ 2025 ਦਾ ਫਾਈਨਲ ਮੁਕਾਬਲਾ 28 ਸਤੰਬਰ (ਐਤਵਾਰ) ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ।
ਏਸ਼ੀਆ ਕੱਪ ਦੇ 41 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਨੇ ਅੱਠ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ ਹੈ ਜਦੋਂਕਿ ਪਾਕਿਸਤਾਨ ਨੇ ਦੋ ਵਾਰ ਇਸ ਟੂਰਨਾਮੈਂਟ ਵਿੱਚ ਖਿਤਾਬੀ ਜਿੱਤ ਹਾਸਿਲ ਕੀਤੀ ਹੈ।