ਗਾਇਕਾਂ ਦੇ ਅੰਗ-ਸੰਗ ਵਿਚਰਦਿਆਂ
ਸਕੂਲ ਵਿੱਚ ਪੜ੍ਹਦਿਆਂ ਮੇਰੀ ਰੁਚੀ ਸਾਹਿਤ ਵੱਲ ਹੋ ਗਈ ਸੀ। ਪਿੰਡ ਵਿੱਚ ਲਾਇਬ੍ਰੇਰੀ ਬਣਾਈ ਤੇ ਉਦੋਂ ਦੇ ਪ੍ਰਸਿੱਧ ਲੇਖਕਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ। ਹਰ ਮਹੀਨੇ ਪੰਜ ਕੁ ਰਸਾਲੇ ਵੀ ਆਉਂਦੇ ਸਨ। ਬਚਪਨ ਵਿੱਚ ਹੀ ਸਟੇਜ ’ਤੇ ਬੋਲਣ ਦਾ ਝਾਕਾ ਖੁੱਲ੍ਹ ਗਿਆ ਤੇ ਮੈਨੂੰ ਲਿਖਣ ਦਾ ਵੀ ਚਸਕਾ ਪੈ ਗਿਆ, ਪਰ ਮੇਰਾ ਦਾਖਲਾ ਸਰਕਾਰੀ ਖੇਤੀਬਾੜੀ ਕਾਲਜ, ਲੁਧਿਆਣੇ ਹੋ ਗਿਆ। ਸਾਡੇ ਕਾਲਜ ਵਿੱਚ ਦੋ ਸੌ ਤੋਂ ਵੀ ਘੱਟ ਵਿਦਿਆਰਥੀ ਸਨ।
ਸਾਹਿਤ ਵਿੱਚ ਰੁਚੀ ਰੱਖਣ ਵਾਲੇ ਇੱਥੇ ਘੱਟ ਵਿਦਿਆਰਥੀ ਸਨ। ਅੰਗਰੇਜ਼ੀ ਦੇ ਪ੍ਰੋ. ਹਜ਼ਾਰ ਸਿੰਘ ਤੇ ਹਿੰਦੀ ਪੰਜਾਬੀ ਲਈ ਵੀ ਇੱਕ ਹੀ ਪ੍ਰੋ. ਵਿਦਿਆ ਭਾਸਕਰ ਅਰੁਣ ਸਨ, ਪਰ ਦੋਵਾਂ ਦਾ ਆਪਣੇ ਵਿਸ਼ਿਆਂ ਵਿੱਚ ਚੋਖਾ ਨਾਮ ਸੀ। ਕਾਲਜ ਵਿੱਚ ਸਪੀਕਰ ਯੂਨੀਅਨ, ਡਰਾਮੈਟਿਕ ਕਲੱਬ ਅਤੇ ਕਾਲਜ ਮੈਗਜ਼ੀਨ ਵੀ ਸਨ। ਇਨ੍ਹਾਂ ਤਿੰਨਾਂ ਵਿੱਚ ਹੀ ਮੇਰੇ ਪੈਰ ਸਹਿਜੇ ਹੀ ਲੱਗ ਗਏ। ਦੋਵਾਂ ਸੰਸਥਾਵਾਂ ਵਿੱਚ ਮੈਂ ਜਾਇੰਟ ਸੈਕਟਰੀ ਅਤੇ ਪ੍ਰਧਾਨ ਰਿਹਾ। ਕਾਲਜ ਮੈਗਜ਼ੀਨ ਦੇ ਪੰਜਾਬੀ ਸੈਕਸ਼ਨ ਦੀ ਸੰਪਾਦਕੀ ਵੀ ਕੀਤੀ। ਸਾਡੇ ਕਾਲਜ ਵਿੱਚ ਹਰ ਸਾਲ ਯੂਥ ਫੈਸਟੀਵਲ ਹੁੰਦਾ ਸੀ। ਇਹ ਪ੍ਰੋਗਰਾਮ ਇੱਕ ਹਫ਼ਤਾ ਚੱਲਦਾ ਸੀ। ਇਸ ਵਿੱਚ ਡਿਬੇਟ, ਭਾਸ਼ਣ, ਕਵਿਤਾ ਉਚਾਰਣ ਅਤੇ ਨਾਟਕਾਂ ਦੇ ਅੰਤਰ ਕਾਲਜ ਮੁਕਾਬਲੇ ਕਰਵਾਏ ਜਾਂਦੇ ਸਨ। ਦੂਜੇ ਸਾਲ ਤੋਂ ਹੀ ਮੈਨੂੰ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਜਾਣ ਲੱਗੀ।
ਮੈਂ 1958 ਦੇ ਵੇਲੇ ਹੋਈ ਇੱਕ ਘਟਨਾ ਸਾਂਝੀ ਕਰਨੀ ਚਾਹੁੰਦਾ ਹਾਂ। ਉਸ ਦਿਨ ਗੀਤ ਮੁਕਾਬਲੇ ਚੱਲ ਰਹੇ ਸਨ। ਗੇਟ ’ਤੇ ਖੜ੍ਹੇ ਚੌਕੀਦਾਰ ਨੇ ਆ ਕੇ ਮੈਨੂੰ ਆਖਿਆ ਕਿ ਬਾਹਰ ਤੁਹਾਨੂੰ ਕੋਈ ਮਿਲਣ ਆਏ ਹਨ। ਮੈਂ ਆਖਿਆ ਹੁਣ ਤਾਂ ਮੇਰਾ ਆਉਣਾ ਔਖਾ, ਉਨ੍ਹਾਂ ਨੂੰ ਆਖ ਪ੍ਰੋਗਰਾਮ ਖ਼ਤਮ ਹੋਣ ਪਿੱਛੋਂ ਮਿਲਾਂਗੇ। ਕੁਝ ਦੇਰ ਪਿੱਛੋਂ ਉਹ ਫਿਰ ਆਇਆ ਤੇ ਆਖਣ ਲੱਗਾ ਕਿ ਉਹ ਬਹੁਤ ਜ਼ੋਰ ਪਾ ਰਹੇ ਹਨ ਅਤੇ ਆਖ ਰਹੇ ਹਨ ਕਿ ਉਨ੍ਹਾਂ ਦਾ ਮਿਲਣਾ ਬਹੁਤ ਜ਼ਰੂਰੀ ਹੈ। ਮੇਰਾ ਤੌਖਲਾ ਤਾਂ ਵਧਣਾ ਹੀ ਸੀ। ਮੈਂ ਉਸ ਨੂੰ ਆਖਿਆ ਕਿ ਮੈਂ ਅਗਲਾ ਗੀਤ ਸ਼ੁਰੂ ਕਰਵਾ ਕੇ ਆਉਂਦਾ ਹਾਂ। ਮੈਂ ਬਾਹਰ ਗਿਆ ਤਾਂ ਇੱਕ ਬਿਲਕੁਲ ਸਾਧਾਰਨ ਦਿਖਣ ਵਾਲੀ ਕੁੜੀ ਤੇ ਉਸ ਦੇ ਨਾਲ ਹੀ ਸਾਦੇ ਕੱਪੜਿਆਂ ਵਿੱਚ ਸਰਦਾਰ ਜੀ ਖੜ੍ਹੇ ਸਨ।
ਮੈਂ ਆਖਿਆ ਦੱਸੋ ਕੀ ਗੱਲ? ਸਰਦਾਰ ਜੀ ਆਖਣ ਲੱਗੇ ਇਹ ਬੀਬੀ ਬਹੁਤ ਸੋਹਣਾ ਗਾਉਂਦੀ ਹੈ ਇਸ ਦਾ ਇੱਕ ਗੀਤ ਕਰਵਾ ਦੇਵੋ। ਮੇਰਾ ਉੱਤਰ ਸੀ ਕਿ ਇਹ ਤਾਂ ਕਾਲਜਾਂ ਦਾ ਮੁਕਾਬਲਾ ਚੱਲ ਰਿਹੈ। ਤੁਹਾਡਾ ਗੀਤ ਕਿਵੇਂ ਹੋ ਸਕਦਾ ਹੈ? ਜਦੋਂ ਉਹ ਬਹੁਤ ਹੀ ਮਿੰਨਤਾਂ ਕਰਨ ਲੱਗੇ ਤਾਂ ਮੈਨੂੰ ਆਖਣਾ ਪਿਆ ਕਿ ਤੁਸੀਂ ਅੰਦਰ ਆ ਕੇ ਬੈਠੋ ਮੈਂ ਆਪਣੇ ਪ੍ਰੋਫੈਸਰ ਨਾਲ ਗੱਲ ਕਰਦਾ ਹਾਂ। ਮੈਂ ਆਪਣੇ ਪ੍ਰੋਫੈਸਰ ਨਾਲ ਗੱਲ ਕੀਤੀ। ਉਹ ਆਖਣ ਲੱਗੇ ਕਿ ਜੇਕਰ ਬਹੁਤ ਜ਼ਰੂਰੀ ਹੈ ਤਾਂ ਜਦੋਂ ਜੱਜ ਫ਼ੈਸਲਾ ਤਿਆਰ ਕਰਨਗੇ ਤਾਂ ਉਸ ਨੂੰ ਮੌਕਾ ਦੇ ਦੇਵੀਂ।
