ਅਗਲੇ ਸਾਲ 48 ਫੁਟਬਾਲ ਟੀਮਾਂ ਵਿਸ਼ਵ ਕੱਪ ਖੇਡਣਗੀਆਂ
ਪੁਰਤਗਾਲ ਅਤੇ ਨਾਰਵੇ ਨੇ ਆਸਾਨ ਜਿੱਤਾਂ ਨਾਲ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਲਈ ਕੁਆਲੀਫਾਈ ਕਰ ਲਿਆ ਹੈ। ਅਮਰੀਕਾ, ਮੈਕਸਿਕੋ ਅਤੇ ਕੈਨੇਡਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਿਸ਼ਵ ਕੱਪ-2026 ਵਿੱਚ ਰਿਕਾਰਡ 48 ਟੀਮਾਂ ਹਿੱਸਾ ਲੈਣਗੀਆਂ। ਪੁਰਤਗਾਲ ਨੇ ਆਪਣੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੀ ਗ਼ੈਰ-ਮੌਜੂਦਗੀ ਦੇ ਬਾਵਜੂਦ ਅਰਮੇਨੀਆ ਨੂੰ 9-1 ਨਾਲ ਹਰਾਇਆ, ਜਿਸ ਨਾਲ ਇਸ ਮਹਾਨ ਫੁਟਬਾਲਰ ਨੂੰ ਰਿਕਾਰਡ ਛੇਵੀਂ ਵਾਰ ਵਿਸ਼ਵ ਕੱਪ ਵਿੱਚ ਖੇਡਣ ਦਾ ਮੌਕਾ ਮਿਲਿਆ। ਰੋਨਾਲਡੋ ਮੁਅੱਤਲੀ ਕਾਰਨ ਇਸ ਮੈਚ ਵਿੱਚ ਨਹੀਂ ਖੇਡ ਸਕਿਆ। ਨਾਰਵੇ ਨੇ ਵਿਸ਼ਵ ਕੱਪ ਦੇ ਚਾਰ ਵਾਰ ਚੈਂਪੀਅਨ ਰਹੇ ਇਟਲੀ ਨੂੰ 4-1 ਨਾਲ ਸ਼ਿਕਸਤ ਦਿੱਤੀ। ਕੁੱਲ 43 ਟੀਮਾਂ ਮਹਾਂਦੀਪੀ ਕੁਆਲੀਫਾਈਂਗ ਟੂਰਨਾਮੈਂਟਾਂ ਰਾਹੀਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ। ਬਾਕੀ ਦੋ ਟੀਮਾਂ ਮਾਰਚ ਵਿੱਚ ਮੈਕਸਿਕੋ ਵਿੱਚ ਹੋਣ ਵਾਲੇ ਛੇ ਟੀਮਾਂ ਦੇ ਅੰਤਰ-ਮਹਾਂਦੀਪੀ ਪਲੇਆਫ ਰਾਹੀਂ ਆਪਣੀ ਥਾਂ ਪੱਕੀ ਕਰਨਗੀਆਂ। ਤਿੰਨ ਮੇਜ਼ਬਾਨ ਦੇਸ਼ ਅਮਰੀਕਾ, ਮੈਕਸਿਕੋ ਅਤੇ ਕੈਨੇਡਾ ਪਹਿਲਾਂ ਹੀ ਵਿਸ਼ਵ ਕੱਪ ਵਿੱਚ ਆਪਣੀ ਥਾਂ ਬਣਾ ਚੁੱਕੇ ਹਨ।
