ਕੱਚੇ ਕੋਠਿਆਂ ਤੋਂ ਪੈਲੇਸਾਂ ਤੱਕ ਵਿਆਹ
ਸਾਡੇ ਦਾਦੇ-ਪੜਦਾਦਿਆਂ ਦਾ ਵਕਤ ਸਾਥੋਂ ਅਗਲੀ ਪੀੜ੍ਹੀ ਲਈ ਇੱਕ ਸੁਪਨੇ ਵਾਂਗ ਹੈ ਕਿਉਂਕਿ ਇੱਕ ਸਦੀ ਦਾ ਵਕਫ਼ਾ ਬੜਾ ਲੰਬਾ ਹੁੰਦਾ ਹੈ ਤੇ ਇਸ ਵਕਫ਼ੇ ’ਚ ਬੜਾ ਕੁਝ ਬਦਲ ਚੁੱਕਾ ਹੈ। ਉਨ੍ਹਾਂ ਸਮਿਆਂ ’ਚ ਵਿਆਹ ਬਿਲਕੁਲ ਸਾਦੇ ਤੇ ਘੱਟ ਖ਼ਰਚੀਲੇ ਹੁੰਦੇ ਸਨ। ਬੇਸ਼ੱਕ ਉਦੋਂ ਭਾਵੇਂ ਪੈਸੇ ਦੀ ਥੁੜ੍ਹ ਸੀ, ਪਰ ਲੋਕਾਂ ਦਾ ਜੀਵਨ ਸੁਖਾਲਾ ਸੀ ਤੇ ਸੁਭਾਅ ਪੱਖੋਂ ਲੋਕ ਅਮੀਰ ਸਨ। ਰਹਿਣੀ ਬਹਿਣੀ ਤੇ ਖਾਣਾ ਪੀਣਾ ਬਿਲਕੁਲ ਸਾਦਾ ਸੀ। ਜੇ ਗੱਲ ਵਿਆਹਾਂ ਦੀ ਕਰੀਏ ਤਾਂ ਕੇਵਲ ਕੁਝ ਕੁ ਹਜ਼ਾਰ ’ਚ ਵਿਆਹ ਨੇਪਰੇ ਚੜ੍ਹ ਜਾਇਆ ਕਰਦੇ ਸਨ।
ਬਹੁਤੇ ਲੋਕਾਂ ਦੇ ਘਰ ਕੱਚੀ ਮਿੱਟੀ ਦੇ ਬਣੇ ਹੁੰਦੇ ਸਨ, ਪਰ ਰਿਸ਼ਤੇ ਬੜੇ ਪੱਕੇ ਹੁੰਦੇ ਸਨ। ਆਮਦਨੀ ਦੇ ਸਾਧਨ ਥੋੜ੍ਹੇ ਸਨ ਤੇ ਲੋਕਾਂ ’ਚ ਲਾਲਚ ਨਹੀਂ ਸੀ ਤੇ ਨਾ ਹੀ ਪੈਸੇ ਦੀ ਦੌੜ ਸੀ। ਅਗਲੀ ਗੱਲ ਰਿਸ਼ਤੇ ਅੱਜ ਵਾਂਗ ਮੁੰਡਾ-ਕੁੜੀ ਖ਼ੁਦ ਨਹੀਂ ਕਰਿਆ ਕਰਦੇ ਸਨ। ਸਗੋਂ ਮਾਪਿਆਂ ਜਾਂ ਕਿਸੇ ਰਿਸ਼ਤੇਦਾਰ ਵੱਲੋਂ ਇੱਕ-ਦੂਜੇ ਦੇ ਵਿਸ਼ਵਾਸ ਉੱਤੇ ਬਿਨ ਦੇਖੇ ਰਿਸ਼ਤੇ ਤੈਅ ਹੋ ਜਾਂਦੇ ਸਨ ਜੋ ਬੜੇ ਚੰਗੇ ਢੰਗ ਨਾਲ ਆਖ਼ਰੀ ਸਾਹਾਂ ਤੱਕ ਨਿਭਦੇ ਸਨ। ਉਦੋਂ ਰਿਸ਼ਤੇ ਕੱਚੇ ਨਹੀਂ ਸਗੋਂ ਪੱਕੇ ਹੁੰਦੇ ਸਨ। ਜਿੱਥੇ ਘਰਦਿਆਂ ਨੇ ਹਾਂ ਕਰ ਦਿੱਤੀ, ਰਿਸ਼ਤਾ ਪੱਕਾ ਹੋ ਜਾਂਦਾ। ਮੁੰਡੇ-ਕੁੜੀ ਤੋਂ ਕਦੇ ਪੁੱਛਿਆ ਨਹੀਂ ਜਾਂਦਾ ਸੀ ਤੇ ਨਾ ਹੀ ਮੁੰਡੇ-ਕੁੜੀ ਦੀ ਹਿੰਮਤ ਹੁੰਦੀ ਸੀ ਮਾਪਿਆਂ ਦੀ ਗੱਲ ਨੂੰ ਟਾਲਣ ਦੀ।
ਉਸ ਜ਼ਮਾਨੇ ’ਚ ਲੋਕ ਸਕੂਨ ਦੀ ਜ਼ਿੰਦਗੀ ਜਿਊਂਦੇ ਸਨ। ਵੈਰ ਵਿਰੋਧ ਬੜਾ ਘੱਟ ਹੁੰਦਾ ਸੀ। ਪਿਆਰ ਦੀਆਂ ਤੰਦਾ ਇੰਨੀਆਂ ਮਜ਼ਬੂਤ ਹੁੰਦੀਆਂ ਸਨ ਕਿ ਪੁੱਛੋ ਕੁਝ ਨਾ ਜੋ ਛੇਤੀ ਦੇਣੀ ਟੁੱਟਦੀਆਂ ਨਹੀਂ ਸਨ। ਵਿਆਹ ਸਾਦੇ ਤੇ ਵਿਖਾਵੇ ਤੋਂ ਕੋਹਾਂ ਦੂਰ ਹੁੰਦੇ, ਬਰਾਤ ਬੈਲ ਗੱਡਿਆਂ ’ਤੇ ਆਇਆ ਕਰਦੀ ਜੋ ਕਈ ਕਈ ਦਿਨ ਰਹਿੰਦੀ ਸੀ। ਬਰਾਤੀਆਂ ਲਈ ਮੰਜੇ ’ਕੱਠੇ ਕਰਕੇ ਬਾਹਰ ਸਾਂਝੀ ਜਗ੍ਹਾ ਜਿਵੇਂ ਗੁਰਦੁਆਰਾ ਸਾਹਿਬ ਜਾਂ ਧਰਮਸ਼ਾਲਾ ’ਚ ਡਾਹ ਦਿੱਤੇ ਜਾਂਦੇ, ਜਿੱਥੇ ਬਰਾਤੀ ਠਹਿਰਦੇ ਸਨ। ਬਰਾਤ ਨੂੰ ਅੱਜ ਵਾਂਗ ਮੇਜ਼ ਕੁਰਸੀਆਂ ਲਾ ਕੇ ਖਾਣਾ ਨਹੀਂ ਖੁਆਇਆ ਜਾਂਦਾ ਸੀ, ਬਲਕਿ ਘਰੇਲੂ ਭਾਂਡਿਆਂ ’ਚ ਹੀ ਖੁਆਇਆ ਜਾਂਦਾ। ਇਹ ਭਾਂਡੇ ਸਾਂਝੇ ਹੁੰਦੇ ਸਨ ਜਿਸ ਨੂੰ ਬੇਲ ਵਾਲੇ ਭਾਂਡੇ ਆਖਿਆ ਜਾਂਦਾ ਸੀ। ਕੁੜੀ ਵਾਲਿਆਂ ਵੱਲੋਂ ਬਰਾਤੀਆਂ ਦੀ ਰੱਜ ਕੇ ਸੇਵਾ ਕੀਤੀ ਜਾਂਦੀ ਸੀ। ਬਰਾਤੀਆਂ ਨੂੰ ਸਵੇਰੇ ਚਾਹ ਨਾਲ ਦੋ-ਤਿੰਨ ਕਿਸਮ ਦੀ ਮਠਿਆਈ ਤੋਂ ਇਲਾਵਾ ਪਕੌੜੇ ਦਿੱਤੇ ਜਾਂਦੇ ਤੇ ਰੋਟੀ ’ਚ ਵੀ ਬਸ ਇੱਕ-ਦੋ ਸਬਜ਼ੀਆਂ ਤੇ ਬੱਕਰੇ ਦੇ ਮੀਟ ਨਾਲ ਖੁੱਲ੍ਹ ਕੇ ਸੇਵਾ ਕੀਤੀ ਜਾਂਦੀ। ਬਰਾਤ ਆਉਂਦੀ ਵੀ ਸਾਦੇ ਕੱਪੜਿਆਂ ’ਚ ਸੀ, ਅੱਜ ਵਾਂਗ ਬਰਾਤੀ ਬਾਹਲੀ ਟੌਹਰ ਵਗੈਰਾ ਕੱਢ ਕੇ ਨਹੀਂ ਆਉਂਦੇ ਸਨ। ਉਦੋਂ ਨਵੇ ਕੱਪੜੇ ਵੀ ਵਿਆਹਾਂ ਆਦਿ ਉੱਤੇ ਹੀ ਸਵਾਏ ਜਾਂਦੇ ਸਨ।
ਜਿਉਂ ਜਿਉਂ ਸਮਾਂ ਬਦਲਦਾ ਗਿਆ ਤਾਂ ਵਿਆਹਾਂ ’ਚ ਬਰਾਤ ਦੀ ਸੇਵਾ ਕਰਨ ’ਚ ਵੀ ਵਾਧਾ ਹੁੰਦਾ ਗਿਆ। ਜਿੱਥੇ ਜਿੱਥੇ ਪਹਿਲਾਂ ਬਰਾਤ ਕਈ ਕਈ ਦਿਨ ਰੁਕਦੀ ਸੀ, ਉੱਥੇ ਹੁਣ ਬਰਾਤ ਸਵੇਰੇ ਜਾਂਦੀ ਹੈ ਤੇ ਸ਼ਾਮ ਨੂੰ ਡੋਲੀ ਲੈ ਕੇ ਘਰ ਵਾਪਸ ਆ ਜਾਂਦੀ ਹੈ। ਹੁਣ ਬਰਾਤ ਪਹਿਲਾਂ ਵਾਂਗ ਘਰੋਂ ਇਕੱਠੀ ਨਹੀਂ ਜਾਂਦੀ। ਸਗੋਂ ਬਹੁਤੇ ਬਰਾਤੀ ਸਿੱਧੇ ਪੈਲੇਸਾਂ ’ਚ ਜਾਂਦੇ ਹਨ ਤੇ ਉੱਥੇ ਸ਼ਗਨ ਪਾ ਕੇ ਖਾਣਾ ਖਾਂਦੇ ਹਨ ਤੇ ਦੋ-ਚਾਰ ਘੰਟਿਆਂ ’ਚ ਵਾਪਸ ਆ ਜਾਂਦੇ ਹਨ। ਡੋਲੀ ਸਮੇਂ ਤਾਂ ਕੇਵਲ ਮੁੰਡੇ-ਕੁੜੀ ਦੇ ਘਰਦੇ ਤੇ ਕੁਝ ਚੋਣਵੇਂ ਰਿਸ਼ਤੇਦਾਰ ਹੀ ਹੁੰਦੇ ਹਨ।
ਪੁਰਾਣੇ ਵਕਤਾਂ ’ਚ ਦਾਜ ਵਿੱਚ ਸਿਰਫ਼ ਘਰ ਦੀ ਵਰਤੋਂ ਵਾਲਾ ਜ਼ਰੂਰੀ ਸਾਮਾਨ ਹੀ ਦਿੱਤਾ ਜਾਂਦਾ ਸੀ। ਉਹ ਸਾਮਾਨ ਵੀ ਬਹੁਤਾ ਨਿਉਂਦੇ ਦੇ ਰੂਪ ’ਚ ਰਿਸ਼ਤੇਦਾਰ ਹੀ ਦਿੰਦੇ ਸਨ, ਜਿਸ ਕਰਕੇ ਵਿਆਹ ਉੱਤੇ ਹੋਣ ਵਾਲਾ ਖ਼ਰਚ ਵੰਡਿਆ ਜਾਂਦਾ ਸੀ। ਜਦੋਂ ਕਿ ਕੁਝ ਸਾਮਾਨ ਜਿਵੇਂ ਦਰੀਆਂ ਤੇ ਚਾਦਰਾਂ ਵਗੈਰਾ ਕੁੜੀ ਵਿਆਹ ਤੋਂ ਪਹਿਲੋਂ ਹੀ ਤਿਆਰ ਕਰ ਲੈਂਦੀ ਸੀ। ਇਸ ਤਰ੍ਹਾਂ ਕਰਨ ਨਾਲ ਮਾਪਿਆਂ ਉੱਤੇ ਪੈਸਿਆਂ ਦਾ ’ਕੱਠਾ ਪੈਣ ਵਾਲਾ ਭਾਰ ਹਲਕਾ ਹੋ ਜਾਂਦਾ ਸੀ। ਪ੍ਰਾਹੁਣੇ ਵਿਆਹ ਵਾਲੇ ਘਰ ਕਈ ਕਈ ਦਿਨ ਪਹਿਲੋਂ ਆ ਜਾਂਦੇ ਤੇ ਕੰਮਕਾਰ ’ਚ ਹੱਥ ਵਟਾਉਂਦੇ ਅਤੇ ਵਿਆਹ ’ਚ ਵਰਤੀ ਜਾਣ ਵਾਲੀ ਮਠਿਆਈ ਘਰਾਂ ’ਚ ਹੀ ਹਲਵਾਈ ਲਾ ਕੇ ਤਿਆਰ ਕੀਤੀ ਜਾਂਦੀ ਸੀ। ਬਰਾਤੀਆਂ ਨੂੰ ਘਰ ਦੀ ਮਠਿਆਈ ਹੀ ਥਾਲੀਆਂ ’ਚ ਪਾ ਕੇ ਦਿੱਤੀ ਜਾਂਦੀ। ਉਹ ਥਾਲੀਆਂ ਹੁਣ ਦੀ ਕਰੌਕਰੀ ਦੀ ਤਰ੍ਹਾਂ ਕਿਰਾਏ ਜਾਂ ਟੈਂਟ ਵਾਲਿਆਂ ਤੋਂ ਕਿਰਾਏ ’ਤੇ ਨਹੀਂ ਲਿਆਂਦੀ ਜਾਂਦੀ ਸੀ ਸਗੋਂ ਬੇਲ (ਭਾਂਡੇ) ਜੋ ਗੁਰਦੁਆਰੇ ਜਾਂ ਸਾਂਝੀ ਜਗ੍ਹਾ ਪਈ ਹੁੰਦੀ ਸੀ, ਉੱਥੋਂ ਲੋੜ ਅਨੁਸਾਰ ਲਿਆਂਦੀ ਜਾਂਦੀ ਜੋ ਵਿਆਹ ਖ਼ਤਮ ਹੋਣ ਪਿੱਛੋਂ ਗਿਣਤੀ ਕਰਕੇ ਵਾਪਸ ਦੇ ਦਿੱਤੀ ਜਾਂਦੀ। ਜੇ ਕੋਈ ਭਾਂਡਾ ਗੁਆਚ ਜਾਂਦਾ ਤਾਂ ਉਸ ਦੀ ਜਗ੍ਹਾ ਨਵਾਂ ਭਾਂਡਾ ਲਿਆ ਕਿ ਬੇਲ ਨੂੰ ਗਿਣਤੀ ’ਚ ਪੂਰਾ ਕਰ ਦਿੱਤਾ ਜਾਂਦਾ। ਜੇ ਕੋਈ ਜ਼ਿਆਦਾ ਅਮੀਰ ਹੁੰਦਾ ਤਾਂ ਉਹ ਕਰੌਕਰੀ ਲਿਆਉਂਦਾ ਤੇ ਟੈਂਟ ਆਦਿ ਲਾ ਕੇ ਵਿਆਹ ਕਰਦਾ, ਨਹੀਂ ਤਾਂ ਲੋਕ ਸਾਦਾ ਵਿਆਹ ਕਰਦੇ ਸਨ। ਕਿਸੇ ’ਚ ਕੋਈ ਨਖਰਾ ਨਹੀਂ ਹੁੰਦਾ ਸੀ। ਵਿਆਹ ਤੋਂ ਹਫ਼ਤਾ ਦਸ ਦਿਨ ਪਹਿਲਾਂ ਗਲੀ ਮੁਹੱਲੇ ਵਾਲੀਆਂ ਜਨਾਨੀਆਂ ਰਾਤ ਨੂੰ ਇਕੱਠੇ ਹੋ ਕੇ ਵਿਆਹ ਵਾਲੇ ਘਰ ਕੇਵਲ ਢੋਲਕੀ ਉੱਤੇ ਹੀ ਗੀਤ ਗਾਉਂਦੀਆਂ ਹੁੰਦੀਆਂ ਸਨ। ਉਸ ਲਈ ਬਕਾਇਦਾ ਆਂਢ ਗੁਆਂਢ ’ਚ ਗਾਉਣ ਦਾ ਸੱਦਾ ਭੇਜਿਆ ਜਾਂਦਾ। ਉਦੋਂ ਅੱਜ ਦੇ ਲੇਡੀ ਸੰਗੀਤ ਨਾਲੋਂ ਜ਼ਿਆਦਾ ਰੌਣਕਾ ਲੱਗਦੀਆਂ ਸਨ ਤੇ ਕੋਈ ਖ਼ਰਚ ਵੀ ਨਹੀਂ ਆਉਂਦਾ ਸੀ। ਇਸ ਤਰ੍ਹਾਂ ਆਂਢ-ਗੁਆਂਢ ’ਚ ਪਿਆਰ ਬਣਿਆ ਰਹਿੰਦਾ ਸੀ। ਜਿਸ ਘਰ ਵਿਆਹ ਹੋਣਾ ਤਾਂ ਸਾਰੇ ਪਿੰਡ ਤੇ ਗਲੀ ਮੁਹੱਲੇ ਨੇ ਦੁੱਧ ਦੇ ਜਾਣਾ ਜਿਸ ਕਰਕੇ ਵਿਆਹ ਵਾਲੇ ਘਰ ਨੂੰ ਮੁੱਲ ਦੁੱਧ ਜਾਂ ਹੋਰ ਸਾਮਾਨ ਖ਼ਰੀਦਣ ਦੀ ਬਹੁਤ ਘੱਟ ਹੀ ਲੋੜ ਪੈਂਦੀ। ਇਸ ਤਰ੍ਹਾਂ ਬੜੇ ਘੱਟ ਖ਼ਰਚੇ ’ਚ ਵਿਆਹਾਂ ਹੋ ਜਾਇਆ ਕਰਦੇ ਸਨ।
ਹੌਲੀ ਹੌਲੀ ਹੋਰ ਸਮਾਂ ਬਦਲਿਆ ਤੇ ਲੋਕਾਂ ਕੋਲ ਵਧੇਰੇ ਪੈਸਾ ਆਉਣ ਲੱਗਾ। ਜੋ ਵਿਆਹ ਪਹਿਲੋਂ ਬਿਨਾਂ ਟੈਂਟ ਲਾਏ ਕੀਤੇ ਜਾਂਦੇ ਸਨ, ਉਹ ਚਾਨਣੀਆਂ ਕਨਾਤਾਂ ਲਾ ਕੇ ਕੀਤੇ ਜਾਣ ਲੱਗੇ ਤੇ ਬਰਾਤ ਗੱਡਿਆਂ ਦੀ ਜਗ੍ਹਾ ਟਰੈਕਟਰ ਟਰਾਲੀਆਂ ’ਚ ਆਉਣ ਲੱਗੀ। ਜਿਵੇਂ ਜਿਵੇਂ ਲੋਕਾਂ ਕੋਲ ਪੈਸਾ ਵਧਦਾ ਗਿਆ, ਸਮਾਂ ਵੀ ਬਦਲਦਾ ਗਿਆ ਤੇ ਬਰਾਤ ਵੀ ਗੱਡਿਆ ਤੋਂ ਗੱਡੀਆਂ (ਲਾਰੀਆਂ, ਬੱਸਾਂ) ’ਤੇ ਆਉਣ ਲੱਗੀ। ਫਿਰ ਕੁਝ ਲੋਕ ਘਰਾਂ ’ਚ ਵੱਡੇ ਟੈਂਟ ਲਾ ਕੇ ਵਿਆਹ ਕਰਨ ਲੱਗੇ। ਪੈਸੇ ਵਧਣ ਨਾਲ ਦਿਖਾਵੇ ਦਾ ਦੌਰ ਸ਼ੁਰੂ ਹੋ ਗਿਆ। ਸ਼ਹਿਰਾਂ ’ਚ ਵੱਡੇ ਵੱਡੇ ਪੈਲੇਸ ਬਣ ਗਏ। ਪਹਿਲਾਂ ਪਹਿਲ ਤਾਂ ਕੇਵਲ ਅਮੀਰ ਲੋਕਾਂ ਨੇ ਹੀ ਪੈਲੇਸਾਂ ’ਚ ਵਿਆਹ ਕਰਨੇ ਸ਼ੁਰੂ ਕੀਤੇ ਪਿੱਛੋਂ ਦੇਖਾ-ਦੇਖੀ ਦਿਖਾਵੇ ਦੀ ਭੁੱਖ ਵਧਣ ਨਾਲ ਮੱਧ ਵਰਗ ਦੇ ਲੋਕਾਂ ਨੇ ਵੀ ਪੈਲੇਸਾਂ ’ਚ ਵਿਆਹ ਕਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਜਿਉਂ ਜਿਉਂ ਦਿਖਾਵਾ ਵਧਦਾ ਗਿਆ ਤਾਂ ਵਿਆਹ ਕੱਚੇ ਕੋਠਿਆਂ ਤੋਂ ਪੈਲੇਸਾਂ ’ਚ ਬਦਲਦੇ ਗਏ ਤੇ ਨਾਲ ਹੀ ਪੱਕੇ ਰਿਸ਼ਤੇ ਕੱਚੇ ਹੁੰਦੇ ਚਲੇ ਗਏ। ਇੱਥੇ ਹੀ ਬਸ ਨਹੀਂ ਵਿਆਹ ਵੀ ਪਿਆਰ ਵਿਆਹ ’ਚ ਬਦਲ ਗਏ। ਵਿਆਹਾਂ ਉੱਤੇ ਸੈਂਕੜਿਆਂ ਨਹੀਂ ਸਗੋਂ ਹਜ਼ਾਰਾਂ ਲੋਕਾਂ ਦਾ ਇਕੱਠ ਕੀਤਾ ਜਾਣਾ ਸ਼ਾਨੋ ਸ਼ੌਕਤ ਮੰਨਿਆ ਜਾਣ ਲੱਗਾ।
ਪਹਿਲਾਂ ਕੁਝ ਹਜ਼ਾਰਾਂ ’ਚ ਹੋਣ ਵਾਲਾ ਵਿਆਹਾਂ ਦਾ ਖ਼ਰਚ ਹੁਣ ਪਹਿਲਾਂ ਲੱਖਾਂ ਤੇ ਫਿਰ ਵੇਖਦੇ ਹੀ ਵੇਖਦੇ ਹੁਣ ਕਰੋੜਾਂ ’ਚ ਹੋਣ ਲੱਗਾ ਹੈ। ਦਾਜ ’ਚ ਘਰ ਦੀ ਵਰਤੋਂ ’ਚ ਦਿੱਤੇ ਜਾਣ ਵਾਲੇ ਲੋੜੀਂਦੇ ਸਾਮਾਨ ’ਚ ਵੀ ਸਮੇਂ ਅਨੁਸਾਰ ਬਦਲਾਅ ਆਉਂਦਾ ਗਿਆ। ਇਸੇ ਤਰ੍ਹਾਂ ਪਹਿਲਾਂ ਦਾਜ ’ਚ ਮੁੰਡੇ ਨੂੰ ਸਾਈਕਲ, ਫਿਰ ਸਕੂਟਰ, ਮੋਟਰ ਸਾਈਕਲ ਤੇ ਫਿਰ ਕਾਰ ਦੇਣ ਦਾ ਰੁਝਾਨ ਆ ਗਿਆ। ਲੋਕ ਹੁਣ ਵਿਆਹਾਂ ਉੱਤੇ ਆਰਕੈਸਟਰਾ ’ਤੇ ਗਾਉਣ ਵਾਲਿਆਂ ਉੱਤੇ ਲੱਖਾਂ ਰੁਪਏ ਬੇਲੋੜੇ ਖ਼ਰਚ ਰਹੇ ਹਨ। ਦੇਖਾ-ਦੇਖੀ ਲੋਕ ਫੋਕੀ ਸ਼ੁਹਰਤ ਲਈ ਕਰਜ਼ਾ ਚੁੱਕ ਕੇ ਵਿਆਹਾਂ ਉੱਤੇ ਪੈਸਾ ਲਾ ਰਹੇ ਹਨ ਜਿਸ ਨੇ ਬਹੁਤੇ ਪੰਜਾਬੀਆਂ ਨੂੰ ਇੰਨਾ ਕਰਜ਼ਾਈ ਬਣਾ ਦਿੱਤਾ ਹੈ ਕਿ ਉਹ ਕਰਜ਼ੇ ਦੀ ਪੰਡ ਥੱਲੇ ਦੱਬਦੇ ਜਾ ਰਹੇ ਹਨ। ਇਸ ਤੋਂ ਇਲਾਵਾ ਹੁਣ ਲੋਕ ਦਾਜ ਦੀ ਲਾਹਨਤ ਨੂੰ ਹੱਲਾਸ਼ੇਰੀ ਦੇਣ ਲੱਗੇ ਤੇ ਮੂੰਹੋਂ ਦਾਜ ਮੰਗਣ ਲੱਗੇ ਜਿਸ ਨੇ ਸਾਡੇ ਸਮਾਜ ਨੂੰ ਕਲੰਕਤ ਕਰ ਦਿੱਤਾ। ਅੱਜਕੱਲ੍ਹ ਮੁੰਡੇ-ਕੁੜੀ ’ਚ ਰਿਸ਼ਤਾ, ਰਿਸ਼ਤਾ ਨਾ ਰਹਿ ਕੇ ਸੌਦੇਬਾਜ਼ੀ ਉੱਤੇ ਟਿਕ ਗਿਆ ਹੈ ਜਿਸ ਨਾਲ ਸਮਾਜਿਕ ਬੁਰਾਈਆਂ ਵਧੀਆਂ ਹਨ। ਇਸੇ ਦੀ ਬਦੌਲਤ ਮੁੰਡੇ-ਕੁੜੀ ’ਚ ਝਗੜੇ ਦੇ ਮਾਮਲੇ ਧੜਾ ਧੜ ਵਧਣ ਲੱਗੇ ਹਨ। ਮੁੱਕਦੀ ਗੱਲ ਰਿਸ਼ਤਿਆਂ ਦਾ ਘਾਣ ਹੋਣ ਲੱਗ ਪਿਆ ਹੈ। ਪੈਲੇਸਾਂ ’ਚ ਹੋਣ ਵਾਲੇ ਵਿਆਹਾਂ ਕਾਰਨ ਮਨੁੱਖੀ ਨੈਤਿਕ ਕਦਰਾਂ ਕੀਮਤਾਂ ਖੰਭ ਲਾ ਕੇ ਉੱਡ ਗਈਆਂ ਹਨ। ਸੋ ਜੇ ਵੇਖਿਆ ਜਾਵੇ ਤਾਂ ਪੁਰਾਣੇ ਕੱਚੇ ਕੋਠਿਆਂ ਵਾਲੇ ਵਿਆਹ ਅੱਜ ਦੇ ਪੈਲੇਸਾਂ ਵਾਲੇ ਵਿਆਹਾਂ ਤੋਂ ਸੌ ਦਰਜੇ ਚੰਗੇ ਸਨ।
ਸੰਪਰਕ: 76967-54669