ਮੁਕਾਬਲਾ ਖ਼ਤਮ ਹੋਣ ਪਿੱਛੋਂ ਮੈਂ ਉਸ ਨੂੰ ਸਟੇਜ ’ਤੇ ਬੁਲਾਇਆ। ਉਸ ਦਿਨ ਰੌਣਕ ਵੀ ਕੁਝ ਵੱਧ ਸੀ। ਸਾਹਮਣੇ ਖਾਲਸਾ ਕਾਲਜ ਦੇ ਵਿਦਿਆਰਥੀ ਵੀ ਆਏ ਹੋਏ ਸਨ। ਮੁੰਡਿਆਂ ਨੇ ਹੂਟਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਕੁੜੀ ਨੇ ਲੰਬੀ ਹੇਕ ਲਾਈ ਪੰਡਾਲ ਵਿੱਚ ਸੰਨਾਟਾ ਛਾ ਗਿਆ। ਇੱਕ ਗੀਤ ਖ਼ਤਮ ਹੋਇਆ ਤਾਂ ਆਵਾਜ਼ਾਂ ਆਉਣ ਲੱਗੀਆਂ ਇੱਕ ਹੋਰ...। ਇੰਝ ਉਸ ਨੇ ਤਿੰਨ ਗੀਤ ਗਾਏ। ਉਨ੍ਹਾਂ ਦੋਵਾਂ ਨੇ ਮੇਰਾ ਤੇ ਮੇਰੇ ਪ੍ਰੋਫੈਸਰ ਦਾ ਮੌਕਾ ਦੇਣ ਦਾ ਧੰਨਵਾਦ ਕੀਤਾ। ਪਿੱਛੋਂ ਉਹ ਪੰਜਾਬੀ ਦੀ ਚੋਟੀ ਦੀ ਗਾਇਕਾ ਪ੍ਰਸਿੱਧ ਹੋਈ।
ਦੂਜਾ ਗਾਇਕ ਸੀ ਕੇ ਦੀਪ। ਉਦੋਂ ਅਜੇ ਉਹ ਜੱਦੋਜਹਿਦ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਉਹ ਕਈ ਗਾਇਕਾਂ ਤੇ ਜਾਨਵਰਾਂ ਦੀਆਂ ਆਵਾਜ਼ਾਂ ਕੱਢ ਸਕਦਾ ਸੀ। ਇਸੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ ਸੀ। ਸਾਡੇ ਕਾਲਜ ਵਿੱਚ ਸੁਰਿੰਦਰ ਦੁਸਾਂਝ ਪੰਜਾਬੀ ਦੇ ਅਧਿਆਪਕ ਆਏ ਸਨ। ਸਾਹਿਤ ਵਿੱਚ ਰੁਚੀ ਹੋਣ ਕਰਕੇ ਉਨ੍ਹਾਂ ਨਾਲ ਦੋਸਤੀ ਹੋ ਗਈ। ਇੱਕ ਦਿਨ ਆਖਣ ਲੱਗੇ ਕਿ ਚੱਲ ਤੈਨੂੰ ਇੱਕ ਨਵੇਂ ਤੇ ਵਧੀਆ ਕਲਾਕਾਰ ਨਾਲ ਮਿਲਾ ਕੇ ਲਿਆਵਾਂ। ਅਸੀਂ ਦੀਪ ਦੇ ਘਰ ਮਿਲਰਗੰਜ ਪੁੱਜੇ। ਉਸ ਨੇ ਸਾਡਾ ਖਿੜੇ ਮੱਥੇ ਸਵਾਗਤ ਕੀਤਾ। ਗੱਲਾਂ ਕਰਦੇ-ਕਰਦੇ ਉਹ ਦੋਵੇਂ ਭਾਵੁਕ ਹੋ ਗਏ। ਜਾਪਦਾ ਸੀ ਦੋਵੇਂ ਇਸ਼ਕ ਦੇ ਮਰੀਜ਼ ਸਨ। ਦੁਸਾਂਝ ਮੈਨੂੰ ਆਖਣ ਲੱਗਾ ਆਪਾਂ ਨੇ ਦੀਪ ਨੂੰ ਪ੍ਰਮੋਟ ਕਰਨਾ ਹੈ। ਮੈਂ ਆਖਿਆ ਅਗਲੇ ਹਫ਼ਤੇ ਸਾਡੇ ਹੋਸਟਲ ਦਾ ਸਾਲਾਨਾ ਸਮਾਗਮ ਹੈ। ਤੁਸੀਂ ਜ਼ਰੂਰ ਆਉਣਾ।
ਇਹ ਆਪਣੀ ਕਿਸਮ ਦਾ ਨਿਵੇਕਲਾ ਸਮਾਗਮ ਸੀ। ਸਮਾਗਮ ਦੇ ਨਾਲ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਸੀ। ਅਸੀਂ ਕਾਲਜ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪਰਿਵਾਰ ਸਮੇਤ ਸੱਦਾ ਦਿੱਤਾ ਸੀ। ਹਰੇਕ ਮੇਜ਼ ਉਤੇ ਉਨ੍ਹਾਂ ਦੇ ਨਾਲ ਦੋ ਵਿਦਿਆਰਥੀਆਂ ਨੇ ਵੀ ਬੈਠਣਾ ਸੀ। ਸਾਰੇ ਆਖਿਆ ਇਕੱਲੇ ਦੀਪ ਨਾਲ ਗੱਲ ਨਹੀਂ ਬਣਨੀ ਇੱਕ ਹੋਰ ਗਾਇਕ ਦਾ ਪ੍ਰਬੰਧ ਕਰੋ। ਕੁਦਰਤੀ ਮੈਨੂੰ ਹਰਚਰਨ ਗਰੇਵਾਲ ਜਾਣਦਾ ਸੀ ਕਿਉਂਕਿ ਮੁੜ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੁਝ ਸਮਾਂ ਖੇਤੀ ਵਿਕਾਸ ਅਫ਼ਸਰ ਦੇ ਤੌਰ ’ਤੇ ਕੰਮ ਕੀਤਾ ਸੀ। ਉਸ ਦਾ ਪਿੰਡ ਜਮਾਲਪੁਰ ਕੁਲੀਏਵਾਲ ਮੇਰੇ ਹਲਕੇ ਵਿੱਚ ਹੀ ਪੈਂਦਾ ਸੀ। ਇਸੇ ਪਿੰਡ ਦੇ ਅਗਾਂਹਵਧੂ ਕਿਸਾਨ ਕਾਮਰੇਡ ਜਗਜੀਤ ਸਿੰਘ ਸਾਡੀ ਪੰਚਾਇਤ ਸੰਮਤੀ ਦੇ ਚੇਅਰਮੈਨ ਸਨ। ਗਿਆਨੀ ਅਰਜਨ ਸਿੰਘ ਹੋਰਾਂ ਦਾ ਪੁੱਤਰ ਪਿੰਡ ਦਾ ਸਰਪੰਚ ਸੀ। ਉਨ੍ਹਾਂ ਰਾਹੀਂ ਹੀ ਗੇਰਵਾਲ ਨਾਲ ਜਾਣ ਪਹਿਚਾਣ ਹੋਈ ਸੀ। ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਸ ਆਖਿਆ ਮੈਂ ਆ ਜਾਵਾਂਗਾ। ਸਾਡੀ ਬੇਨਤੀ ਸੀ ਕਿ ਨਾਲ ਰਜਿੰਦਰ ਰਾਜਾ ਨੂੰ ਜ਼ਰੂਰ ਲੈ ਕੇ ਆਉਣਾ।
