ਤੀਰਅੰਦਾਜ਼ੀ: ਭਾਰਤੀ ਪੁਰਸ਼ ਕੰਪਾਊਂਡ ਟੀਮ ਨੇ ਸੋਨ ਤਗ਼ਮਾ ਜਿੱਤ ਕੇ ਰਚਿਆ ਇਤਿਹਾਸ
ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਅੱਜ ਇੱਥੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ’ਚ ਆਪਣਾ ਪਹਿਲਾ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਮਹਿਲਾ ਟੀਮ ਅੱਠ ਸਾਲਾਂ ਵਿੱਚ ਪਹਿਲੀ ਵਾਰ ਪੋਡੀਅਮ ’ਤੇ ਜਗ੍ਹਾ ਬਣਾਉਣ ’ਚ ਨਾਕਾਮ ਰਹੀ ਸੀ।
ਵਿਅਕਤੀਗਤ ਵਰਗ ਵਿੱਚ ਅੱਠਵੇਂ ਸਥਾਨ ’ਤੇ ਰਹਿਣ ਵਾਲੇ ਰਿਸ਼ਭ ਯਾਦਵ ਨੇ ਵੀ ਤਜਰਬੇਕਾਰ ਜਯੋਤੀ ਸੁਰੇਖਾ ਵੇਨਮ ਨਾਲ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਵਾਪਸੀ ਕੀਤੀ। 23 ਸਾਲਾ ਰਿਸ਼ਭ ਨੇ ਅਮਨ ਸੈਣੀ ਅਤੇ ਪ੍ਰਥਮੇਸ਼ ਫੁਗੇ ਨਾਲ ਮਿਲ ਕੇ ਪੁਰਸ਼ ਕੰਪਾਊਂਡ ਟੀਮ ਦੇ ਖਿਤਾਬੀ ਮੈਚ ਵਿੱਚ ਫਰਾਂਸ ਨੂੰ 235-233 ਨਾਲ ਹਰਾਇਆ। ਫਰਾਂਸ ਨੇ ਨਿਕੋਲਸ ਜਿਰਾਰਡ, ਜੀਨ ਫਿਲਿਪ ਬੀ ਅਤੇ ਫ੍ਰਾਂਸੋਇਸ ਡੁਬੋਇਸ ਨੂੰ ਮੈਦਾਨ ਵਿੱਚ ਉਤਾਰਿਆ, ਪਰ ਭਾਰਤੀ ਟੀਮ ਨੇ ਦਬਾਅ ਹੇਠ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦਾ ਸਿਹਰਾ ਫੁਗੇ ਨੂੰ ਜਾਣਾ ਚਾਹੀਦਾ ਹੈ, ਜੋ ਕੁਆਲੀਫਾਇਰ ਵਿੱਚ 19ਵੇਂ ਸਥਾਨ, ਜਦਕਿ ਭਾਰਤੀ ਖਿਡਾਰੀਆਂ ’ਚੋਂ ਆਖਰੀ ਸਥਾਨ ’ਤੇ ਰਿਹਾ ਸੀ। 23 ਸਾਲਾ ਖਿਡਾਰੀ ਨੇ ਪਹਿਲੇ ਗੇੜ ਵਿੱਚ 9-9 ਦਾ ਸਕੋਰ ਕੀਤਾ ਪਰ ਫਿਰ ਲਗਾਤਾਰ ਛੇ ਪਰਫੈਕਟ 10 ਅੰਕ ਲਏ। ਇਸ ਵਿੱਚ ਫੈਸਲਾਕੁਨ ਆਖਰੀ ਤੀਰ ਵੀ ਸ਼ਾਮਲ ਸੀ, ਜਿਸ ਨੇ ਭਾਰਤ ਲਈ ਇਤਿਹਾਸਕ ਸੋਨ ਤਗ਼ਮਾ ਯਕੀਨੀ ਬਣਾਇਆ।
ਭਾਰਤ ਦੇ ਮੁੱਖ ਕੰਪਾਊਂਡ ਕੋਚ ਜੀਵਨਜੋਤ ਸਿੰਘ ਤੇਜਾ ਨੇ ਦੱਸਿਆ, ‘ਇਹ ਸਿਰਫ਼ ਫੁਗੇ ਬਾਰੇ ਨਹੀਂ ਹੈ, ਸਗੋਂ ਤਿੰਨੋਂ ਖਿਡਾਰੀਆਂ ਨੇ ਜਜ਼ਬਾ ਦਿਖਾਇਆ ਅਤੇ ਦਬਾਅ ਵਿੱਚ ਆਏ ਬਿਨਾਂ ਇੱਕ ਦੂਜੇ ਦਾ ਸਾਥ ਕੀਤਾ।’ ਭਾਰਤ ਪਹਿਲੇ ਗੇੜ ਤੋਂ ਬਾਅਦ 57-59 ਨਾਲ ਪਿੱਛੇ ਸੀ ਪਰ ਦੂਜੇ ਗੇੜ ਵਿੱਚ ਵਾਪਸੀ ਕਰਕੇ ਸਕੋਰ 117-117 ’ਤੇ ਬਰਾਬਰ ਕਰ ਦਿੱਤਾ। ਤੀਜੇ ਗੇੜ ਵਿੱਚ ਦੋਵਾਂ ਟੀਮਾਂ ਨੇ 59-59 ਅੰਕ ਬਣਾਏ, ਜਿਸ ਨਾਲ ਸਕੋਰ 176-176 ਬਰਾਬਰ ਰਿਹਾ। ਆਖਰੀ ਗੇੜ ’ਚ ਭਾਰਤ ਦੀ ਟੀਮ ਨੇ ਫਰਾਂਸ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਸੋਨ ਤਗ਼ਮਾ ਜਿੱਤਿਆ।