ਅਨੂ ਤੇ ਪਾਰੁਲ ਨੇ ਭਾਰਤ ਲਈ ਜਿੱਤੇ ਸੋਨ ਤਗਮੇ
ਹਾਂਗਜ਼ੂ, 3 ਅਕਤੂਬਰ
ਭਾਰਤੀ ਅਥਲੀਟਾਂ ਨੇ ਅੱਜ ਇੱਥੇ ਦੋ ਸੋਨ ਅਤੇ ਦੋ ਚਾਂਦੀ ਦੇ ਤਗਮਿਆਂ ਸਣੇ ਕੁੱਲ ਛੇ ਤਗਮੇ ਦੇਸ਼ ਦੀ ਝੋਲੀ ਪਾਏ। ਇਸ ਦੌਰਾਨ ਪਾਰੁਲ ਚੌਧਰੀ ਨੇ 5000 ਮੀਟਰ ਦੌੜ ਅਤੇ ਅਨੂ ਰਾਣੀ ਨੇ ਜੈਵਲਨਿ ਥਰੋਅ ਵਿੱਚ ਸੋਨ ਤਗਮੇ ਜਿੱਤੇ। 28 ਸਾਲਾ ਪਾਰੁਲ ਆਖਰੀ ਲੈਪ ਵਿੱਚ ਜਾਪਾਨ ਦੀ ਰਿਰਿਕਾ ਹਿਰੋਨਾਕਾ ਤੋਂ ਪਿੱਛੇ ਚੱਲ ਰਹੀ ਸੀ ਪਰ ਆਖਰੀ 40 ਮੀਟਰ ਵਿੱਚ ਉਸ ਨੂੰ ਪਛਾੜ ਕੇ 15 ਮਿੰਟ 14.75 ਸੈਕਿੰਡ ਦੇ ਸਮੇਂ ਨਾਲ ਉਸ ਨੇ ਸੋਨ ਤਗਮਾ ਆਪਣੇ ਨਾਮ ਕੀਤਾ। ਇਨ੍ਹਾਂ ਏਸ਼ਿਆਈ ਖੇਡਾਂ ਵਿੱਚ ਪਾਰੁਲ ਦਾ ਇਹ ਦੂਜਾ ਤਗਮਾ ਹੈ। ਇਸੇ ਤਰ੍ਹਾਂ ਮੇਰਠ ਦੀ ਰਹਿਣ ਵਾਲੀ 31 ਸਾਲਾ ਅਨੂ ਨੇ ਚੌਥੀ ਕੋਸ਼ਿਸ਼ ਵਿੱਚ 62.92 ਮੀਟਰ ਦੇ ਸੀਜ਼ਨ ਦੇ ਆਪਣੇ ਸਰਬੋਤਮ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ।
ਉਧਰ ਮੁਹੰਮਦ ਅਫਜ਼ਲ ਨੇ ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ 1 ਮਿੰਟ 48.43 ਸੈਕਿੰਡ ਦੇ ਸਮੇਂ ਨਾਲ ਅਤੇ ਤੇਜਸਵਨਿ ਸ਼ੰਕਰ ਨੇ ਪੁਰਸ਼ਾਂ ਦੇ ਡੀਕੈਥਾਲੌਨ ਮੁਕਾਬਲੇ ਵਿੱਚ 7666 ਅੰਕਾਂ ਦੇ ਕੌਮੀ ਰਿਕਾਰਡ ਸਕੋਰ ਨਾਲ ਚਾਂਦੀ ਦੇ ਤਗਮੇ ਜਿੱਤੇ। 1974 ਤੋਂ ਬਾਅਦ ਏਸ਼ਿਆਈ ਖੇਡਾਂ ਦੇ ਪੁਰਸ਼ਾਂ ਦੇ ਡੀਕੈਥਾਲੌਨ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਤਮਗਾ ਹੈ। ਇਸ ਦੌਰਾਨ ਪ੍ਰਵੀਨ ਚਿਤਰਾਵੇਲ ਨੇ ਪੁਰਸ਼ਾਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ 16.68 ਮੀਟਰ ਦੀ ਕੋਸ਼ਿਸ਼ ਨਾਲ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਆਪਣਾ ਸਰਬੋਤਮ ਪ੍ਰਦਰਸ਼ਨ ਨਾ ਕਰ ਸਕਣ ਦੇ ਬਾਵਜੂਦ ਵਿਥਿਆ ਰਾਮਰਾਜ ਮਹਿਲਾਵਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ। ਵਿਥਿਆ 55.68 ਸੈਕਿੰਡ ਦੇ ਸਮੇਂ ਨਾਲ ਤੀਜੇ ਸਥਾਨ ’ਤੇ ਰਹੀ। -ਪੀਟੀਆਈ