ਜਦ ਬੀਬੀਆਂ ਨੇ ਗਿੱਧੇ ਵਿੱਚ ਪਾਈਆਂ ਧੁੰਮਾਂ
19 ਅਕਤੂਬਰ 2025 ਨੂੰ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿੱਚ ਭਰਵੀਂ ਹਾਜ਼ਰੀ ਵਿੱਚ ਹੋਈ। ਸਭ ਤੋਂ ਪਹਿਲਾਂ ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਨੇ ਹਾਲ ਵਿੱਚ ਹਾਜ਼ਰ ਮੈਬਰਾਂ ਨੂੰ ‘ਜੀ ਆਇਆਂ’ ਆਖਿਆ ਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਪਰੰਤ ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਪੂਰੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ।
7 ਅਕਤੂਬਰ ਨੂੰ ਚੈਸਟਮੇਅਰ ਪਿਕਨਿਕ ਮਨਾਉਣ ਗਈਆਂ ਭੈਣਾਂ ਨੇ ਮਨਿੰਦਰ ਕੌਰ ਚਾਨੇ ਅਤੇ ਤਮੰਨਾ ਦੀ ਅਗਵਾਈ ਹੇਠ ਵਰਕਸ਼ਾਪ ਲਾ ਕੇ ਦੀਵੇ ਤਿਆਰ ਕੀਤੇ ਜੋ ਅੱਜ ਸਟੇਜ ’ਤੇ ਸੁਸ਼ੋਭਿਤ ਕੀਤੇ ਗਏ। ਫੂਡ ਕਮੇਟੀ ਵਾਲੀਆਂ ਭੈਣਾਂ ਨੇ ਥਾਲ ਵਿੱਚ ਦੀਵੇ ਸਜਾ ਕੇ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’ ਸ਼ਬਦ ਗਾਇਆ।
123 ਨੌਨ ਪ੍ਰੌਫਿਟ ਆਗੇਨਾਈਜ਼ੇਸ਼ਨ ਵੱਲੋਂ ਅਮਨਪ੍ਰੀਤ ਕੌਰ ਨੇ ਬੈਂਕ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਵੀਰਪਾਲ ਕੌਰ ਨੇ ਵਾਈਵਾਈ3 8ਓਮ 3ਆਰ ਸਰਵਿਸਿਜ਼ ਬਾਰੇ ਜਾਣੂ ਕਰਾਇਆ। ਬਚਿੱਤਰ ਸਿੰਘ ਨੇ ਐੱਨਆਰ9, ਦੇ ਮਸਲੇ ਹੱਲ ਕਰਵਾਉਣ ਲਈ ਅਪਣਾ ਨੁਮਾਇੰਦਾ ਚੁਣਨ ਲਈ ਵੋਟਾਂ ਬਾਰੇ ਜਾਣਕਾਰੀ ਦਿੱਤੀ। ਜਗਦੇਵ ਸਿੰਘ ਸਿੱਧੂ ਨੇ ਕੈਨੇਡਾ ਦੇ ਮੂਲ ਨਿਵਾਸੀਆਂ ਦੀ ਕੀਤੀ ਗਈ ਤੇ ਕੀਤੀ ਜਾ ਰਹੀ ਨਸਲਕੁਸ਼ੀ ਬਾਰੇ ਦੱਸਿਆ ਤੇ ਪੰਜਾਬੀਆਂ ਨੂੰ ਇਸ ਤੋਂ ਸਬਕ ਸਿੱਖਣ ਲਈ ਪ੍ਰੇਰਿਆ। ਇਰਫਾਨ ਸ਼ਬੀਰ ਅਤੇ ਗੁਰਿੰਦਰ ਸਿੰਘ ਬਰਾੜ ਨੇ ਵੀ ਹਾਜ਼ਰੀ ਲਗਵਾਈ।
ਗੁਰਦੀਸ਼ ਕੌਰ ਗਰੇਵਾਲ ਨੇ ਬਜ਼ੁਰਗਾਂ ਬਾਰੇ ਕਵਿਤਾ ਸੁਣਾਈ। ਇਸ ਤੋਂ ਬਾਅਦ ਕੁਲਦੀਪ ਕੌਰ ਘਟੌੜਾ, ਸੁਰਜੀਤ ਧੁੰਨਾ ਅਤੇ ਮੁਖਤਿਆਰ ਕੌਰ ਨੇ ਵਣਜਾਰਨ, ਮਾਲਣ ਅਤੇ ਗੱਡੀਆਂ ਵਾਲੀ ਬਣ ਕੇ ਅਲੋਪ ਹੋ ਚੁੱਕੇ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ। ਰਣਜੀਤ ਕੌਰ ਲੰਮੇ ਨੇ ਗੀਤ ਗਾਇਆ। ਸਭਾ ਦੇ ਸਾਊਥ ਵਿੰਗ ਵਾਲੀਆਂ ਭੈਣਾਂ ਤਮੰਨਾ, ਪ੍ਰੋਮਿਲਾ, ਸੁਰਜੀਤ ਢਿੱਲੋਂ ਅਤੇ ਸਾਥਣਾਂ ਨੇ ਮੌਡਰਨ ਟੱਪੇ ਗਾਏ ਅਤੇ ਕਮੇਡੀ ਸਕਿੱਟ ਪੇਸ਼ ਕਰ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ।
ਸਰਬਜੀਤ ਉਪੱਲ ਦੀ ਪੇਸ਼ਕਾਰੀ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਗੁਰਨਾਮ ਕੌਰ ਅਤੇ ਗੁਰਜੀਤ ਕੌਰ ਬਵੇਜਾ ਨੇ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਵਿੱਚ ਬਜ਼ੁਰਗਾਂ ਦੀ ਹਾਲਤ ਬਾਰੇ ਸਕਿੱਟ ਪੇਸ਼ ਕਰਕੇ ਸਾਰਿਆਂ ਨੂੰ ਭਾਵੁਕ ਕੀਤਾ। ਅਖੀਰ ਵਿੱਚ ਜੁਗਿੰਦਰ ਪੁਰਬਾ, ਸੁਰਿੰਦਰ ਸੰਧੂ, ਜਸਮਿੰਦਰ ਬਰਾੜ, ਅਮਰਜੀਤ ਗਰੇਵਾਲ, ਬਲਵੀਰ ਗਰੇਵਾਲ, ਅਮਰਜੀਤ ਵਿਰਦੀ, ਬਲਬੀਰ ਹਜ਼ੂਰੀਆਂ, ਸੁਰਜੀਤ ਢਿੱਲੋਂ, ਜਸਵੀਰ ਮਾਨ, ਅਵਤਾਰ ਕੌਰਤੇ ਛਿੰਦਰ ਦਿਓਲ ਭੈਣਾਂ ਨੇ ਗਿੱਧੇ ਦੀਆਂ ਧਮਾਲਾਂ ਪਾ ਕੇ ਸਾਰਿਆਂ ਨੂੰ ਨੱਚਣ ਲਾ ਦਿੱਤਾ। ਸਭਾ ਦੀ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਸਾਰੇ ਪ੍ਰੋਗਰਾਮ ਨੂੰ ਬਹੁਤ ਹੀ ਸੂਝ ਬੂਝ ਨਾਲ ਨੇਪਰੇ ਚਾੜਿ੍ਹਆ। ਫੂਡ ਕਮੇਟੀ ਵਾਲੀਆਂ ਭੈਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਵਧੀਆ ਦੀਵੇ ਸਜਾਉਣ ਵਾਲੀਆਂ ਭੈਣਾਂ ਨੂੰ ਤੋਹਫੇ ਵੰਡੇ। ਚਾਹ ਅਤੇ ਲੰਗਰ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਸੀ।