ਉਹ ਠੀਕ ਸਮੇਂ ਉਸਤਾਦ ਜਸਵੰਤ ਸਿੰਘ ਭੰਵਰਾ ਦੇ ਨਾਲ ਪਹੁੰਚ ਗਏ। ਇੱਥੇ ਦੱਸਣਾ ਮੁਨਾਸਿਬ ਹੋਵੇਗਾ ਕਿ ਉਸ ਦੌਰ ਦੇ ਲਗਭਗ ਸਾਰੇ ਗਾਇਕ ਭੰਵਰਾ ਜੀ ਦੇ ਹੀ ਸ਼ਾਗਿਰਦ ਸਨ। ਭੰਵਰਾ ਜੀ ਜ਼ਮੀਨ ’ਤੇ ਬੈਠ ਹਾਰਮੋਨੀਅਮ ਵਜਾਉਣ ਲੱਗੇ, ਨਾਲ ਢੋਲਕ ਵਾਲਾ ਸੀ। ਗਰੇਵਾਲ ਤੇ ਰਾਜਨ ਮਾਈਕ ’ਤੇ ਖੜ੍ਹੇ ਹੋ ਕੇ ਗਾਣੇ ਗਾ ਰਹੇ ਸਨ। ਹੁਣ ਵਾਂਗ ਸ਼ੋਰ-ਸ਼ਰਾਬਾ ਤੇ ਨੱਚਣ ਟੱਪਣ ਨਹੀਂ ਸੀ। ਉਨ੍ਹਾਂ ਨੇ ਖੂਬ ਰੰਗ ਬੰਨ੍ਹਿਆ। ਕੇ ਦੀਪ ਨੂੰ ਵੀ ਭਰਵੀਂ ਦਾਦ ਮਿਲੀ। ਦੂਜੇ ਹੋਸਟਲਾਂ ਦੇ ਮੁੰਡੇ ਵੀ ਵੱਡੀ ਗਿਣਤੀ ਵਿੱਚ ਆ ਗਏ ਸਨ। ਸਾਨੂੰ ਸ਼ੋਰ ਸ਼ਰਾਬੇ ਦਾ ਡਰ ਸੀ, ਪਰ ਪ੍ਰੋਗਰਾਮ ਇੰਨਾ ਵਧੀਆ ਸੀ ਕਿ ਸਾਰਾ ਕੁਝ ਸੁੱਖ ਸਬੀਲੀ ਸਿਰੇ ਚੜ੍ਹ ਗਿਆ। ਉਸ ਪਿੱਛੋਂ ਕੇ ਦੀਪ ਨਾਲ ਦੋਸਤੀ ਹੋ ਗਈ। ਮੈਂ ਉਸ ਦੇ ਕਈ ਪ੍ਰੋਗਰਾਮ ਹੋਸਟ ਕੀਤੇ। ਮੈਂ 1980 ਵਿੱਚ ਕੈਨੇਡਾ ਗਿਆ ਤਾਂ ਵੈਨਕੂਵਰ ਵਿਖੇ ਫਿਰ ਮੁਲਾਕਾਤ ਹੋ ਗਈ। ਉਸ ਨੇ ਮੈਨੂੰ ਦੂਜੇ ਸ਼ਹਿਰਾਂ ਵਿੱਚ ਵੀ ਨਾਲ ਜਾਣ ਲਈ ਆਖਿਆ, ਪਰ ਮੇਰੇ ਆਪਣੇ ਪ੍ਰੋਗਰਾਮ ਦੀ ਬੰਦਿਸ਼ ਕਰਕੇ ਅਜਿਹਾ ਨਹੀਂ ਹੋ ਸਕਿਆ।
ਤੀਜੇ ਗਾਇਕ ਉਸਤਾਦ ਯਮਲਾ ਜੱਟ ਹੋਰੀਂ ਸਨ। ਅਸੀਂ ਕਿਸਾਨ ਮੇਲੇ ਸਮੇਂ ਸ਼ਾਮ ਨੂੰ ਮਨੋਰੰਜਨ ਪ੍ਰੋਗਰਾਮ ਕਰਦੇ ਸਾਂ। ਇਸ ਬਾਰੇ ਫਿਰ ਕਦੇ ਲਿਖਾਂਗਾ। ਪ੍ਰੋਗਰਾਮ ਚੱਲ ਰਿਹਾ ਸੀ। ਵੀਸੀ ਡਾ. ਸੁਖਦੇਵ ਸਿੰਘ ਹਾਜ਼ਰ ਸਨ। ਉਨ੍ਹਾਂ ਦੇ ਰੱਖਿਅਕ ਨੇ ਆ ਕੇ ਮੈਨੂੰ ਕਿਹਾ ਕਿ ਬਾਹਰ ਕੋਈ ਤੁਹਾਨੂੰ ਮਿਲਣ ਆਇਆ ਹੈ। ਮੈਂ ਅਗਲਾ ਆਈਟਮ ਸ਼ੁਰੂ ਕਰਵਾ ਕੇ ਬਾਹਰ ਗਿਆ ਤਾਂ ਅੱਗੇ ਉਸਤਾਦ ਯਮਲਾ ਜੀ ਖੜ੍ਹੇ ਸਨ। ਉਹ ਆਖਣ ਲੱਗੇ ਕਿ ਡਾਕਟਰ ਸਾਹਿਬ ਮੇਰੇ ਵੀ ਦੋ ਗੀਤ ਕਰਵਾ ਦੇਵੋ। ਉਦੋਂ ਨਵੇਂ ਗਾਇਕਾਂ ਦੇ ਆਉਣ ਕਰਕੇ ਯਮਲਾ ਜੀ ਦੀ ਮੰਗ ਢਿੱਲੀ ਪੈ ਗਈ ਸੀ। ਮੈਂ ਆਖਿਆ ਤੁਸੀਂ ਇੱਥੇ ਹੀ ਰੁਕੋ ਮੈਂ ਆਪਣੇ ਵੀਸੀ ਸਾਹਿਬ ਨਾਲ ਗੱਲ ਕਰਕੇ ਆਉਂਦਾ ਹਾਂ। ਮੈਂ ਵੀਸੀ ਸਾਹਿਬ ਨੂੰ ਦੱਸਿਆ। ਉਹ ਆਮ ਤੌਰ ਉਤੇ ਮੇਰੀ ਗੱਲ ਮੋੜਦੇ ਨਹੀਂ ਸਨ। ਆਖਣ ਲੱਗੇ, ‘‘ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਲੈ।’’
ਮੈਂ ਯਮਲਾ ਜੀ ਨੂੰ ਆਖਿਆ ਕਿ ਤੁਸੀਂ ਸਟੇਜ ਦੇ ਲਾਗੇ ਆ ਜਾਵੋ। ਮੈਨੂੰ ਪਤਾ ਸੀ ਪਿੰਡਾਂ ਦੇ ਲੋਕਾਂ ਵਿੱਚ ਅਜੇ ਵੀ ਯਮਲਾ ਜੀ ਮਕਬੂਲ ਹਨ। ਮੈਂ ਥੋੜ੍ਹੀ ਜਿਹੀ ਹਵਾ ਬੰਨ੍ਹ ਕੇ ਉਨ੍ਹਾਂ ਨੂੰ ਸਟੇਜ ’ਤੇ ਬੁਲਾਇਆ। ਸਾਰਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਯਮਲਾ ਜੀ ਨੇ ਇੱਕ ਨਹੀਂ ਸਗੋਂ ਤਿੰਨ ਗੀਤ ਸੁਣਾਏ। ਪੰਡਾਲ ਵਿੱਚ ਕਿਸਾਨ ਉਨ੍ਹਾਂ ਨੂੰ ਪੈਸੇ ਦੇਣ ਲੱਗ ਪਏ। ਜਿੰਨੇ ਪੈਸੇ ਅਸੀਂ ਗਾਇਕ ਨੂੰ ਦੇਣੇ ਸਨ, ਯਮਲਾ ਜੀ ਨੂੰ ਉਸ ਤੋਂ ਵੀ ਵੱਧ ਪੈਸੇ ਬਣ ਗਏ। ਉਹ ਬਹੁਤ ਖ਼ੁਸ਼ ਸਨ ਤੇ ਧੰਨਵਾਦ ਦੇ ਸ਼ਬਦ ਆਖਦੇ ਹੋਏ ਉੱਥੋਂ ਗਏ। ਇੰਝ ਮੈਨੂੰ ਤਿੰਨ ਮਹਾਨ ਕਲਾਕਾਰਾਂ ਦੇ ਔਖੇ ਵੇਲੇ ਨਾਲ ਖੜ੍ਹੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ।