ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਨੋਖਾ ਤੋਹਫ਼ਾ

ਬਾਲ ਕਹਾਣੀ ਵਾਤਾਵਰਨ ਪ੍ਰੇਮੀਆਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਸ਼ੁੱਧ ਵਾਤਾਵਰਨ ਲਈ ਰੁੱਖਾਂ ਦੀ ਮਹੱਤਤਾ ਦਰਸਾਉਣ ਦੀ ਲੜੀ ਤਹਿਤ ਰੁਬਾਨੀ ਤੇ ਨਵਾਬ ਦੇ ਸਕੂਲ ਵਿੱਚ ਵੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਤੰਦਰੁਸਤ ਜੀਵਨ ਲਈ ਸੰਜੀਵਨੀ ਯਾਨੀ ਆਕਸੀਜਨ...
Advertisement

ਬਾਲ ਕਹਾਣੀ

ਵਾਤਾਵਰਨ ਪ੍ਰੇਮੀਆਂ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਨੂੰ ਸ਼ੁੱਧ ਵਾਤਾਵਰਨ ਲਈ ਰੁੱਖਾਂ ਦੀ ਮਹੱਤਤਾ ਦਰਸਾਉਣ ਦੀ ਲੜੀ ਤਹਿਤ ਰੁਬਾਨੀ ਤੇ ਨਵਾਬ ਦੇ ਸਕੂਲ ਵਿੱਚ ਵੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਤੰਦਰੁਸਤ ਜੀਵਨ ਲਈ ਸੰਜੀਵਨੀ ਯਾਨੀ ਆਕਸੀਜਨ ਦੀ ਮਹਾਨਤਾ ਬਾਰੇ ਚਾਨਣਾ ਪਾਇਆ ਗਿਆ। ