ਏਸ਼ੀਆ ਕੱਪ ਹਾਕੀ: ਚੀਨ ਨੂੰ 7-0 ਨਾਲ ਹਰਾ ਕੇ ਭਾਰਤ ਫਾਈਨਲ ’ਚ
ਭਾਰਤ ਨੇ ਅੱਜ ਇੱਥੇ ਸੁਪਰ-4 ਗੇੜ ਦੇ ਆਖਰੀ ਮੈਚ ਵਿੱਚ ਚੀਨ ਨੂੰ 7-0 ਨਾਲ ਹਰਾ ਕੇ 9ਵੀਂ ਵਾਰ ਏਸ਼ੀਆ ਕੱਪ ਹਾਕੀ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਐਤਵਾਰ ਨੂੰ ਖਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਪੰਜ ਵਾਰ ਦੀ ਚੈਂਪੀਅਨ ਕੋਰੀਆ ਦੀ ਟੀਮ ਨਾਲ ਹੋਵੇਗਾ। ਕੋਰੀਆ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਹੈ। ਭਾਰਤ ਨੇ ਟੂਰਨਾਮੈਂਟ ਵਿੱਚ ਹਾਲੇ ਤੱਕ ਕੋਈ ਮੈਚ ਨਹੀਂ ਹਾਰਿਆ, ਜਦਕਿ ਕੋਰੀਆ ਦੀ ਟੀਮ ਦੋ ਮੈਚ ਹਾਰ ਚੁੱਕੀ ਹੈ। ਭਾਰਤ ਵੱਲੋਂ ਅਭਿਸ਼ੇਕ ਨੇ ਦੋ (46ਵੇਂ ਤੇ 50ਵੇਂ ਮਿੰਟ), ਜਦਕਿ ਸ਼ਿਲਾਨੰਦ ਲਾਕੜਾ (ਚੌਥੇ ਮਿੰਟ), ਦਿਲਪ੍ਰੀਤ ਸਿੰਘ (ਸੱਤਵੇਂ ਮਿੰਟ), ਮਨਦੀਪ ਸਿੰਘ (18ਵੇਂ ਮਿੰਟ), ਰਾਜ ਕੁਮਾਰ ਪਾਲ (37ਵੇਂ ਮਿੰਟ) ਤੇ ਸੁਖਜੀਤ ਸਿੰਘ (39ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਇਸ ਜਿੱਤ ਨਾਲ ਭਾਰਤ ਸੁਪਰ-4 ਗੇੜ ਵਿੱਚ ਸੱਤ ਅੰਕਾਂ ਨਾਲ ਸਿਖਰ ’ਤੇ ਰਹਿ ਕੇ ਫਾਈਨਲ ’ਚ ਪਹੁੰਚਿਆ। ਦੱਖਣੀ ਕੋਰੀਆ ਦੇ ਚਾਰ, ਜਦਕਿ ਚੀਨ ਅਤੇ ਮਲੇਸ਼ੀਆ ਦੇ ਤਿੰਨ-ਤਿੰਨ ਅੰਕ ਹਨ। ਭਾਰਤ ਅਗਲੇ ਸਾਲ ਦੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਸਤੇ ਸਿਰਫ ਇੱਕ ਕਦਮ ਦੂਰ ਹੈ। ਭਾਰਤ ਤੇ ਕੋਰੀਆ ਵਿਚਾਲੇ ਸੁਪਰ-4 ਗੇੜ ਦਾ ਮੈਚ 2-2 ਨਾਲ ਡਰਾਅ ਰਿਹਾ ਸੀ। ਕੋਰੀਆ ਪਿਛਲੀ ਦੋ ਵਾਰ ਦਾ ਚੈਂਪੀਅਨ ਹੈ। ਉਸ ਨੇ 2022 ਵਿੱਚ ਮਲੇਸ਼ੀਆ ਨੂੰ, ਜਦਕਿ 2017 ਵਿੱਚ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤ ਕੋਲ ਚੌਥੀ ਵਾਰ ਏਸ਼ੀਆ ਕੱਪ ਜਿੱਤਣ ਦਾ ਮੌਕਾ ਹੋਵੇਗਾ। ਫਾਈਨਲ ’ਚ ਪਹੁੰਚਣ ਲਈ ਚੀਨ ਨੂੰ ਡਰਾਅ ਜਾਂ ਜਿੱਤ ਦੀ ਜ਼ਰੂਰਤ ਸੀ।