ਏਸ਼ੀਆ ਕੱਪ: ਭਾਰਤ-ਪਾਕਿ ਮੁਕਾਬਲੇ ਨੂੰ ਲੈ ਕੇ ਭਾਵਨਾਵਾਂ ਤੇ ਜੋਸ਼ ਸਿਖਰ ’ਤੇ
IND vs PAK: ਏਸ਼ੀਆ ਕੱਪ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਹਮੇਸ਼ਾ ਬਲਾਕਬਸਟਰ ਹੁੰਦਾ ਹੈ, ਪਰ ਅੱਜ ਦੇ ਏਸ਼ੀਆ ਕੱਪ ਮੈਚ ਵਿੱਚ ਭਾਵਨਾਵਾਂ ਹੋਰ ਵੀ ਸਿਖਰ ’ਤੇ ਹੋਣਗੀਆਂ। ਇਹ ਮੁਕਾਬਲਾ ਉਨ੍ਹਾਂ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਾਲੇ ਹੈ, ਜਿਨ੍ਹਾਂ ਦਰਮਿਆਨ ਇਸ ਸਾਲ ਮਈ ਵਿੱਚ ਫੌਜੀ ਟਕਰਾਅ ਦੇਖਣ ਨੂੰ ਮਿਲਿਆ ਸੀ। ਮਈ ਦੇ ਟਕਰਾਅ ਤੋਂ ਪਹਿਲਾਂ ਦੁਵੱਲੇ ਕ੍ਰਿਕਟ ਸਬੰਧ ਮੁਅੱਤਲ ਕਰ ਦਿੱਤੇ ਗਏ ਸਨ। ਹੁਣ ਇਹ ਰਵਾਇਤੀ ਵਿਰੋਧੀ ਸਿਰਫ਼ ਬਹੁ-ਟੀਮ ਟੂਰਨਾਮੈਂਟਾਂ ਵਿੱਚ ਇੱਕ ਦੂਜੇ ਖਿਲਾਫ਼ ਖੇਡਦੇ ਹਨ।
ਹਾਲੀਆ ਝੜਪਾਂ ਤੋਂ ਬਾਅਦ ਦੋਵਾਂ ਮੁਲਕਾਂ ਦਰਮਿਆਨ ਸਿਆਸੀ ਸਬੰਧ ਹੋਰ ਵਿਗੜ ਗਏ ਹਨ। ਕਈ ਸਾਬਕਾ ਭਾਰਤੀ ਖਿਡਾਰੀਆਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਮੈਚ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਸੀ। ਹਾਲੀਆ ਟਕਰਾਅ ਮਗਰੋਂ ਦੋਵਾਂ ਟੀਮਾਂ ਦਰਮਿਆਨ ਇਹ ਪਹਿਲਾ ਮੁਕਾਬਲਾ ਹੈ।
ਹਾਲਾਂਕਿ ਬਾਈਕਾਟ ਦਾ ਖ਼ਤਰਾ ਹੁਣ ਟਲ ਗਿਆ ਹੈ, ਪਰ ਫਿਰ ਵੀ ਚੰਗਿਆੜੀਆਂ ਭੜਕ ਸਕਦੀਆਂ ਹਨ ਕਿਉਂਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸਲਮਾਨ ਆਗਾ ਨੇ ਗਰੁੱਪ ਏ ਦੇ ਮੁਕਾਬਲੇ ਵਿੱਚ ਹਮਲਾਵਰ ਰੁਖ਼ ਨੂੰ ਘੱਟ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਭਾਰਤ, ਜੋ ਟੀ20 ਵੰਨਗੀ ਦਾ ਮੌਜੂਦਾ ਵਿਸ਼ਵ ਚੈਂਪੀਅਨ ਹੈ, ਆਪਣੇ ਏਸ਼ੀਆ ਕੱਪ ਖਿਤਾਬ ਦਾ ਬਚਾਅ ਕਰਨ ਲਈ ਪ੍ਰਬਲ ਦਾਅਵੇਦਾਰ ਹੈ। ਭਾਰਤੀ ਟੀਮ ਨਹੀਂ ਚਾਹੁੰਦੀ ਕਿ ਇਸ ਟੂਰਨਾਮੈਂਟ ਵਿਚ ਉਨ੍ਹਾਂ ਦੀ ਮੁਹਿੰਮ ਸਿਆਸਤ ਤੋਂ ਪ੍ਰੇਰਿਤ ਜਾਂ ਪ੍ਰਭਾਵਿਤ ਹੋਵੇ। ਭਾਰਤ ਦੇ ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇੱਥੇ ਖੇਡਣ ਲਈ ਆਏ ਹਾਂ। ਮੇਰਾ ਮੰਨਣਾ ਹੈ ਕਿ ਖਿਡਾਰੀ ਸਿਰਫ਼ ਕ੍ਰਿਕਟ ਖੇਡਣ ’ਤੇ ਧਿਆਨ ਕੇਂਦਰਿਤ ਕਰਦੇ ਹਨ। ਨਿੱਜੀ ਤੌਰ ’ਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੇ ਮਨ ਵਿੱਚ ਕ੍ਰਿਕਟ ਖੇਡਣ ਤੋਂ ਇਲਾਵਾ ਹੋਰ ਕੁਝ ਹੈ ਅਤੇ ਅਸੀਂ ਇਸ ’ਤੇ ਧਿਆਨ ਕੇਂਦਰਿਤ ਕਰਦੇ ਹਾਂ।’’
ਪਾਕਿਸਤਾਨ ਦੇ ਕੋਚ ਮਾਈਕ ਹੇਸਨ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਟੀਮ ਖੇਡ ’ਤੇ ਫੋਕਸ ਰਹੇ, ਹਾਲਾਂਕਿ ਉਹ ਇਸ ਮੈਚ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਭਾਰਤ ਇਸ ਅੱਠ ਟੀਮਾਂ ਦੇ ਟੂਰਨਾਮੈਂਟ ਵਿੱਚ ਹੁਣ ਤੱਕ ਦੀ ਸਭ ਤੋਂ ਮਜ਼ਬੂਤ ਟੀਮ ਜਾਪਦੀ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਿਖਰਲੇ ਬੱਲੇਬਾਜ਼ ਸ਼ੁਭਮਨ ਗਿੱਲ ਦੀ ਸ਼ਮੂਲੀਅਤ ਨਾਲ ਟੀਮ ਹੋਰ ਮਜ਼ਬੂਤ ਹੋਈ ਹੈ।
ਭਾਰਤ ਨੇ ਸੰਯੁਕਤ ਅਰਬ ਅਮੀਰਾਤ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਢੰਗ ਨਾਲ ਸ਼ੁਰੂਆਤ ਕੀਤੀ। ਯੂਏਈ ਨੂੰ 13.1 ਓਵਰਾਂ ਵਿੱਚ 57 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਇਸ ਟੀਚੇ ਨੂੰ 27 ਗੇਂਦਾਂ ਵਿਚ ਪੂਰਾ ਕਰ ਲਿਆ।
ਉਧਰ ਪਾਕਿਸਤਾਨ ਨੇ ਵੀ ਓਮਾਨ ਖਿਲਾਫ਼ ਆਸਾਨ ਜਿੱਤ ਨਾਲ ਆਪਣਾ ਖਾਤਾ ਖੋਲ੍ਹਿਆ, ਪਰ ਉਨ੍ਹਾਂ ਦੀ ਬੱਲੇਬਾਜ਼ੀ ਵਿਚ ਪੁਰਾਣੀ ਲੈਅ ਨਜ਼ਰ ਨਹੀਂ ਆਈ। ਪਾਕਿਸਤਾਨ ਸਾਬਕਾ ਕਪਤਾਨਾਂ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਤੋਂ ਬਿਨਾਂ ਖੇਡ ਰਿਹਾ ਹੈ ਪਰ ਏਸ਼ੀਆ ਕੱਪ ਤੋਂ ਪਹਿਲਾਂ ਯੂਏਈ ਵਿੱਚ ਅਫ਼ਗ਼ਾਨਿਸਤਾਨ ਨੂੰ ਸ਼ਾਮਲ ਕਰਦੇ ਹੋਏ ਖੇਡੀ ਟੀ-20 ਤਿਕੋਣੀ ਲੜੀ ਜਿੱਤਣ ਮਿਲੀ ਜਿੱਤ ਨਾਲ ਪਾਕਿਸਤਾਨ ਦੇ ਹੌਸਲੇ ਬੁਲੰਦ ਹਨ। ਆਗਾ ਨੇ ਕਿਹਾ, ‘‘ਅਸੀਂ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਚੰਗੀ ਕ੍ਰਿਕਟ ਖੇਡ ਰਹੇ ਹਾਂ ਅਤੇ ਅਸੀਂ ਸਿਰਫ਼ ਚੰਗੀ ਕ੍ਰਿਕਟ ਖੇਡਣੀ ਹੈ।’’