ਆਕਾਸ਼ ਚੌਧਰੀ ਨੇ ਲਗਾਤਾਰ ਅੱਠ ਛੱਕੇ ਤੇ 11 ਗੇਂਦਾਂ ’ਚ ਅਰਧ ਸੈਂਕੜੇ ਨਾਲ ਵਿਸ਼ਵ ਰਿਕਾਰਡ ਬਣਾਇਆ
ਮੇਘਾਲਿਆ ਦੇ ਆਕਾਸ਼ ਕੁਮਾਰ ਚੌਧਰੀ ਨੇ ਅੱਜ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਲਗਾਤਾਰ ਅੱਠ ਗੇਂਦਾਂ ਵਿਚ ਅੱਠ ਛੱਕੇ ਜੜੇ ਤੇ ਸਿਰਫ 11 ਗੇਂਦਾਂ ਵਿਚ ਅਰਧ ਸੈਂਕੜਾ ਬਣਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਉਹ ਅਜਿਹਾ ਕਰ ਕੇ ਵਿਸ਼ਵ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਆਕਾਸ਼ ਨੇ ਅਰੁਣਾਂਚਲ ਪ੍ਰਦੇਸ਼ ਖ਼ਿਲਾਫ਼ ਰਣਜੀ ਟਰਾਫੀ ਦੇ ਇਕ ਮੈਚ ਵਿਚ ਇਹ ਰਿਕਾਰਡ ਬਣਾਇਆ। ਉਸ ਨੇ ਸੀ ਕੇ ਪੀਠਾਵਾਲਾ ਮੈਦਾਨ ਵਿਚ ਮੈਚ ਦੇ ਦੂਜੇ ਦਿਨ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਇਹ ਮਾਅਰਕਾ ਮਾਰਿਆ। ਉਹ 14 ਗੇਂਦਾਂ ਵਿਚ 50 ਦੌੜਾਂ ਬਣਾ ਕੇ ਨਾਬਾਦ ਰਿਹਾ ਜਿਸ ਕਾਰਨ ਮੇਘਾਲਿਆ ਨੇ ਪਹਿਲੀ ਪਾਰੀ ਛੇ ਵਿਕਟਾਂ ਦੇ ਨੁਕਸਾਨ ਨਾਲ 628 ਦੌੜਾਂ ’ਤੇ ਐਲਾਨ ਦਿੱਤੀ। ਆਕਾਸ਼ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਵੇਨ ਵਾਈਟ ਦਾ ਪਿਛਲਾ ਰਿਕਾਰਡ ਤੋੜਿਆ ਜਿਸ ਨੇ ਏਸੈਕਸ ਖ਼ਿਲਾਫ਼ 12 ਗੇਂਦਾਂ ਵਿਚ ਅਰਧ ਸੈਂਕੜਾ ਬਣਾਇਆ ਸੀ। ਇਸ ਤੋਂ ਇਲਾਵਾ ਆਕਾਸ਼ ਵੈਸਟ ਇੰਡੀਜ਼ ਦੇ ਸਰ ਗੈਰੀਫੀਲਡ ਸੋਬਰਜ਼ ਤੇ ਭਾਰਤ ਦੇ ਰਵੀ ਸ਼ਾਸਤਰੀ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ਦੇ ਇਕ ਓਵਰ ਵਿਚ ਛੇ ਛੱਕੇ ਜੜਨ ਵਾਲਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਪਾਰੀ ਦੀ ਸ਼ੁਰੂਆਤ ਵੇਲੇ ਪਹਿਲੀਆਂ ਤਿੰਨ ਗੇਂਦਾਂ ਵਿਚ ਦੋ ਦੌੜਾਂ ਬਣਾਈਆਂ ਤੇ ਇਸ ਤੋਂ ਅਗਲੀਆਂ ਅੱਠ ਗੇਂਦਾਂ ਵਿਚ ਲਗਾਤਾਰ ਅੱਠ ਛੱਕੇ ਜੜੇ। ਪੀਟੀਆਈ
