ਏਸ਼ੀਆ ਕੱਪ ਫਾਈਨਲ: ਪਾਕਿਸਤਾਨ 146 ਦੌੜਾਂ; ਭਾਰਤ ਦੋ ਵਿਕਟਾਂ ਦੇ ਨੁਕਸਾਨ ਨਾਲ 10 ਦੌੜਾਂ
Asia Cup Final: India win toss, put Pakistan to bat
ਇੱਥੇ ਏਸ਼ੀਆ ਕੱਪ ਦੇ ਫਾਈਨਲ ਮੈਚ ਵਿਚ ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਦੀ ਸਾਰੀ ਟੀਮ 19.1 ਓਵਰਾਂ ਵਿਚ 146 ਦੌੜਾਂ ਬਣਾ ਕੇ ਆਊਟ ਹੋ ਗਈ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਸਾਹਿਬਜ਼ਾਦਾ ਫਰਹਾਨ ਤੇ ਫਖਰ ਜ਼ਮਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਈਮ ਅਯੂਬ ਨੇ 14 ਦੌੜਾਂ ਬਣਾਈਆਂ ਪਰ ਬਾਅਦ ਦਾ ਕੋਈ ਵੀ ਖਿਡਾਰੀ ਦੋ ਅੰਕਾਂ ’ਤੇ ਨਾ ਪੁੱਜ ਸਕਿਆ ਤੇ ਪਾਕਿਸਤਾਨ ਦੀ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ। ਭਾਰਤੀ ਸਪਿੰਨਰ ਕੁਲਦੀਪ ਯਾਦਵ ਨੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਤੇ ਵਰੁਣ ਚੱਕਰਵਰਤੀ ਨੇ ਦੋ-ਦੋ ਖਿਡਾਰੀਆਂ ਨੂੰ ਆਊਟ ਕੀਤਾ।
ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਸ਼ੁਰੂਆਤੀ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾਈਆਂ। ਪਾਕਿਸਤਾਨ ਦੀ ਪਹਿਲੀ ਵਿਕਟ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਵਜੋਂ ਡਿੱਗੀ। ਉਸ ਨੇ 38 ਗੇਂਦਾਂ ਵਿਚ 57 ਦੌੜਾਂ ਬਣਾਈਆਂ। ਉਸ ਨੂੰ ਵਰੁਣ ਚੱਕਰਵਰਤੀ ਦੀ ਗੇਂਦ ’ਤੇ ਤਿਲਕ ਵਰਮਾ ਨੇ ਕੈਚ ਆਊਟ ਕੀਤਾ। ਪਾਕਿਸਤਾਨ ਦੀ ਦੂਜੀ ਵਿਕਟ ਸਈਮ ਅਯੂਬ ਵਜੋਂ ਡਿੱਗੀ। ਉਸ ਨੂੰ ਕੁਲਦੀਪ ਯਾਦਵ ਦੀ ਗੇਂਦ ’ਤੇ ਜਸਪ੍ਰੀਤ ਬੁਮਰਾਹ ਨੇ ਕੈਚ ਆਊਟ ਕੀਤਾ। ਉਸ ਨੇ 14 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪਾਕਿਸਤਾਨ ਦਾ ਹੈਰਿਸ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਿਆ।
ਪਾਕਿਸਤਾਨ ਦਾ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਵੀ ਆਊਟ ਹੋ ਗਿਆ। ਉਸ ਨੇ 35 ਗੇਂਦਾਂ ਵਿਚ 46 ਦੌੜਾਂ ਬਣਾਈਆਂ। ਉਸ ਨੂੰ ਵਰੁਣ ਚੱਕਰਵਰਤੀ ਦੀ ਗੇਂਦ ’ਤੇ ਕੁਲਦੀਪ ਯਾਦਵ ਨੇ ਕੈਚ ਆਊਟ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਖਿਡਾਰੀ ਜਲਦੀ ਜਲਦੀ ਆਊਟ ਹੁੰਦੇ ਗਏ ਤੇ ਸਾਰੀ ਟੀਮ 146 ਦੌੜਾਂ ‘ਤੇ ਆਊਟ ਹੋ ਗਈ।
ਭਾਰਤ ਵਲੋਂ ਹਾਰਦਿਕ ਪਾਂਡਿਆ ਦੀ ਥਾਂ ਰਿੰਕੂ ਸਿੰਘ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ । ਭਾਰਤ ਤੇ ਪਾਕਿਸਤਾਨ ਦੇ ਅੱਜ ਵਾਲੇ ਫਾਈਨਲ ’ਤੇ ਵਿਸ਼ਵ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪੀਸੀਬੀ ਵੱਲੋਂ ਏਸ਼ੀਅਨ ਕ੍ਰਿਕਟ ਕੌਂਸਲ ਨੂੰ ਖਿਤਾਬੀ ਮੁਕਾਬਲੇ ਲਈ ਇੱਕ ਨਿਰਪੱਖ ਪੇਸ਼ਕਾਰ ਰੱਖਣ ਦੀ ਬੇਨਤੀ ਤੋਂ ਬਾਅਦ ਰਵੀ ਸ਼ਾਸਤਰੀ ਅਤੇ ਵਕਾਰ ਯੂਨਿਸ ਨੇ ਭਾਰਤ ਅਤੇ ਪਾਕਿਸਤਾਨ ਦੇ ਕਪਤਾਨਾਂ ਨਾਲ ਵੱਖਰੇ ਵੱਖਰੇ ਤੌਰ 'ਤੇ ਟਾਸ ਮੌਕੇ ਇੰਟਰਵਿਊ ਕੀਤੇ।
ਟੀਮਾਂ:
ਭਾਰਤ: ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ।
ਪਾਕਿਸਤਾਨ: ਫਖਰ ਜ਼ਮਾਨ, ਸਾਹਿਬਜ਼ਾਦਾ ਫਰਹਾਨ, ਸਈਮ ਅਯੂਬ, ਸਲਮਾਨ ਅਲੀ ਆਗਾ (ਕਪਤਾਨ), ਹੁਸੈਨ ਤਲਤ, ਮੁਹੰਮਦ ਹੈਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸ਼ਾਹੀਨ ਸ਼ਾਹ ਅਫਰੀਦੀ, ਹੈਰਿਸ ਰਊਫ, ਅਬਰਾਰ ਅਹਿਮਦ। ਪੀ.ਟੀ.ਆਈ