ਫ਼ਰਜ਼ੀ ਜਨਮ ਪ੍ਰਮਾਣ ਪੱਤਰ ਦੇਣ ਵਾਲੇ 11 ਪਹਿਲਵਾਨ ਮੁਅੱਤਲ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੇ ਫਰਜ਼ੀ ਜਨਮ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਦੋਸ਼ ਹੇਠ 11 ਪਹਿਲਵਾਨ ਮੁਅੱਤਲ ਕਰ ਦਿੱਤੇ ਹਨ। ਦਿੱਲੀ ਨਗਰ ਨਿਗਮ ਨੇ ਅਜਿਹੇ 110 ਦਸਤਾਵੇਜ਼ਾਂ ਦੀ ਪੜਤਾਲ ਕੀਤੀ ਅਤੇ ਕਿਹਾ ਕਿ ਉਸ ਵੱਲੋਂ ਕੋਈ ਕੁਤਾਹੀ ਨਹੀਂ ਹੋਈ ਹੈ ਕਿਉਂਕਿ 95 ਦੇਰੀ ਵਾਲੀਆਂ ਰਜਿਸਟਰੇਸ਼ਨਾਂ ਸਿਰਫ਼ ਐੱਸਡੀਐੱਮ ਦੇ ਹੁਕਮਾਂ ’ਤੇ ਕੀਤੀਆਂ ਗਈਆਂ ਸਨ। ਕੁਸ਼ਤੀ ਦੀ ਖੇਡ ਦੋ ਅਹਿਮ ਮਸਲਿਆਂ ਨਾਲ ਜੂਝ ਰਹੀ ਹੈ। ਵੱਧ ਉਮਰ ਦੇ ਪਹਿਲਵਾਨ ਘੱਟ ਉਮਰ ਵਰਗ ਦੇ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਹਨ ਤੇ ਕਈ ਪਹਿਲਵਾਨ ਫ਼ਰਜ਼ੀ ਜਨਮ ਪ੍ਰਮਾਣ ਪੱਤਰ ਪ੍ਰਾਪਤ ਕਰਨ ਮਗਰੋਂ ਆਪਣੀ ਰਿਹਾਇਸ਼ ਤੋਂ ਵੱਖਰੇ ਰਾਜ ਦੀ ਨੁਮਾਇੰਦਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਮਾਮਲਿਆਂ ’ਚ ਪ੍ਰਮਾਣ ਪੱਤਰ ਬੱਚੇ ਦੇ ਜਨਮ ਤੋਂ 12-15 ਸਾਲ ਬਾਅਦ ਵੀ ਜਾਰੀ ਕੀਤੇ ਗਏ ਹਨ। ਗੜਬੜੀ ਦੇ ਖਦਸ਼ੇ ਕਾਰਨ ਡਬਲਿਊਐੱਫਆਈ ਨੇ ਨਗਰ ਨਿਗਮ ਨੂੰ ਪੜਤਾਲ ਲਈ ਪ੍ਰਮਾਣ ਪੱਤਰਾਂ ਦੀ ਸੂਚੀ ਪ੍ਰਦਾਨ ਕੀਤੀ ਸੀ। ਪੜਤਾਲ ਮਗਰੋਂ ਐੱਮਸੀਡੀ ਨੇ ਡਬਲਿਊਐੱਫਆਈ ਨੂੰ ਜਵਾਬ ਦਿੱਤਾ ਕਿ ਉਸ ਨੇ ਜਨਮ ਪ੍ਰਮਾਣ ਪੱਤਰ ਜਾਰੀ ਕੀਤੇ ਹਨ ਪਰ ਇਹ ਵੀ ਕਿਹਾ ਕਿ ਦੇਰੀ ਨਾਲ ਕੀਤੀ ਗਈ ਰਜਿਸਟਰੇਸ਼ਨ (ਜਨਮ ਦੇ ਇੱਕ ਸਾਲ ਬਾਅਦ ਰਜਿਸਟੇਸ਼ਨ) ਸਿੱਧੇ ਤੌਰ ’ਤੇ ਉਸ ਵੱਲੋਂ ਨਹੀਂ ਬਲਕਿ ਐੱਸਡੀਐੱਮ ਦੇ ਹੁਕਮਾਂ ਮਗਰੋਂ ਕੀਤੀ ਗਈ ਹੈ। ਕਈ ਮੁਕਾਬਲਿਆਂ ’ਚ ਖਾਸ ਤੌਰ ’ਤੇ ਕੌਮੀ ਜੂਨੀਅਰ ਟੀਮਾਂ ਦੀ ਚੋਣ ਲਈ ਹੋਏ ਟਰਾਇਲ ’ਚ ਇਹ ਸਪੱਸ਼ਟ ਹੈ ਕਿ ਕਈ ਪਹਿਲਵਾਨ ਘੱਟ ਉਮਰ ਵਰਗ ’ਚ ਦਾਖਲ ਹੋ ਚੁੱਕੇ ਹਨ।