ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤੇਰੇ ਅਜੇ ਬੰਦ ਨਾ ਬਣੇ...

ਸੁਖਪਾਲ ਸਿੰਘ ਗਿੱਲ ਸਾਡੇ ਵਿਰਸੇ ਵਿੱਚ ਪਤੀ-ਪਤਨੀ ਦੀ ਗੁਰਬਤ ਦੀ ਝੰਬੀ ਨੋਕ-ਝੋਕ ਦਾ ਗੂੜ੍ਹਾ ਸਬੰਧ ਹੈ। ਪੰਜਾਬੀ ਪੇਂਡੂ ਵਿਰਸੇ ਵਿੱਚ ਕਿਸਾਨ ਪਰਿਵਾਰ ਤਰ੍ਹਾਂ-ਤਰ੍ਹਾਂ ਦੇ ਸੁਪਨੇ ਦਿਲ ਅੰਦਰ ਸਮਾ ਕੇ ਬੈਠਾ ਰਹਿੰਦਾ ਹੈ, ਜਿਸ ਦੀ ਆਸ ਹਰ ਛਿਮਾਹੀ ਤੱਕ ਲਾਉਂਦਾ ਰਹਿੰਦਾ...
Advertisement

ਸੁਖਪਾਲ ਸਿੰਘ ਗਿੱਲ

ਸਾਡੇ ਵਿਰਸੇ ਵਿੱਚ ਪਤੀ-ਪਤਨੀ ਦੀ ਗੁਰਬਤ ਦੀ ਝੰਬੀ ਨੋਕ-ਝੋਕ ਦਾ ਗੂੜ੍ਹਾ ਸਬੰਧ ਹੈ। ਪੰਜਾਬੀ ਪੇਂਡੂ ਵਿਰਸੇ ਵਿੱਚ ਕਿਸਾਨ ਪਰਿਵਾਰ ਤਰ੍ਹਾਂ-ਤਰ੍ਹਾਂ ਦੇ ਸੁਪਨੇ ਦਿਲ ਅੰਦਰ ਸਮਾ ਕੇ ਬੈਠਾ ਰਹਿੰਦਾ ਹੈ, ਜਿਸ ਦੀ ਆਸ ਹਰ ਛਿਮਾਹੀ ਤੱਕ ਲਾਉਂਦਾ ਰਹਿੰਦਾ ਹੈ, ਪਰ ਹਾੜ੍ਹੀ ਸਾਉਣੀ ਇਨ੍ਹਾਂ ਦੇ ਪੂਰਾ ਹੋਣ ਦੀ ਆਸ ਕੁਦਰਤ ’ਤੇ ਨਿਰਭਰ ਕਰਦੀ ਹੈ।

Advertisement

ਸਾਡੇ ਸੱਭਿਆਚਾਰ, ਲੋਕ ਗੀਤਾਂ ਵਿੱਚ ਹੱਡ ਭੰਨਵੀਂ ਮਿਹਨਤ ਵਿੱਚ ਗੁਰਬਤ ਆਮ ਦਿਖਾਈ ਦਿੰਦੀ ਹੈ। ਪਰਿਵਾਰ ਵਿੱਚ ਪਤੀ-ਪਤਨੀ ਦੀ ਨੋਕ-ਝੋਕ ਗੀਤਾਂ ਅਤੇ ਯਥਾਰਥ ਵਿੱਚ ਸੱਭਿਅਕ ਵੰਨਗੀ ਵਜੋਂ ਚੱਲਦੀ ਰਹਿੰਦੀ ਹੈ। ਪਤੀ-ਪਤਨੀ ਦਾ ਜੋੜ ਇਸ ਸਮੇਂ ਦੇ ਦ੍ਰਿਸ਼ ਨੂੰ ਮੁੱਖ ਪਾਤਰ ਹੋਣ ਦਾ ਗਵਾਹ ਬਣਦਾ ਹੈ। ਘਰਾਂ ਵਿੱਚ ਆਉਂਦੀ ਆਰਥਿਕ ਤੰਗੀ ਦਾ ਵਰਨਣ ਸਾਡੇ ਸੱਭਿਆਚਾਰ ਦਾ ਇੱਕ ਅੰਗ ਹੋ ਕੇ ਵਿਚਰਦਾ ਹੈ। ਛਿਮਾਹੀ ਦੀ ਸਖ਼ਤ ਮਿਹਨਤ ਤੋਂ ਬਾਅਦ ਘਰਵਾਲੀ ਹਾਰ-ਸ਼ਿੰਗਾਰ ਲਈ ਗਹਿਣਾ ਗੱਟਾ ਬਣਾਉਣਾ ਚਾਹੁੰਦੀ ਹੈ, ਪਰ ਪਤੀ ਆਰਥਿਕ ਮਜਬੂਰੀ ਕਰਕੇ ਆੜ੍ਹਤੀ ਦੇ ਹਿਸਾਬ ਵਿੱਚ ਫਸਿਆ ਰਹਿੰਦਾ ਹੈ। ਇਸ ਸਬੰਧੀ ਇੱਕ ਲੋਕ ਗੀਤ ਦੀ ਸਤਰ ਇਉਂ ਟਕੋਰ ਕਰਦੀ ਹੈ;

