ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ

ਬਜ਼ੁਰਗ ਅਦਾਕਾਰ ਤੇ ਨਿਰਮਾਤਾ Dheeraj Kumar ਦਾ ਦੇਹਾਂਤ

ਮੁੰਬਈ ਦੇ ਨਿੱਜੀ ਹਸਪਤਾਲ ਵਿਚ ਲਏ ਆਖਰੀ ਸਾਹ; ਬੁੱਧਵਾਰ ਨੂੰ ਪਵਨ ਹੰਸ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ ਅੰਤਿਮ ਸੰਸਕਾਰ
ਬਜ਼ੁਰਗ ਅਦਾਕਾਰ ਤੇ ਨਿਰਮਾਤਾ ਧੀਰਜ ਕੁਮਾਰ ਦਾ ਅੱਜ ਇਥੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਧੀਰਜ ਕੁਮਾਰ ਮਨੋਜ ਕੁਮਾਰ ਦੀ ਫ਼ਿਲਮ ‘ਰੋਟੀ ਕਪੜਾ ਔਰ ਮਕਾਨ’ ਵਿਚ ਨਿਭਾਈ ਭੂਮਿਕਾ ਤੇ ‘ਓਮ ਨਮ੍ਹਾ ਸ਼ਿਵਾਏ’ ਤੇ ‘ਅਦਾਲਤ’ ਵਰਗੇ ਟੈਲੀਵਿਜ਼ਨ ਸ਼ੋਅਜ਼ ਦੇ ਨਿਰਮਾਣ ਲਈ ਮਕਬੂਲ ਸਨ। ਕੁਮਾਰ 79 ਸਾਲਾਂ ਦੇ ਸਨ। ਕੁਮਾਰ, ਜੋ ਪਿਛਲੇ ਕੁਝ ਸਮੇਂ ਤੋਂ ਨਿਮੋਨੀਆ ਦੀ ਲਾਗ ਤੋਂ ਪੀੜਤ ਸਨ, ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ।

ਕੁਮਾਰ ਦੇ ਨੇੜਲੇ ਸਹਾਇਕ ਤੇ ਪਰਿਵਾਰਕ ਦੋਸਤ ਅਜੈ ਸ਼ੁਕਲਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਧੀਰਜ ਕੁਮਾਰ ਨੇ ਸਵੇਰੇ 11 ਵਜੇ ਦੇ ਕਰੀਬ ਆਖਰੀ ਸਾਹ ਲਏ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ ਤੇ ਉਨ੍ਹਾਂ ਨੂੰ ਬੁਖਾਰ, ਸਰਦੀ ਤੇ ਖਾਂਸੀ ਦੀ ਸ਼ਿਕਾਇਤ ਮਗਰੋਂ ਸ਼ਨਿੱਚਰਵਾਰ ਨੂੰ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ ਸੀ।’’ ਸ਼ੁਕਲਾ ਨੇ ਕਿਹਾ ਕਿ ਬਜ਼ੁਰਗ ਅਦਾਕਾਰ ਦਾ ਸਸਕਾਰ ਬੁੱਧਵਾਰ ਨੂੰ ਪਵਨ ਹੰਸ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।

ਧੀਰਜ ਕੁਮਾਰ ਨੇ ਆਪਣੀ ਉਮਰ ਦੇ ਪੰਜ ਦਹਾਕੇ ਸਿਨੇਮਾ ਤੇ ਟੈਲੀਵਿਜ਼ਨ ਨੂੰ ਦਿੱਤੇ। ਕੁਮਾਰ ਨੇ ਮਨੋਰੰਜਨ ਉਦਯੋਗ ਵਿੱਚ ਆਪਣਾ ਸਫ਼ਰ 1965 ਵਿਚ ਪ੍ਰਤਿਭਾ ਮੁਕਾਬਲੇ ਦੇ ਫਾਈਨਲਿਸਟ ਵਜੋਂ ਸ਼ੁਰੂ ਕੀਤਾ ਜਿਸ ਵਿੱਚ ਸੁਪਰਸਟਾਰ ਰਾਜੇਸ਼ ਖੰਨਾ ਅਤੇ ਫਿਲਮ ਨਿਰਮਾਤਾ ਸੁਭਾਸ਼ ਘਈ ਵੀ ਸਨ। ਉਨ੍ਹਾਂ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ 1970 ਵਿਚ ਫਿਲਮ ‘ਰਾਤੋਂ ਕਾ ਰਾਜਾ’ ਨਾਲ ਸ਼ੁਰੂਆਤ ਕੀਤੀ। ਮਗਰੋਂ ਉਨ੍ਹਾਂ ‘ਰੋਟੀ ਕਪੜਾ ਔਰ ਮਕਾਨ’ (1974), ‘ਸਰਗਮ’ (1979) ਅਤੇ ‘ਕ੍ਰਾਂਤੀ’ (1981) ਵਰਗੀਆਂ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ।

ਕੁਮਾਰ ਪੰਜਾਬੀ ਸਿਨੇਮਾ ਵਿੱਚ ਪ੍ਰਮੁੱਖ ਹਸਤੀ ਸੀ ਤੇ ਉਨ੍ਹਾਂ 1970 ਅਤੇ 1984 ਦੇ ਵਿਚਕਾਰ 20 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ 1986 ਵਿਚ ਕ੍ਰੀਏਟਿਵ ਆਈ ਲਿਮਟਿਡ ਨਾਂ ਦਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ। ਉਨ੍ਹਾਂ ਦੀ ਕੰਪਨੀ ਨੇ ਕਈ ਪੁਰਾਣਿਕ ਤੇ ਪਰਿਵਾਰਕ ਡਰਾਮਾ ਜਿਵੇਂ ‘ਓਮ ਨਮ੍ਹਾ ਸ਼ਿਵਾਏ’, ‘ਸ੍ਰੀ ਗਣੇਸ਼’, ‘ਰਿਸ਼ਤੋਂ ਕੇ ਭੰਵਰ ਮੇਂ ਉਲਝੀ ਨਿਯਤੀ’, ‘ਅਦਾਲਤ’ ਤੇ ‘ਘਰ ਕੀ ਲਕਸ਼ਮੀ ਬੇਟੀਆਂ’ ਦਾ ਨਿਰਮਾਣ ਕੀਤਾ। -ਪੀਟੀਆਈ