ਏਸ਼ੀਆ ਕੱਪ ਵਿਵਾਦ: ਸੂਰਿਆ ਕੁਮਾਰ ’ਤੇ 30 ਫੀਸਦੀ ਜੁਰਮਾਨਾ
Asia Cup Row: Surya fined 30%, Rauf banned for two matches ਭਾਰਤ ਦੇ ਟੀ-20 ਕ੍ਰਿਕਟ ਕਪਤਾਨ ਸੂਰਿਆ ਕੁਮਾਰ ਯਾਦਵ ਅਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੂੰ ਯੂਏਈ ਵਿੱਚ ਏਸ਼ੀਆ ਕੱਪ ਦੌਰਾਨ ਆਈ.ਸੀ.ਸੀ. ਦੇ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਰ ਕੇ ਆਈ ਸੀ ਸੀ ਨੇ ਸੂਰਿਆ ਕੁਮਾਰ ’ਤੇ ਤੀਹ ਫੀਸਦੀ ਜੁਰਮਾਨਾ ਲਾਇਆ ਹੈ ਜਦਕਿ ਰਾਊਫ ਨੂੰ 4 ਅਤੇ 6 ਨਵੰਬਰ ਨੂੰ ਦੱਖਣੀ ਅਫਰੀਕਾ ਵਿਰੁੱਧ ਇੱਕ ਰੋਜ਼ਾ ਲੜੀ ਦੇ ਦੋ ਮੈਚ ਖੇਡਣ ਤੋਂ ਰੋਕਿਆ ਗਿਆ ਹੈ ਤੇ ਦੋ ਮੈਚਾਂ ਵਿਚ ਉਸ ਦੇ ਵਿਹਾਰ ਕਾਰਨ 30-30 ਫੀਸਦੀ ਜੁਰਮਾਨਾ ਵੀ ਲਾਇਆ ਗਿਆ ਹੈ।
ਭਾਰਤੀ ਕਪਤਾਨ ਸੂਰਿਆ ਕੁਮਾਰ ’ਤੇ ਭਾਰਤੀ ਫੌਜ ਦਾ ਸਮਰਥਨ ਕਰਨ ਅਤੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਦਿਖਾਉਣ ਵਾਲੀਆਂ ਟਿੱਪਣੀਆਂ ਦੇ ਦੋਸ਼ ਹੇਠ ਉਸ ਦੀ ਮੈਚ ਫੀਸ ਦਾ 30 ਫੀਸਦੀ ਜੁਰਮਾਨਾ ਵੀ ਲਗਾਇਆ ਗਿਆ ਹੈ। ਇਹ ਜੁਰਮਾਨਾ 14 ਸਤੰਬਰ ਨੂੰ ਹੋਏ ਮੈਚ ਲਈ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਭਾਰਤ ਵਿਰੁੱਧ ਇੱਕ ਹੋਰ ਮੈਚ ਵਿੱਚ ਰਾਊਫ ਨੂੰ ਮੁੜ ਧਾਰਾ 2.21 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਦੀ ਮੈਚ ਫੀਸ ਦਾ 30 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਅਤੇ ਉਸ ਦੇ ਖਾਤੇ ਵਿਚ ਦੋ ਵਾਧੂ ਡੀਮੈਰਿਟ ਅੰਕ ਜੋੜੇ ਗਏ। ਜਸਪ੍ਰੀਤ ਬੁਮਰਾਹ ਨੂੰ ਚਿਤਾਵਨੀ ਦਿੱਤੀ ਗਈ ਹੈ ਜਦੋਂ ਕਿ ਅਰਸ਼ਦੀਪ ਸਿੰਘ ਅਤੇ ਸਾਹਿਬਜ਼ਾਦਾ ਫਰਹਾਨ ਨੂੰ ਬਿਨਾਂ ਕਿਸੇ ਜੁਰਮਾਨੇ ਦੇ ਛੱਡ ਦਿੱਤਾ ਗਿਆ। ਪੀਟੀਆਈ