ਅਸੀਂ ਮਰ ਗਏ ਕਮਾਈਆਂ ਕਰਦੇ

ਤੇਰੇ ਅਜੇ ਬੰਦ ਨਾ ਬਣੇ

ਪਾਟੀ ਘੱਗਰੀ ਤੇ ਬਗੜ ਦਾ ਨਾਲਾ

ਤੇਰਾ ਦੱਸ ਕੀ ਵੇਖਿਆ?

ਸਾਡੇ ਪਰਿਵਾਰਾਂ ਵਿੱਚ ਕਿਸਾਨੀ ਕਿੱਤੇ ਦੀ ਮਿਹਨਤ ਇੱਕ ਚਾਅ ਅਤੇ ਹੁਲਾਰਾ ਹੁੰਦੀ ਹੈ। ਫਿਰ ਵੀ ਪਰਿਵਾਰਾਂ ਦਾ ਜੀਵਨ ਤੰਗੀਆਂ-ਤੁਰਸ਼ੀਆਂ ਵਾਲਾ ਰਹਿੰਦਾ ਹੈ। ਘਰਾਂ ਵਿੱਚ ਪਿਆਰ ਵੱਧ ਅਤੇ ਚਿੰਤਾ ਘੱਟ ਹੁੰਦੀ ਹੈ। ਜੀਵਨ ਵਿੱਚ ਕਿਰਤ ਹਮੇਸ਼ਾਂ ਮਾਨਸਿਕ ਅਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਕਰਦੀ ਹੈ, ਪਰ ਪੰਜਾਬੀ ਪੇਂਡੂ ਕਿਸਾਨ ਦੇ ਘਰਾਂ ਵਿੱਚੋਂ ਇਹ ਤੱਥ ਗਾਇਬ ਹੀ ਰਿਹਾ ਕਿ ਕਿਰਤ ਕਿਸਾਨ ਦੇ ਸ਼ੋਸ਼ਣ ਅਤੇ ਲੋਟੂ ਵਰਗ ਦਾ ਸਾਹਮਣਾ ਕਿਸ ਤਰ੍ਹਾਂ ਕਰੇ? ਇੱਕ ਹੋਰ ਅੰਦਾਜ਼ਾ ਵੀ ਸੀ ਕਿ ਕਿਸਾਨ ਦਾ ਕੀਤਾ ਕਰਾਇਆ ਸ਼ਾਹਾਂ ਕੋਲ ਚਲਾ ਜਾਂਦਾ ਸੀ। ਕਿਸਾਨ ਸਿਰਫ਼ ਮੁਜ਼ਾਰੇ ਦੇ ਤੌਰ ’ਤੇ ਹੀ ਕੰਮ ਕਰ ਸਕਦੇ ਸਨ। ਹਰੀ ਕ੍ਰਾਂਤੀ ਅਤੇ ਘੱਟੋ ਘੱਟ ਸਮਰਥਨ ਮੁੱਲ ਨੇ ਕਿਸਾਨ ਦੀ ਦਸ਼ਾ ਵੱਲ ਧਿਆਨ ਦਿੱਤਾ, ਜਿਸ ਨਾਲ ਕਿਸਾਨ ਸੌਖਾ ਵੀ ਹੋਇਆ।

