ਏਸ਼ੀਆ ਕੱਪ ਹਾਕੀ: ਭਾਰਤ ਨੇ ਮਲੇਸ਼ੀਆ ਨੂੰ 4-1 ਨਾਲ ਹਰਾਇਆ
Asia Cup hockey tournament: India beat Malaysia 4-1
ਭਾਰਤ ਨੇ ਅੱਜ ਇੱਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਦੂਜੇ ਸੁਪਰ 4 ਦੇ ਮੈਚ ਵਿੱਚ ਮਲੇਸ਼ੀਆ ਨੂੰ 4-1 ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਲਈ ਮਨਪ੍ਰੀਤ ਸਿੰਘ , ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ ਅਤੇ ਵਿਵੇਕ ਸਾਗਰ ਪ੍ਰਸਾਦ ਨੇ ਗੋਲ ਕੀਤੇ। ਇਸ ਮੈਚ ਵਿਚ ਭਾਰਤ ਨੇ ਆਪਣੇ ਵਿਰੋਧੀਆਂ ’ਤੇ ਸ਼ੁਰੂ ਤੋਂ ਹੀ ਦਬਾਅ ਬਣਾ ਕੇ ਰੱਖਿਆ। ਭਾਰਤ ਸ਼ਨਿਚਰਵਾਰ ਨੂੰ ਆਪਣੇ ਅੰਤਿਮ ਸੁਪਰ 4 ਮੈਚ ਵਿੱਚ ਚੀਨ ਨਾਲ ਖੇਡੇਗਾ।
ਜ਼ਿਕਰਯੋਗ ਹੈ ਕਿ ਭਾਰਤ ਦਾ ਦੱਖਣੀ ਕੋਰੀਆ ਨਾਲ ਬੀਤੇ ਦਿਨੀਂ ਮੈਚ 2-2 ਨਾਲ ਡਰਾਅ ਰਿਹਾ ਸੀ। ਇਸ ਜਿੱਤ ਨਾਲ ਭਾਰਤ ਦੋ ਮੈਚਾਂ ਵਿੱਚ ਚਾਰ ਅੰਕਾਂ ਨਾਲ ਸੁਪਰ 4 ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। ਭਾਰਤ ਇਸ ਵੇਲੇ ਚੀਨ ਅਤੇ ਮਲੇਸ਼ੀਆ ਤੋਂ ਥੋੜ੍ਹਾ ਅੱਗੇ ਹੈ ਜਿਨ੍ਹਾਂਦੇ ਤਿੰਨ-ਤਿੰਨ ਅੰਕ ਹਨ ਜਦੋਂ ਕਿ ਮੌਜੂਦਾ ਚੈਂਪੀਅਨ ਕੋਰੀਆ ਸਿਰਫ਼ ਇੱਕ ਅੰਕ ਨਾਲ ਆਖਰੀ ਸਥਾਨ ’ਤੇ ਹੈ। ਸ਼ੁੱਕਰਵਾਰ ਨੂੰ ਆਰਾਮ ਦੇ ਦਿਨ ਤੋਂ ਬਾਅਦ ਭਾਰਤ ਸ਼ਨਿਚਰਵਾਰ ਨੂੰ ਆਪਣੇ ਆਖਰੀ ਸੁਪਰ 4 ਮੈਚ ਵਿੱਚ ਚੀਨ ਨਾਲ ਖੇਡੇਗਾ ਜਦੋਂ ਕਿ ਮਲੇਸ਼ੀਆ ਕੋਰੀਆ ਨਾਲ ਖੇਡੇਗਾ। ਭਾਰਤ ਨੂੰ ਐਤਵਾਰ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਚੀਨ ਵਿਰੁੱਧ ਡਰਾਅ ਦੀ ਲੋੜ ਹੈ।
ਭਾਰਤ ਨੇ ਅੱਜ ਦੇ ਮੈਚ ਵਿਚ ਆਪਣੀ ਹਮਲਾਵਰ ਖੇਡ ਜਾਰੀ ਰੱਖੀ ਅਤੇ ਦੂਜੇ ਕੁਆਰਟਰ ਦੇ ਸ਼ੁਰੂਆਤੀ ਮਿੰਟ ਵਿੱਚ ਲਗਾਤਾਰ ਪੰਜ ਪੈਨਲਟੀ ਕਾਰਨਰ ਹਾਸਲ ਕੀਤੇ, ਜਿਨ੍ਹਾਂ ਵਿੱਚੋਂ ਆਖਰੀ ਨੂੰ ਮਨਪ੍ਰੀਤ ਨੇ ਗੋਲ ਵਿੱਚ ਬਦਲਿਆ।
ਪੀ ਟੀ ਆਈ