ਅਮਨਜੋਤ ਦੇ ਘਰ ਜਸ਼ਨ ਦਾ ਮਾਹੌਲ
ਦੱਖਣੀ ਅਫ਼ਰੀਕਾ ਖ਼ਿਲਾਫ਼ ਇੱਕ ਰੋਜ਼ਾ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਮੈਚ ਵਿੱਚ ਸ਼ਾਨਦਾਰ ਕੈਚ ਲੈ ਕੇ ਮੈਚ ਦਾ ਰੁਖ਼ ਬਦਲਣ ਵਾਲੀ ਮੁਹਾਲੀ ਦੀ ਕ੍ਰਿਕਟਰ ਅਮਨਜੋਤ ਕੌਰ ਦੇ ਫੇਜ਼-5 ਸਥਿਤ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਬੀਤੀ ਰਾਤ ਤੋਂ ਹੀ ਘਰ ਵਿੱਚ ਢੋਲ ਵੱਜ ਰਹੇ ਹਨ, ਪਰਿਵਾਰਕ ਮੈਂਬਰ ਭੰਗੜਾ ਪਾ ਰਹੇ ਹਨ ਅਤੇ ਅਮਨਜੋਤ ਦੀ ਵਾਪਸੀ ’ਤੇ ਉਸ ਦੇ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ ਕਰ ਰਹੇ ਹਨ।
ਅਮਨਜੋਤ ਦੇ ਮਾਪੇ ਵੀ ਆਪਣੀ ਧੀ ਦੀ ਇਸ ਵੱਡੀ ਪ੍ਰਾਪਤੀ ਤੋਂ ਫੁੱਲੇ ਨਹੀਂ ਸਮਾ ਰਹੇ। ਉਸ ਦੇ ਪਿਤਾ ਠੇਕੇਦਾਰ ਭੁਪਿੰਦਰ ਸਿੰਘ ਨੇ ਭਾਵੁਕ ਹੋ ਕੇ ਦੱਸਿਆ ਕਿ ਅਮਨਜੋਤ ਦੀ 75 ਸਾਲਾ ਦਾਦੀ ਭਗਵੰਤ ਕੌਰ ਉਸ ਦੀ ਤਾਕਤ ਦਾ ਅਸਲ ਥੰਮ ਰਹੀ ਹੈ। ਜਦੋਂ ਅਮਨਜੋਤ ਨੇ ਗੁਆਂਢ ਦੇ ਮੁੰਡਿਆਂ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ, ਤਾਂ ਉਸ ਦੀ ਦਾਦੀ ਉਸ ਨੂੰ ਹੌਸਲਾ ਦੇਣ ਲਈ ਪਾਰਕ ਵਿੱਚ ਕੁਰਸੀ ’ਤੇ ਬੈਠ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ ਉਨ੍ਹਾਂ ਨੇ ਆਪਣੀ ਧੀ ਨੂੰ ਕ੍ਰਿਕਟ ਦੀ ਪੇਸ਼ੇਵਰ ਸਿਖਲਾਈ ਦਿਵਾਉਣ ਲਈ ਚੰਡੀਗੜ੍ਹ ਵਿੱਚ ਕੋਚ ਨਾਗੇਸ਼ ਗੁਪਤਾ ਦੀ ਅਕੈਡਮੀ ਵਿੱਚ ਭੇਜਿਆ ਸੀ।
ਖਰੜ ਦੇ ਸਕੂਲ ’ਚ ਕੀਤੀ ਪੜ੍ਹਾਈ
ਖਰੜ (ਸ਼ਸ਼ੀ ਪਾਲ ਜੈਨ): ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਸ਼ਾਨਦਾਰ ਕੈਚ ਲੈ ਕੇ ਭਾਰਤੀ ਟੀਮ ਦੀ ਜਿੱਤ ਦਾ ਰਾਹ ਪੱਧਰਾ ਕਰਨ ਵਾਲੀ ਅਮਨਜੋਤ ਕੌਰ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਖਰੜ ਦੇ ਏ ਪੀ ਜੇ ਸਮਾਰਟ ਸਕੂਲ ਵਿੱਚ ਪੜ੍ਹੀ। ਸਕੂਲ ਦੇ ਪ੍ਰਿੰਸੀਪਲ ਜਸਵੀਰ ਚੰਦਰ ਨੇ ਦੱਸਿਆ ਕਿ ਖਰੜ ਵਿੱਚ ਲੜਕੀਆਂ ਲਈ ਕ੍ਰਿਕਟ ਖੇਡਣ ਦੇ ਚੰਗੇ ਪ੍ਰਬੰਧ ਨਾ ਹੋਣ ਕਾਰਨ ਦਸਵੀਂ ਪਾਸ ਕਰਨ ਤੋਂ ਬਾਅਦ ਅਮਨਜੋਤ ਚੰਡੀਗੜ੍ਹ ਚਲੀ ਗਈ ਸੀ। ਇਸ ਤੋਂ ਬਾਅਦ ਉਸ ਨੇ ਕੋਚ ਨਾਗੇਸ਼ ਗੁਪਤਾ ਦੀ ਨਿਗਰਾਨੀ ਹੇਠ ਕ੍ਰਿਕਟ ਦੀ ਸਿਖਲਾਈ ਲਈ। ਉਨ੍ਹਾਂ ਕਿਹਾ ਕਿ ਅਮਨਜੋਤ ਦੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ’ਤੇ ਪੂਰੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਹੈ।
