ਅੰਕਿਤਾ ਤੇ ਧੀਰਜ ਏਸ਼ਿਆਈ ਚੈਂਪੀਅਨ ਬਣੇ
ਭਾਰਤੀ ਤੀਰਅੰਦਾਜ਼ਾਂ ਨੇ ਏਸ਼ਿਆਈ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਇਤਿਹਾਸ ਸਿਰਜਦਿਆਂ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਦੇ ਵਿਅਕਤੀਗਤ ਰਿਕਰਵ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਅੰਕਿਤਾ ਭਗਤ ਅਤੇ ਧੀਰਜ ਬੋਮਾਦੇਵਰਾ ਆਪੋ-ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਏਸ਼ੀਅਨ ਚੈਂਪੀਅਨ ਬਣੇ। ਮਹਿਲਾ ਵਰਗ ਦੇ ਫਾਈਨਲ ਵਿੱਚ ਅੰਕਿਤਾ ਨੇ ਦੱਖਣੀ ਕੋਰੀਆ ਦੀ ਪੈਰਿਸ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਨਾਮ ਸੁਹੀਓਨ ਨੂੰ 7-3 ਨਾਲ ਹਰਾਇਆ। ਪੁਰਸ਼ਾਂ ਦੇ ਰਿਕਰਵ ਫਾਈਨਲ ਵਿੱਚ ਵੀ ਭਾਰਤ ਦਾ ਦਬਦਬਾ ਰਿਹਾ, ਜਿੱਥੇ ਧੀਰਜ ਬੋਮਾਦੇਵਰਾ ਨੇ ਹਮਵਤਨ ਰਾਹੁਲ ਨੂੰ 6-2 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਨਾਲ ਭਾਰਤ ਨੇ ਪੁਰਸ਼ ਵਰਗ ਵਿੱਚ ਸੋਨੇ ਅਤੇ ਚਾਂਦੀ ਦੋਵਾਂ ਤਗ਼ਮਿਆਂ ’ਤੇ ਕਬਜ਼ਾ ਕੀਤਾ।
ਭਾਰਤੀ ਦਲ ਨੇ ਇਸ ਚੈਂਪੀਅਨਸ਼ਿਪ ਵਿੱਚ 6 ਸੋਨੇ, 3 ਚਾਂਦੀ ਅਤੇ ਇੱਕ ਕਾਂਸੀ ਸਮੇਤ ਕੁੱਲ 10 ਤਗ਼ਮਿਆਂ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ ਅਤੇ ਤਗ਼ਮਾ ਸੂਚੀ ’ਚ ਸਿਖਰਲਾ ਸਥਾਨ ਹਾਸਲ ਕੀਤਾ।
ਪੁਰਸ਼ ਟੀਮ ਨੇ 16 ਸਾਲਾਂ ਬਾਅਦ ਸੋਨ ਤਗ਼ਮਾ ਜਿੱਤਿਆ
ਭਾਰਤੀ ਪੁਰਸ਼ ਰਿਕਰਵ ਤੀਰਅੰਦਾਜ਼ੀ ਟੀਮ ਨੇ 18 ਸਾਲਾਂ ਦੇ ਲੰਮੇ ਵਕਫ਼ੇ ਮਗਰੋਂ ਏਸ਼ੀਅਨ ਚੈਂਪੀਅਨਸ਼ਿਪ ਦਾ ਸੋਨ ਤਗ਼ਮਾ ਜਿੱਤ ਲਿਆ ਹੈ। ਢਾਕਾ ਵਿੱਚ ਹੋਏ ਫਾਈਨਲ ਵਿੱਚ ਯਸ਼ਦੀਪ ਭੋਗੇ, ਅਤਨੂ ਦਾਸ ਅਤੇ ਰਾਹੁਲ ਦੀ ਭਾਰਤੀ ਤਿਕੜੀ ਨੇ ਦੱਖਣੀ ਕੋਰੀਆ ਦੀ ਟੀਮ ਨੂੰ ਰੋਮਾਂਚਕ ਸ਼ੂਟ-ਆਫ ਵਿੱਚ 5-4 ਨਾਲ ਮਾਤ ਦਿੱਤੀ।
