42ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਪੰਜਾਬ ਪੁਲੀਸ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਹਰਾਇਆ
ਇੱਥੇ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਮੈਂਟ ਵਿੱਚ ਦਸ ਓਲੰਪੀਅਨ ਖਿਡਾਰੀਆਂ ਨਾਲ ਸਜੀ ਪੰਜਾਬ ਪੁਲੀਸ ਜਲੰਧਰ ਦੀ ਟੀਮ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 5-0 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਜਿੱਤ ਨਾਲ ਟੀਮ ਨੇ ਤਿੰਨ ਅੰਕ ਆਪਣੇ ਖਾਤੇ ਵਿੱਚ ਜਮ੍ਹਾ ਕਰ ਲਏ ਹਨ। ਦੂਜੇ ਮੈਚ ਵਿੱਚ ਆਰਮੀ ਇਲੈਵਨ ਨੇ ਸੀ ਆਰ ਪੀ ਐੱਫ ਦਿੱਲੀ ਨੂੰ 2-1 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ ਹਨ। ਇੱਥੋਂ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸ਼ੁਰੂ ਹੋਏ ਟੂਰਨਾਮੈਂਟ ਦਾ ਉਦਘਾਟਨ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਕੀਤਾ। ਉਨ੍ਹਾਂ ਨਾਲ ਹਾਕੀ ਇੰਡੀਆ ਦੇ ਮੀਤ ਪ੍ਰਧਾਨ, ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਅਤੇ ਇੰਡੀਅਨ ਆਇਲ ਦੇ ਜਨਰਲ ਮੈਨੇਜਰ ਯਸ਼ਪਾਲ ਕਾਂਤ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਅੱਜ ਦੇ ਮੁਕਾਬਲਿਆਂ ਦੌਰਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਪ੍ਰੋ. ਕ੍ਰਿਪਾਲ ਸਿੰਘ ਮਠਾਰੂ, ਐੱਲ ਆਰ ਨਈਅਰ, ਓਲੰਪੀਅਨ ਸੁਰਜੀਤ ਸਿੰਘ ਦੇ ਵੱਡੇ ਭਰਾ ਬਲਜੀਤ ਸਿੰਘ, ਹਰਿੰਦਰ ਸੰਘਾ, ਗੁਰਿੰਦਰ ਸੰਘਾ, ਰਣਬੀਰ ਟੁੱਟ, ਅਮਨਦੀਪ ਕੌਰ, ਨਰਿੰਦਰ ਪਾਲ ਸਿੰਘ ਜੱਜ, ਨੱਥਾ ਸਿੰਘ ਗਾਖਲ, ਓਲੰਪੀਅਨ ਮੁਖਬੈਨ ਸਿੰਘ, ਬਲਜੀਤ ਸਿੰਘ ਚੰਦੀ, ਰਾਜਵਿੰਦਰ ਥਿਆੜਾ, ਮੰਗਲ ਸਿੰਘ ਬਾਸੀ, ਜਤਿੰਦਰ ਪਾਲ ਸਿੰਘ ਤੇ ਹੋਰ ਹਾਜ਼ਰ ਸਨ।
