ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਨੌਵੀਂ ਵਾਰ ਏਸ਼ੀਆ ਕੱਪ ਜਿੱਤਿਆ
Asia Cup Final: India won
ਇੱਥੇ ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤ ਲਿਆ ਹੈ। ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 19.1 ਓਵਰਾਂ ਵਿਚ 146 ਦੌੜਾਂ ਬਣਾ ਕੇ ਆਊਟ ਹੋ ਗਈ ਜਿਸ ਦੇ ਜਵਾਬ ਵਿਚ ਭਾਰਤ ਨੇ 19.4 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਵਲੋਂ ਤਿਲਕ ਵਰਮਾ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 53 ਗੇਂਦਾਂ ਵਿਚ ਨਾਬਾਦ 69 ਦੌੜਾਂ ਬਣਾਈਆਂ ਜਦਕਿ ਸੰਜੂ ਸੈਮਸਨ ਨੇ ਔਖੇ ਵੇਲੇ 21 ਗੇਂਦਾਂ ਵਿਚ 24 ਦੌੜਾਂ ਤੇ ਸ਼ਿਵਮ ਦੂਬੇ ਨੇ 22 ਗੇਂਦਾਂ ਵਿਚ 33 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿੱਤਾ ਸੀ। ਪਾਕਿਸਤਾਨ ਦੀ ਸਾਰੀ ਟੀਮ 19.1 ਓਵਰਾਂ ਵਿਚ 146 ਦੌੜਾਂ ਬਣਾ ਕੇ ਆਊਟ ਹੋ ਗਈ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਸਾਹਿਬਜ਼ਾਦਾ ਫਰਹਾਨ ਤੇ ਫਖਰ ਜ਼ਮਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਈਮ ਅਯੂਬ ਨੇ 14 ਦੌੜਾਂ ਬਣਾਈਆਂ ਪਰ ਬਾਅਦ ਦਾ ਕੋਈ ਵੀ ਖਿਡਾਰੀ ਦੋ ਅੰਕਾਂ ’ਤੇ ਨਾ ਪੁੱਜ ਸਕਿਆ ਤੇ ਪਾਕਿਸਤਾਨ ਦੀ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ। ਭਾਰਤੀ ਸਪਿੰਨਰ ਕੁਲਦੀਪ ਯਾਦਵ ਨੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਤੇ ਵਰੁਣ ਚੱਕਰਵਰਤੀ ਨੇ ਦੋ-ਦੋ ਖਿਡਾਰੀਆਂ ਨੂੰ ਆਊਟ ਕੀਤਾ।
ਪਾਕਿਸਤਾਨ ਦੀਆਂ 147 ਦੌੜਾਂ ਦਾ ਪਿੱਛਾ ਕਰਦਿਆਂ ਭਾਰਤੀ ਪਾਰੀ ਦੀ ਸ਼ੁਰੂਆਤ ਵੀ ਖਰਾਬ ਰਹੀ। ਭਾਰਤ ਦੀ ਪਹਿਲੀ ਵਿਕਟ ਸੱਤ ਦੌੜਾਂ ‘ਤੇ ਡਿੱਗੀ। ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਛੇ ਗੇਂਦਾਂ ਵਿਚ ਪੰਜ ਦੌੜਾਂ ਬਣਾਈਆਂ। ਉਸ ਨੂੰ ਅਸ਼ਰਫ ਦੀ ਗੇਂਦ ’ਤੇ ਹੈਰਿਸ ਨੇ ਕੈਚ ਆਊਟ ਕੀਤਾ। ਇਸ ਤੋਂ ਬਾਅਦ ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਵੀ ਪੰਜ ਗੇਂਦਾਂ ਵਿਚ ਇਕ ਦੌੜ ਬਣਾ ਕੇ ਆਊਟ ਹੋ ਗਿਆ। ਉਸ ਨੂੰ ਸ਼ਾਹੀਨ ਅਫਰੀਦੀ ਦੀ ਗੇਂਦ ’ਤੇ ਸਲਮਾਨ ਆਗੂ ਨੇ ਕੈਚ ਆਊਟ ਕੀਤਾ। ਇਸ ਤੋਂ ਬਾਅਦ ਸ਼ੁਭਮਨ ਗਿੱਲ ਵੀ 12 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਸ਼ਿਵਮ ਦੂੁਬੇ 33 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਸ਼ੁਰੂਆਤੀ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾਈਆਂ। ਪਾਕਿਸਤਾਨ ਦੀ ਪਹਿਲੀ ਵਿਕਟ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਵਜੋਂ ਡਿੱਗੀ। ਉਸ ਨੇ 38 ਗੇਂਦਾਂ ਵਿਚ 57 ਦੌੜਾਂ ਬਣਾਈਆਂ। ਉਸ ਨੂੰ ਵਰੁਣ ਚੱਕਰਵਰਤੀ ਦੀ ਗੇਂਦ ’ਤੇ ਤਿਲਕ ਵਰਮਾ ਨੇ ਕੈਚ ਆਊਟ ਕੀਤਾ। ਪਾਕਿਸਤਾਨ ਦੀ ਦੂਜੀ ਵਿਕਟ ਸਈਮ ਅਯੂਬ ਵਜੋਂ ਡਿੱਗੀ। ਉਸ ਨੂੰ ਕੁਲਦੀਪ ਯਾਦਵ ਦੀ ਗੇਂਦ ’ਤੇ ਜਸਪ੍ਰੀਤ ਬੁਮਰਾਹ ਨੇ ਕੈਚ ਆਊਟ ਕੀਤਾ। ਉਸ ਨੇ 14 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪਾਕਿਸਤਾਨ ਦਾ ਹੈਰਿਸ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਿਆ।ਪਾਕਿਸਤਾਨ ਦਾ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਵੀ ਆਊਟ ਹੋ ਗਿਆ। ਉਸ ਨੇ 35 ਗੇਂਦਾਂ ਵਿਚ 46 ਦੌੜਾਂ ਬਣਾਈਆਂ। ਉਸ ਨੂੰ ਵਰੁਣ ਚੱਕਰਵਰਤੀ ਦੀ ਗੇਂਦ ’ਤੇ ਕੁਲਦੀਪ ਯਾਦਵ ਨੇ ਕੈਚ ਆਊਟ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਖਿਡਾਰੀ ਜਲਦੀ ਜਲਦੀ ਆਊਟ ਹੁੰਦੇ ਗਏ ਤੇ ਸਾਰੀ ਟੀਮ 146 ਦੌੜਾਂ ‘ਤੇ ਆਊਟ ਹੋ ਗਈ।
