ਤੀਰਅੰਦਾਜ਼ੀ: ਭਾਰਤੀ ਮਹਿਲਾ ਰਿਕਰਵ ਟੀਮ ਕਾਂਸੇ ਦੇ ਤਗ਼ਮੇ ਦੇ ਪਲੇਅਆਫ ’ਚ
ਦੀਪਿਕਾ ਕੁਮਾਰੀ, ਗਾਥਾ ਖੜਕੇ ਅਤੇ ਅੰਕਿਤਾ ਭਕਤ ਦੀ ਭਾਰਤੀ ਮਹਿਲਾ ਰਿਕਰਵ ਟੀਮ ਅੱਜ ਇੱਥੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੇ ਦੇ ਤਗ਼ਮੇ ਦੇ ਪਲੇਅਆਫ ਮੈਚ ’ਚ ਪਹੁੰਚ ਗਈ, ਪਰ ਪੁਰਸ਼ ਟੀਮ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਈ ਹੈ। ਕੰਪਾਊਂਡ ਤੀਰਅੰਦਾਜ਼ ਵੀ ਦੋ ਤਗ਼ਮਿਆਂ ਤੋਂ ਅੱਗੇ ਨਹੀਂ ਵਧ ਸਕੇ। ਤੀਜਾ ਦਰਜਾ ਪ੍ਰਾਪਤ ਭਾਰਤੀ ਮਹਿਲਾ ਟੀਮ ਸੈਮੀਫਾਈਨਲ ਵਿੱਚ ਜਪਾਨ ਤੋਂ 2-6 ਨਾਲ ਹਾਰ ਗਈ। ਹੁਣ ਭਾਰਤ ਕਾਂਸੇ ਦੇ ਤਗ਼ਮੇ ਲਈ ਦੱਖਣੀ ਕੋਰੀਆ ਦਾ ਸਾਹਮਣਾ ਕਰੇਗਾ।
ਭਾਰਤੀ ਮਹਿਲਾ ਟੀਮ 2015 ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੇ ਪਹਿਲੇ ਤਗ਼ਮੇ ’ਤੇ ਨਜ਼ਰ ਰੱਖ ਰਹੀ ਹੈ। ਭਾਰਤ ਨੇ ਹੁਣ ਤੱਕ ਦੋ ਤਗ਼ਮੇ ਜਿੱਤੇ ਹਨ ਅਤੇ ਦੋਵੇਂ ਕੰਪਾਊਂਡ ਸ਼੍ਰੇਣੀ ਵਿੱਚ ਆਏ ਹਨ। ਪੁਰਸ਼ ਟੀਮ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ ਅਤੇ ਰਿਸ਼ਭ ਯਾਦਵ ਤੇ ਜਯੋਤੀ ਸੁਰੇਖਾ ਵੇਨਮ ਨੇ ਮਿਕਸਡ ਟੀਮ ਵਿੱਚ ਚਾਂਦੀ ਦਾ ਤਗ਼ਮਾ ਭਾਰਤ ਦੇ ਨਾਮ ਕੀਤਾ। ਚਾਰ ਵਾਰ ਦੀ ਓਲੰਪੀਅਨ ਦੀਪਿਕਾ, ਜੋ ਰਿਕਰਵ ਵਿੱਚ ਮਹਿਲਾ ਟੀਮ ਦੀ ਅਗਵਾਈ ਕਰ ਰਹੀ ਹੈ, ਕੁਆਲੀਫਿਕੇਸ਼ਨ ਵਿੱਚ 677 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹੀ। ਇਸ ਦੇ ਨਾਲ ਹੀ ਗਾਥਾ ਨੇ 666 ਅਤੇ ਅੰਕਿਤਾ ਨੇ 656 ਅੰਕ ਬਣਾਏ। ਭਾਰਤ ਨੇ ਟੀਮ ਕੁਆਲੀਫਿਕੇਸ਼ਨ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸਿੱਧੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ। ਭਾਰਤੀ ਤਿਕੜੀ ਨੇ ਸਲੋਵੇਨੀਆ ਨੂੰ 5-1 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਨੇ ਕੁਆਰਟਰ ਫਾਈਨਲ ਵਿੱਚ ਤੁਰਕੀ ਨੂੰ ਹਰਾਇਆ ਪਰ ਸੈਮੀਫਾਈਨਲ ਵਿੱਚ ਜਪਾਨ ਤੋਂ ਹਾਰ ਗਿਆ। ਫਾਈਨਲ ਵਿੱਚ ਜਪਾਨ ਦਾ ਸਾਹਮਣਾ ਚੀਨੀ ਤਾਇਪੇ ਨਾਲ ਹੋਵੇਗਾ, ਜਿਸ ਨੇ ਮੇਜ਼ਬਾਨ ਦੱਖਣੀ ਕੋਰੀਆ ਨੂੰ ਸ਼ੂਟ-ਆਫ ਵਿੱਚ ਹਰਾਇਆ।
ਪੁਰਸ਼ਾਂ ਦੀ ਰਿਕਰਵ ਟੀਮ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਗੇੜ ਵਿੱਚ 24ਵਾਂ ਦਰਜਾ ਪ੍ਰਾਪਤ ਡੈਨਮਾਰਕ ਤੋਂ ਹਾਰ ਗਈ। ਨੌਵਾਂ ਦਰਜਾ ਪ੍ਰਾਪਤ ਭਾਰਤੀ ਟੀਮ ਵਿੱਚ ਨੀਰਜ ਚੌਹਾਨ (670 ਅੰਕ), ਓਲੰਪੀਅਨ ਧੀਰਜ ਬੋਮਦੇਵਰਾ (669 ਅੰਕ) ਅਤੇ ਰਾਹੁਲ (657 ਅੰਕ) ਸ਼ਾਮਲ ਸਨ। ਭਾਰਤੀ ਟੀਮ ਸ਼ੂਟ-ਆਫ ਮੈਚ ਵਿੱਚ 26-28 ਨਾਲ ਹਾਰ ਗਈ। ਕੰਪਾਊਂਡ ਵਰਗ ਵਿੱਚ ਜਯੋਤੀ, ਪ੍ਰਨੀਤ ਕੌਰ ਅਤੇ ਪ੍ਰਿਤਿਕਾ ਪ੍ਰਦੀਪ ਦੇ ਵਿਅਕਤੀਗਤ ਵਰਗ ਵਿੱਚ ਹਾਰਨ ਨਾਲ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ।