ਬਜ਼ੁਰਗ ਤੇ ਹਾਸਰਸ ਅਦਾਕਾਰ ਅਸਰਾਨੀ ਦਾ ਦੇਹਾਂਤ
ਬਜ਼ੁਰਗ ਅਦਾਕਾਰ ਤੇ ਕਾਮੇਡੀਅਨ ਗੋਵਰਧਨ ਅਸਰਾਨੀ ਦਾ ਸੋਮਵਾਰ ਨੂੰ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਅਸਰਾਨੀ ਵੱਲੋਂ ਫ਼ਿਲਮ ‘ਸ਼ੋਅਲੇ’ ਵਿਚ ਨਿਭਾਇਆ ‘ਜੇਲ੍ਹਰ’ ਦਾ ਕਿਰਦਾਰ ਤੇ ਡਾਇਲਾਗ ‘ਹਮ ਅੰਗਰੇਜ਼ੋਂ ਕੇ ਜ਼ਮਾਨੇ ਦੇ ਜੇਲ੍ਹਰ ਹੈਂ’ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਚੇਤਿਆਂ ਵਿਚ ਹੈ। ਅਸਰਾਨੀ ਨੇ ਬੌਲੀਵੁੱਡ ਵਿਚ ਤਿੰਨ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ।
ਅਦਾਕਾਰ ਦਾ ਪੂਰਾ ਨਾਮ ਗੋਵਰਧਨ ਅਸਰਾਨੀ ਸੀ, ਪਰ ਉਹ ਫਿਲਮ ਇੰਡਸਟਰੀ ਵਿਚ ਅਸਰਾਨੀ ਦੇ ਨਾਂ ਨਾਲ ਹੀ ਮਕਬੂਲ ਸਨ। ਫ਼ਿਲਮ ‘ਸ਼ੋਅਲੇ’ ਵਿਚਲੇ ਕਿਰਦਾਰ ਨੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਸਲੀਮ ਖ਼ਾਨ ਤੇ ਜਾਵੇਦ ਖ਼ਾਨ ਵੱਲੋਂ ਲਿਖਿਆ ਇਹ ਕਿਰਦਾਰ ਚਾਰਲੀ ਚੈਪਲਿਨ ਦੀ ‘ਦਿ ਗ੍ਰੇਟ ਡਿਕਟੇਟਰ’ ਉੱਤੇ ਅਧਾਰਿਤ ਸੀ। ਅਦਾਕਾਰ ਦਾ ਉਨ੍ਹਾਂ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਦੀ ਹਾਜ਼ਰੀ ਵਿਚ ਸਾਂਤਾ ਕਰੂਜ਼ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।
ਅਸਰਾਨੀ ਦੇ ਮੈਨੇਜਰ ਬਾਬੂਥਾਈ ਥੀਬਾ ਮੁਤਾਬਕ ਅਦਾਕਾਰ ਨੂੰ ਚਾਰ ਦਿਨ ਪਹਿਲਾਂ ਸਬ-ਅਰਬਨ ਜੁਹੂ ਵਿਚ ਭਾਰਤੀ ਅਰੋਗਿਆ ਨਿਧੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਥੀਬਾ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਉਨ੍ਹਾਂ ਦੀ ਸਿਹਤ ਥੋੜ੍ਹੀ ਨਾਸਾਜ਼ ਸੀ। ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਕਰਕੇ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਨੇ ਬਾਅਦ ਦੁਪਹਿਰ ਤਿੰਨ ਵਜੇ ਆਖਰੀ ਸਾਹ ਲਏ। ਸਾਨੂੰ ਡਾਕਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਫੇਫੜਿਆਂ ਵਿਚ ਪਾਣੀ ਭਰ ਗਿਆ ਸੀ।’’ ਅਸਰਾਨੀ ਨੇ ਆਪਣੇ ਪੰਜ ਦਹਾਕੇ ਲੰਮੇ ਫ਼ਿਲਮੀ ਕਰੀਅਰ ਦੌਰਾਨ ਹਰੇਕ ਵੱਡੇ ਫ਼ਿਲਮਸਾਜ਼ ਅਤੇ ਰਾਜੇਸ਼ ਖੰਨਾ, ਅਮਿਤਾਭ ਬੱਚਨ, ਆਮਿਰ ਖ਼ਾਨ ਜਾਂ ਹੋਰਨਾਂ ਸਟਾਰਜ਼ ਨਾਲ ਕੰਮ ਕੀਤਾ। ਅਸਰਾਨੀ ਨੂੰ ਸਭ ਤੋਂ ਪਹਿਲਾਂ ‘ਆਜ ਕੀ ਤਾਜ਼ਾ ਖ਼ਬਰ’ ਵਿਚਲੇ ਕਿਰਦਾਰ ਨਾਲ ਪਛਾਣ ਮਿਲੀ।
ਅਦਾਕਾਰ ਨੇ 1967 ਵਿਚ ਫ਼ਿਲਮ ‘ਹਰੇ ਕਾਂਚ ਕੀ ਚੂੜੀਆਂ’ ਨਾਲ ਹਿੰਦੀ ਸਿਨੇਮਾ ਵਿਚ ਕਰੀਅਰ ਦੀ ਸ਼ੁਰੂਆਤ ਕੀਤੀ। ਰਿਸ਼ੀਕੇਸ਼ ਮੁਖਰਜੀ ਉਨ੍ਹਾਂ ਦੇ ਮੈਂਟਰ ਸਨ। ਅਸਰਾਨੀ ਨੇ ਗੁਲਜ਼ਾਰ ਨਾਲ ਵੀ ‘ਮੇਰੇ ਅਪਨੇ’, ‘ਕੋਸ਼ਿਸ਼’ ਤੇ ‘ਪਰਿਚੈ’ ਜਿਹੀਆਂ ਫ਼ਿਲਮਾਂ ਕੀਤੀਆਂ। ਅਸਰਾਨੀ ਦੀਆਂ ਹੋਰਨਾਂ ਮਕਬੂਲ ਫ਼ਿਲਮਾਂ ਵਿਚ ‘ਬਾਵਰਚੀ’, ‘ਅਭਿਮਾਨ’, ‘ਦੋ ਲੜਕੇ ਦੋਨੋਂ ਕੜਕੇ’ ਤੇ ‘ਬੰਦਿਸ਼’ ਸ਼ਾਮਲ ਹਨ। ਅਦਾਕਾਰ ਨੇ ‘ਚੁਪਕੇ ਚੁੁਪਕੇ’, ‘ਰਫੂ ਚੱਕਰ’, ‘ਬਾਲਿਕ ਬਧੂ’, ‘ਹੀਰਾਲਾਲ ਪੰਨਾਲਾਲ’, ‘ਪਤੀ ਪਤਨੀ ਔਰ ਵੋਹ’ ਜਿਹੀਆਂ ਫ਼ਿਲਮਾਂ ਵਿਚ ਆਪਣੀ ਕੌਮਿਕ ਟਾਈਮਿੰਗ ਨਾਲ ਦਰਸ਼ਕਾਂ ਦੇ ਚਿਹਰੇ ’ਤੇ ਮੁਸਕਾਨ ਲਿਆਂਦੀ।
2000 ਦੇ ਦਹਾਕੇ ਵਿਚ ਅਸਰਾਨੀ ਨੇ ਪ੍ਰਿਯਾਦਰਸ਼ਨ ਨਾਲ ‘ਹੇਰਾਫੇਰੀ‘, ‘ਹਲਚਲ’, ‘ਭੂਲ ਭੁਲੱਈਆ’ ਤੇ ‘ਕਮਾਲ ਧਮਾਲ ਮਾਲਾਮਾਲ’ ਫਿਲਮਾਂ ਕੀਤੀਆਂ। ਅਸਰਾਨੀ ਨੇ ‘ਚੈਤਾਲੀ’ ਤੇ ‘ਕੋਸ਼ਿਸ਼’ ਵਿਚ ਨਕਾਰਾਤਮਕ ਕਿਰਦਾਰ ਵੀ ਕੀਤੇ। ਬਜ਼ੁਰਗ ਅਦਾਕਾਰ ਨੇ ਫਿਲਮ ‘ਚਲਾ ਮੁਰਾਰੀ ਹੀਰੋ ਬਨਨੇ’ ਦਾ ਨਿਰਦੇਸ਼ਨ ਵੀ ਕੀਤਾ। ਫਿਲਮ ਇੰਡਸਟਰੀ ਦੇ ਕਲਾਕਾਰਾਂ ਤੇ ਹੋਰਨਾਂ ਵੱਖ ਵੱਖ ਹਸਤੀਆਂ ਨੇ ਅਸਰਾਨੀ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪੀਟੀਆਈ