ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ: ਦੀਪਿਕਾ ਮੁੜ ਹਾਰੀ; 15 ਸਾਲਾ ਗਾਥਾ ਪ੍ਰੀ ਕੁਆਰਟਰ ਫਾਈਨਲ ਵਿੱਚ
ਭਾਰਤ ਦੀ ਸਭ ਤੋਂ ਵੱਕਾਰੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਛੇਵੀਂ ਵਾਰ ਵੀ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਉਹ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ 32 ਦੇ ਦੌਰ ਵਿੱਚੋਂ ਬਾਹਰ ਹੋ ਗਈ ਹੈ ਜਦੋਂ ਕਿ 15 ਸਾਲਾ ਗਾਥਾ ਖੜਕੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰੀ-ਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਉਹ ਪ੍ਰੀ ਕੁਆਰਟਰ ਫਾਈਨਲ ਵਿਚ ਦਾਖਲਾ ਹਾਸਲ ਕਰਨ ਵਾਲੀ ਦੇਸ਼ ਦੀ ਇਕਲੌਤੀ ਰਿਕਰਵ ਤੀਰਅੰਦਾਜ਼ ਬਣ ਗਈ ਹੈ। ਕੁਆਲੀਫਿਕੇਸ਼ਨ ਵਿੱਚ ਛੇਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਚਾਰ ਵਾਰ ਦੀ ਓਲੰਪੀਅਨ ਦੀਪਿਕਾ ਨੂੰ ਇੰਡੋਨੇਸ਼ੀਆ ਦੀ ਦਿਆਨੰਦਾ ਚੋਇਰੂਨਿਸਾ ਨੇ 4-6 ਨਾਲ ਹਰਾਇਆ। ਹੁਣ ਸਾਰੀਆਂ ਦੀਆਂ ਨਜ਼ਰਾਂ ਸ਼ੁੱਕਰਵਾਰ ਦੇ ਪ੍ਰੀ ਕੁਆਰਟਰ ਫਾਈਨਲ ’ਤੇ ਹੋਣਗੀਆਂ, ਜਿੱਥੇ ਗਾਥਾ ਨੂੰ ਮੌਜੂਦਾ ਪੈਰਿਸ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਨੰਬਰ ਇਕ ਲਿਮ ਸੀ-ਹਿਓਨ ਖਿਲਾਫ ਸਭ ਤੋਂ ਔਖੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਸ਼ਾਨਦਾਰ ਫਾਰਮ ਵਿਚ ਚਲ ਰਹੀ 22 ਸਾਲਾ ਕੋਰਿਆਈ ਖਿਡਾਰੀ ਲਿਮ ਨੇ ਅੰਕਿਤਾ ਭਗਤ ਨੂੰ 6-2 ਨਾਲ ਹਰਾਇਆ ਸੀ।
ਭਾਰਤ ਲਈ ਨੌਜਵਾਨ ਖ਼ਿਡਾਰਨ ਗਾਥਾ ਆਖਰੀ ਉਮੀਦ ਦੀ ਕਿਰਨ ਬਣੀ ਹੋਈ ਹੈ ਅਤੇ ਇਹ ਦੇਖਣਾ ਬਾਕੀ ਹੈ ਕਿ ਕੀ ਪੁਣੇ ਦਾ ਖਿਡਾਰਨ ਰਿਕਰਵ ਸੈਕਸ਼ਨ ਵਿੱਚ ਦੇਸ਼ ਨੂੰ ਆਪਣਾ ਪਹਿਲਾ ਤਗਮਾ ਜਿਤਾਉਣ ਵਿੱਚ ਕਾਮਯਾਬ ਹੁੰਦੀ ਹੈ ਕਿ ਨਹੀਂ।