ਏਸ਼ੀਆ ਕੱਪ ਹਾਕੀ: ਭਾਰਤ ਨੇ ਪਲੇਠੇ ਮੁਕਾਬਲੇ ਵਿਚ ਥਾਈਲੈਂਡ ਨੂੰ 11-0 ਨਾਲ ਹਰਾਇਆ
ਉਦਿਤ ਦੁਹਾਨ ਤੇ ਬਿਊਟੀ ਡੁੰਗ ਡੁੰਗ ਵੱਲੋਂ ਕੀਤੇ ਦੋ-ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਪਲੇਠੇ ਮੁਕਾਬਲੇ ਵਿਚ ਥਾਈਲੈਂਡ ਨੂੰ 11-0 ਨਾਲ ਹਰਾਇਆ। ਉਦਿਤਾ ਨੇ 30ਵੇਂ ਤੇ 52ਵੇਂ ਜਦੋਂਕਿ ਡੁੰਗ ਡੁੰਗ ਨੇ 45ਵੇਂ ਤੇ 54ਵੇਂ ਮਿੰਟ ਵਿਚ ਗੋਲ ਕੀਤੇ। ਉਦਿਤਾ ਨੇ ਦੋਵੇਂ ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਭਾਰਤੀ ਟੀਮ ਲਈ ਮੁਮਤਾਜ਼ ਖ਼ਾਨ ਨੇ 7ਵੇਂ, ਸੰਗੀਤਾ ਕੁਮਾਰੀ 10ਵੇਂ, ਨਵਨੀਤ ਕੌਰ 16ਵੇਂ, ਲਾਲੇਰਮਸਿਆਮੀ 18ਵੇਂ, ਟੀ ਸੁਮਨ ਦੇਵੀ 49ਵੇਂ, ਸ਼ਰਮੀਲਾ ਦੇਵੀ 57ਵੇਂ ਤੇ ਆਰ ਦਸਾਓ ਪਿਸਲ ਨੇ 60ਵੇਂ ਮਿੰਟ ਵਿਚ ਗੋਲ ਕੀਤੇ।
ਭਾਰਤ, ਜੋ ਇਸ ਵੇਲੇ ਆਲਮੀ ਦਰਜਾਬੰਦੀ ਵਿਚ 9ਵੇਂ ਸਥਾਨ ’ਤੇ ਹਨ, ਹਾਫ਼ ਟਾਈਮ ਤੱਕ ਪੂਲ ਬੀ ਦੇ ਮੈਚ ਵਿਚ ਥਾਈਲੈਂਡ ਦੀ ਟੀਮ ਖਿਲਾਫ਼ 5-0 ਨਾਲ ਅੱਗੇ ਸੀ। ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ ਹਨ ਅਤੇ ਦੋਵਾਂ ਪੂਲਾਂ ਵਿੱਚੋਂ ਹਰੇਕ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੁਪਰ 4 ਪੜਾਅ ਲਈ ਕੁਆਲੀਫਾਈ ਕਰਨਗੀਆਂ। ਸੁਪਰ 4 ਵਿੱਚ ਚੋਟੀ ਦੀਆਂ ਦੋ ਟੀਮਾਂ 14 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਖੇਡਣਗੀਆਂ। ਭਾਰਤੀ ਟੀਮ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਅਤੇ ਸਟਾਰ ਡਰੈਗ-ਫਲਿੱਕਰ ਦੀਪਿਕਾ ਦੀ ਜ਼ਖ਼ਮੀ ਜੋੜੀ ਤੋਂ ਬਿਨਾਂ ਟੂਰਨਾਮੈਂਟ ਵਿੱਚ ਉਤਰੀ ਹੈ। ਏਸ਼ੀਆ ਕੱਪ ਜੇਤੂ ਟੀਮਾਂ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਹੋਣ ਵਾਲੇ 2026 ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।