ਐੱਡ ਸ਼ਿਰੀਨ ਅਤੇ ਅਰਿਜੀਤ ਸਿੰਘ ਦੀ ਵੀਡੀਓ ਵਾਇਰਲ
ਨਵੀਂ ਦਿੱਲੀ:
ਭਾਰਤੀ ਗਾਇਕ ਅਰਿਜੀਤ ਸਿੰਘ ਅਤੇ ਬ੍ਰਿਟਿਸ਼ ਗਾਇਕ ਐੱਡ ਸ਼ਿਰੀਨ ਦੋਵਾਂ ਦਾ ਸਕੂਟਰ ’ਤੇ ਘੁੰਮਦਿਆਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਵੱਲੋਂ ਇਸ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਵੀਡੀਓ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਸ਼ਿਰੀਨ ਭਾਰਤ ਆਏ ਹੋਏ ਹਨ। ਵੀਡੀਓ ਵਿੱਚ ਅਰਿਜੀਤ ਨੂੰ ਸ਼ਿਰੀਨ ਨਾਲ ਸਕੂਟਰ ’ਤੇ ਸਵਾਰ ਹੋ ਕੇ ਬਿਨਾਂ ਸੁਰੱਖਿਆ ਕਰਮੀ ਦੇ ਘੁੰਮਦੇ ਦੇਖਿਆ ਗਿਆ ਹੈ। ਹਾਲਾਂਕਿ ਵੀਡੀਓ ਦੀ ਤਾਰੀਖ਼ ਅਤੇ ਸਥਾਨ ਦੀ ਜਾਣਕਾਰੀ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗਾਇਕ ਜੋੜੀ ਨੂੰ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਵਿੱਚ ਅਰਿਜੀਤ ਦੇ ਜੱਦੀ ਨਗਰ ਜਿਆਗੰਜ ਦੀਆਂ ਸੜਕਾਂ ’ਤੇ ਸਕੂਟਰ ਚਲਾਉਂਦਿਆਂ ਦੇਖਿਆ ਗਿਆ ਹੈ। ਪਿਛਲੇ ਸਾਲ ਸ਼ਿਰੀਨ ਲੰਡਨ ਵਿੱਚ ਅਰਿਜੀਤ ਦੇ ਸਮਾਗਮ ਵਿੱਚ ਮੰਚ ’ਤੇ ਦਿਖਾਈ ਦਿੱਤਾ ਸੀ। ਉਥੇ ਦੋਵੇਂ ਹੀ ਪ੍ਰਸਿੱਧ ਗੀਤ ‘ਪ੍ਰਫੈਕਟ’ ’ਤੇ ਨੱਚੇ ਸਨ। ‘ਸ਼ੇਪ ਆਫ ਯੂ’, ‘ਗੈਲਵੇ ਗਰਲ’ ਅਤੇ ‘ਥਿੰਕਿੰਗ ਆਊਟ ਲਾਊਡ’ ਗੀਤਾਂ ਕਾਰਨ ਪ੍ਰਸਿੱਧ ਸ਼ਿਰੀਨ ਨੇ 30 ਜਨਵਰੀ ਨੂੰ ਪੁਣੇ ਤੋਂ ਭਾਰਤ ਵਿੱਚ ਆਪਣਾ ਦੌਰਾ ਸ਼ੁਰੂ ਕੀਤਾ ਸੀ। ਉਹ 15 ਫਰਵਰੀ ਨੂੰ ਦਿੱਲੀ-ਐੱਨਸੀਆਰ ਵਿੱਚ ਆਪਣਾ ਦੌਰਾ ਸਮਾਪਤ ਕਰੇਗਾ। -ਪੀਟੀਆਈ