ਸਾਹਿਤ ਵਿੱਚ ਕਿਸਾਨੀ ਦਸ਼ਾ ਦਾ ਆਮ ਵਰਣਨ ਮਿਲਦਾ ਹੈ। ਕਿਸਾਨੀ ਜੀਵਨ ਪਿੰਡਾਂ ਦੀ ਰੂਹ ਹੁੰਦੀ ਹੈ, ਇਹ ਕਿਰਤ ਅਤੇ ਕਿਰਸ ’ਤੇ ਟਿਕੀ ਹੋਈ ਹੈ। ਘਰਾਂ ਦੇ ਹਾਲਾਤ ਗੀਤਾਂ, ਸੰਗੀਤ ਅਤੇ ਸੱਭਿਆਚਾਰ ਨੂੰ ਕਲਮ ਰਾਹੀਂ ਚਿਤਰਦੇ ਅਤੇ ਬਿਆਨ ਕਰਦੇ ਰਹਿੰਦੇ ਹਨ। ਬੇਹੱਦ ਮੁਸ਼ੱਕਤ ਤੋਂ ਬਾਅਦ ਰੋਟੀ ਮੁਸ਼ਕਿਲ ਹੀ ਚੱਲਦੀ ਹੈ। ਘਰ ਦੀਆਂ ਔਰਤਾਂ ਦੇ ਅਰਮਾਨ ਮਿਹਨਤ ਹੀ ਖਾ ਲੈਂਦੀ ਹੈ। ਲੋੜ, ਜਜ਼ਬਾਤ ਅਤੇ ਹਾਰ-ਸ਼ਿੰਗਾਰ ਮੌਕੇ ’ਤੇ ਖੁੰਝ ਜਾਂਦੇ ਹਨ। ਪਤੀ-ਪਤਨੀ ਦੇ ਚਾਅ-ਮਲਾਰ ਪੂਰੇ ਹੀ ਨਹੀਂ ਹੁੰਦੇ। ਕਿਸਾਨ ਦੀ ਫ਼ਸਲ ਮੰਡੀਆਂ ਵਿੱਚ ਅਤੇ ਕਿਸਾਨਾਂ ਦੀਆਂ ਔਰਤਾਂ ਚੁੱਲ੍ਹੇ ਦੇ ਮੂਹਰੇ ਰੁਲ ਜਾਂਦੀਆਂ ਹਨ। ਇਸੇ ਲਈ ਕਿਹਾ ਗਿਆ ਹੈ;

ਮੰਡੀਆਂ ’ਚ ਜੱਟ ਰੁਲਦਾ

ਚੁੱਲ੍ਹੇ ਮੂਹਰੇ ਰੁਲਦੀ ਰਕਾਨ।

ਪੰਜਾਬੀ ਕਿਸਾਨ ਦੀ ਔਰਤ ਦਾ ਹੁਸਨ ਹਮੇਸ਼ਾਂ ਗੁਰਬਤ ਅਤੇ ਲਹੂ ਭਿੱਜੀ ਦਾਸਤਾਨ ਲਿਖਦਾ ਰਹਿੰਦਾ ਹੈ। ਤਰੀਕੇ ਬਦਲੇ ਜ਼ਰੂਰ ਹਨ। ਔਰਤ ਦੇ ਜੀਵਨ ਦੀਆਂ ਕੌੜੀਆਂ ਸੱਚਾਈਆਂ ਤੇ ਸਵੈ ਪ੍ਰਗਟਾਵਾ ਤਾਂ ਰਿਹਾ, ਪਰ ਰੁਮਾਂਸ ਅਤੇ ਸੱਭਿਆਚਾਰਕ ਵੰਨਗੀਆਂ ਵੀ ਮਿਹਨਤ ਦੀ ਚਾਦਰ ਵਿੱਚ ਵਲੇਟੀਆਂ ਰਹੀਆਂ। ਪ੍ਰੀਤ ਦੇ ਅਰਥਾਂ ਨੂੰ ਕੱਚ ਅਤੇ ਪਰਿਵਾਰ ਦੇ ਅਰਥਾਂ ਨੂੰ ਸੱਚ ਸਮਝਣਾ ਔਰਤ ਦੀ ਮਜਬੂਰੀ ਰਹੀ। ਵਰਤਮਾਨ ਸਮਾਜ ਵਿੱਚ ਵੀ ਔਰਤ ਆਰਥਿਕ ਪੱਖੋਂ ਗ਼ੁਲਾਮ ਹੈ। ਅਤੀਤ ਅਤੇ ਵਰਤਮਾਨ ਨੂੰ ਔਰਤ ਦੀ ਦ੍ਰਿਸ਼ਟੀ ਤੋਂ ਮੇਲ ਕਰਾਉਂਦੀ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅੱਜ ਵੀ ਬਿਲਕੁਲ ਸਹੀ ਹੈ:

ਆਰਥਿਕ ਗੁਲਾਮੀ ਔਰਤ ਨੂੰ ਦਾਸ ਬਣਾਉਂਦੀ ਏ

ਤੇ ਉਹ ਦਾਸਤਾਂ

ਫਿਰ ਮਾਨਸਿਕ ਗੁਲਾਮੀ ਬਣ ਜਾਂਦੀ ਏ

ਮਾਨਸਿਕ ਗੁਲਾਮੀ ਜਦੋਂ ਨਾਸੂਰ ਬਣ ਜਾਂਦੀ ਏ

ਤਾਂ ਲੋਕ ਨਾਸੂਰ ਦੀ ਬਦਨ ਉੱਤੇ ਪਵਿੱਤਰਤਾ ਦੀ

ਰੰਗਲੀ ਪੁਸ਼ਾਕ ਪਾ ਦਿੰਦੇ ਨੇ

ਤੇ ਇਹ ਪਵਿੱਤਰਤਾ ਜਿਹੜੀ

ਖੁਦ ਮੁਖਤਿਆਰੀ ਵਿੱਚੋਂ ਨਹੀਂ

ਮਜਬੂਰੀ ਵਿੱਚੋਂ ਜਨਮ ਲੈਂਦੀ ਹੈ

ਸਮਾਜੀ ਖ਼ਜ਼ਾਨੇ ਦਾ ਕੀਮਤੀ ਸਿੱਕਾ ਬਣ ਜਾਂਦੀ ਏ

ਤਾਂ ਸਮਾਜ ਹਰ ਔਰਤ ਨੂੰ ਇਸ ਸਿੱਕੇ ਨਾਲ ਤੋਲਦਾ ਏ।

ਪੇਂਡੂ ਔਰਤ ਨੇ ਹੱਡ ਭੰਨਵੀਂ ਮਿਹਨਤ ਅਤੇ ਗੁਰਬਤ ਵਿੱਚ ਵੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਪੱਲਾ ਨਹੀਂ ਛੱਡਿਆ। ਕਬੀਲਦਾਰੀ ਦੇ ਝੰਜਟ, ਸੱਸ ਅਤੇ ਪਰਿਵਾਰ ਦੇ ਬੰਦੀਆਂ ਵਿੱਚ ਪਿਸ ਕੇ ਚਾਅ ਮਲਾਰਾਂ ਨੂੰ ਦਾਅ ’ਤੇ ਲਾ ਰੱਖਦੀ ਹੈ। ਉਸ ਦਾ ਚਰਿੱਤਰ ਬਾਗੀਆਨ ਨਹੀਂ ਬਲਕਿ ਘਰ ਨੂੰ ਸਮਰਪਿਤ ਰਿਹੈ। ਰਹੱਸ, ਰੁਮਾਂਸ ਅਤੇ ਪਿਆਰ ਲਈ ਕਈ ਵਾਰ ਕੰਮ ਵਿੱਚ ਜਕੜੀ ਕਿਸਾਨ ਔਰਤ ਲਈ ਸਭ ਕੁਝ ਗੁੰਝਲਦਾਰ ਬਣਿਆ ਰਹਿੰਦਾ ਹੈ। ਸਵੇਰੇ ਉੱਠਣ ਤੋਂ ਆਥਣੇ ਸੌਣ ਤੱਕ ਸਾਰੇ ਪਰਿਵਾਰ ਦੀ ਜੂਠ ਮਾਂਜਦੀ ਰਹਿੰਦੀ ਹੈ। ਹਰ ਚੀਜ਼ ਹੱਸ ਕੇ ਜ਼ਰਨੀ ਅਤੇ ਕੰਮ ਦੀ ਲਗਨ ਵਿੱਚ ਮਗਨ ਰਹਿਣ ਦੀ ਪ੍ਰਵਿਰਤੀ ਉਸ ਵਿੱਚ ਸਮੇਂ ਅਤੇ ਹਾਲਾਤ ਨੇ ਪੈਦਾ ਕੀਤੀ ਹੈ। ਉਸ ਦੀ ਅੰਦਰਲੀ ਲੋਅ ਆਤਮ ਵਿਰੋਧੀ ਅਤੇ ਦੋ ਚਿੱਤੀ ਦਾ ਸ਼ਿਕਾਰ ਹੋ ਨਿੱਬੜਦੀ ਹੈ। ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਨਵੇਂ ਸਮਾਜ ਅਤੇ ਆਦਰਸ਼ ਦੀ ਮੰਗ ਅੱਜ ਵੀ ਉੱਥੇ ਹੀ ਖੜ੍ਹੀ ਹੈ;

ਟੁੱਟ ਜਾਵਣ ਕੈਦਾਂ ਹੱਦਬੰਦੀਆਂ

ਵੰਡ ਰਹੇ ਨਾ ਕਾਣੀ

ਹਰ ਇੱਕ ਬੰਦਾ ਸ਼ਾਹ ਦੁਨੀਆ ਦਾ

ਹਰ ਇੱਕ ਤੀਵੀਂ ਰਾਣੀ।

ਘਰੇਲੂ ਔਰਤ ਕ੍ਰਾਂਤੀਕਾਰੀ ਨਹੀਂ ਮਾਨਵਵਾਦੀ ਗਹਿਣਾ ਪਹਿਨਦੀ ਹੈ। ਪਰਿਵਾਰ, ਸਥਿਤੀਆਂ ਅਤੇ ਪ੍ਰਸਤਿਥੀਆਂ ਨੂੰ ਆਪਣੀ ਸੂਝ ਅਨੁਸਾਰ ਮਿਹਨਤ ਦੇ ਨਾਲ-ਨਾਲ ਤੋਰੀ ਰੱਖਦੀ ਹੈ। ਉਨ੍ਹਾਂ ਵਿੱਚ ਹੀ ਰੁੱਝੀ ਰਹਿੰਦੀ ਹੈ। ਉਸ ਨੂੰ ਵਿਰਸੇ ਨੇ ਹਿੱਸੇ ਦਾ ਕੰਮ ਸੌਂਪਿਆ ਹੋਇਆ ਹੈ। ਉਸ ਦਾ ਹੀ ਲੜ ਫੜੀ ਰੱਖਦੀ ਹੈ। ਕਿਸਾਨੀ ਔਰਤ ਘਰ ਦੀਆਂ ਕਮਾਈਆਂ ਵਿੱਚੋਂ ਹਾਰ-ਸ਼ਿੰਗਾਰ ਅਤੇ ਗਹਿਣਾ ਪਾਉਣਾ ਲੋਚਦੀ ਹੈ। ਇਸ ਦੇ ਦੋ ਕਾਰਨ ਹਨ। ਇੱਕ ਕਾਰਨ ਅਰਮਾਨ, ਦੂਜਾ ਕਾਰਨ ਤੰਗੀ ਸਮੇਂ ਗਹਿਣੇ ਦਾ ਕੰਮ ਆਉਣਾ। ਪਤੀ-ਪਤਨੀ ਦਾ ਰਿਸ਼ਤਾ ਪੇਂਡੂ ਅਤੇ ਕਿਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਦੋਵਾਂ ਦਾ ਰਸਤਾ ਮੁਸ਼ੱਕਤ ਵਾਲਾ ਹੈ। ਫਿਰ ਵੀ ਪਤੀ, ਪਤਨੀ ਦੇ ਅਰਮਾਨ ਪੂਰੇ ਕਰਨ ਦੀ ਕੋਸ਼ਿਸ ਕਰਦਾ ਹੈ।

ਔਰਤ ਹਰ ਤਰ੍ਹਾਂ ਦਾ ਸਾਥ ਦਿੰਦੀ ਹੈ, ਫਿਰ ਵੀ ਸਹੂਲਤਾਂ ਪੱਖੋਂ ਹੀਣੀ ਰਹਿੰਦੀ ਹੈ। ਪਤੀ ਸਖ਼ਤ ਮਿਹਨਤ ਦਾ ਵਾਸਤਾ ਪਾ ਕੇ ਅਤੇ ਛਿਮਾਹੀ ਦੀ ਉਡੀਕ ਵਿੱਚ ਪਤਨੀ ਦੇ ਸ਼ੌਕ ਅਤੇ ਸ਼ਿੰਗਾਰ ਨੂੰ ਪੂਰਾ ਕਰਨ ਲਈ ਮਿਹਣੇ ਸੁਣਦਾ ਰਹਿੰਦਾ ਹੈ। ਸਾਂਝੇ ਪਰਿਵਾਰ ਵਿੱਚ ਲੁਕ ਛਿਪ ਕੇ ਵੀ ਪਤੀ-ਪਤਨੀ ਰਿਸ਼ਤੇ ਨੂੰ ਖੁਸ਼ਗਵਾਰ ਬਣਾਉਣ ਦੀ ਕੋਸ਼ਿਸ ਕਰਦੇ ਹਨ। ਫ਼ਸਲਾਂ ਦੀ ਆਮਦ ਨੂੰ ਮੁੱਖ ਰੱਖ ਕੇ ਪਤੀ ਅਤੇ ਪਤਨੀ ਨੂੰ ਖ਼ੁਸ਼ ਕਰਨ ਦਾ ਸੁਨੇਹਾ ਦਿੰਦਾ ਹੈ;

ਕਾਂਟੇ ਵੀ ਕਰਾ ਦਊਂ, ਸੂਟ ਵੀ ਸਵਾ ਦਊਂ

ਪੂਰੀ ਮੈਂ ਬਣਾ ਦਊਂ ਸ਼ੌਕੀਨ ਜੱਟੀਏ,

ਭਾਵੇਂ ਵਿਕ ਜੇ ਮੇਰੀ ਜ਼ਮੀਨ ਜੱਟੀਏ।

ਜਦੋਂ ਮਿਹਨਤ ਨੂੰ ਬੂਰ ਨਾ ਪਵੇ ਅਤੇ ਕੁਦਰਤੀ ਕਰੋਪੀ ਹੋ ਜਾਵੇ ਤਾਂ ਪਤੀ-ਪਤਨੀ ਵਿੱਚ ਨੋਕ-ਝੋਕ ਸੁਭਾਵਿਕ ਹੁੰਦੀ ਹੈ। ਪਤੀ ਅੰਦਰੋਂ ਗੁਰਬਤ ਦਾ ਝੰਬਿਆ ਪਤਨੀ ਨੂੰ ਨਾ ਚਾਹੁੰਦੇ ਹੋਏ ਵੀ ਕਰਾਰੇ ਜਵਾਬ ਦੇ ਦਿੰਦਾ ਹੈ ਭਾਵੇਂ ਅੰਦਰੋਂ ਇਨ੍ਹਾਂ ਜਵਾਬਾਂ ਨਾਲ ਵੀ ਦੁਖੀ ਹੀ ਹੁੰਦਾ ਹੈ। ਆਮ ਤੌਰ ’ਤੇ ਪਤੀ-ਪਤਨੀ ’ਤੇ ਸਭ ਕੁਝ ਵਾਰ ਦਿੰਦਾ ਹੈ, ਪਰ ਮਿਹਨਤ ਨੂੰ ਬੂਰ ਨਾ ਪੈਣਾ ਵੱਡੀ ਰੁਕਾਵਟ ਹੁੰਦਾ ਹੈ। ਓਹਲੇ ਚੋਹਲੇ ਵੀ ਪਤੀ-ਪਤਨੀ ਦਾ ਪੱਖ ਪੂਰਦਾ ਹੈ, ਇਸੇ ਲਈ ਇੱਕ ਸੱਭਿਆਚਾਰਕ ਵੰਨਗੀ ਪਤੀ ਦੇ ਪਿਆਰ ਅਤੇ ਪਤਨੀ ਪ੍ਰਤੀ ਜ਼ਿੰਮੇਵਾਰੀ ਨੂੰ ਇਉਂ ਦਰਸਾਉਂਦੀ ਹੈ;

ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ

ਕਿਸੇ ਨਾਲ ਗੱਲ ਨਾ ਕਰੀਂ

ਸੰਪਰਕ: 98781-11445

Advertisement