ਪਿੰਡ ਅੱਬੂਵਾਲ ਨੇ ਫੁਟਬਾਲ ਓਪਨ ਕੱਪ ਜਿੱਤਿਆ
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ 78ਵਾਂ ਖੇਡ ਮੇਲਾ ਅੱਜ ਸਮਾਪਤ ਹੋ ਗਿਆ। ਮੇਲੇ ਦੇ ਆਖ਼ਰੀ ਦਿਨ ਹੋਏ ਫਸਵੇਂ ਮੁਕਾਬਲਿਆਂ ਵਿੱਚ ਫੁਟਬਾਲ ਓਪਨ ਗੋਲਡ ਕੱਪ ਦਾ ਖ਼ਿਤਾਬ ਪਿੰਡ ਅੱਬੂਵਾਲ ਨੇ ਜਿੱਤਿਆ; ਹਾਕੀ ਓਪਨ ਗੋਲਡ ਕੱਪ ’ਤੇ ਸਾਈ ਇਲੈਵਨ ਕਲੱਬ ਨੇ ਕਬਜ਼ਾ ਕੀਤਾ। ਖੇਡ ਮੇਲੇ ਦੇ ਸਮਾਪਤੀ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਗ ਸਰਾਭਾ ਸਾਡੇ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਦੀ ਯਾਦ ਵਿੱਚ ਅਜਿਹੇ ਖੇਡ ਮੇਲੇ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਹਾਕੀ ਓਪਨ ਦੇ ਫਾਈਨਲ ਵਿੱਚ ਸਾਈ ਇਲੈਵਨ ਕਲੱਬ ਨੇ ਬਾਬਾ ਸ਼ੇਖ਼ ਫ਼ਰੀਦ ਕਲੱਬ ਨੂੰ ਹਰਾ ਕੇ ਗੋਲਡ ਕੱਪ ਆਪਣੇ ਨਾਂ ਕੀਤਾ। ਇਸੇ ਤਰ੍ਹਾਂ ਫੁਟਬਾਲ ਓਪਨ ਗੋਲਡ ਕੱਪ ਦੇ ਫਾਈਨਲ ਵਿੱਚ ਅੱਬੂਵਾਲ ਫੁਟਬਾਲ ਕਲੱਬ ਨੇ ਰਾਊਂਡ ਗਲਾਸ ਅਕੈਡਮੀ ਨੂੰ ਮਾਤ ਦੇ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ। ਫੁਟਬਾਲ (ਪਿੰਡ ਪੱਧਰੀ) ਮੁਕਾਬਲਿਆਂ ਵਿੱਚ ਪੱਖੋਵਾਲ ਨੇ ਪੱਲਾ ਦੀ ਟੀਮ ਨੂੰ ਹਰਾ ਕੇ ਜੇਤੂ ਟਰਾਫੀ ਆਪਣੇ ਨਾਂ ਕੀਤੀ। ਸਮਾਪਤੀ ਸਮਾਗਮ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਦੇ ਆਗੂਆਂ, ਨਗਰ ਪੰਚਾਇਤ ਅਤੇ ਇਲਾਕੇ ਦੇ ਪਤਵੰਤਿਆਂ ਨੇ ਜੇਤੂ ਖਿਡਾਰੀਆਂ ਦਾ ਨਕਦ ਇਨਾਮਾਂ ਅਤੇ ਟਰਾਫੀਆਂ ਨਾਲ ਸਨਮਾਨ ਕੀਤਾ।
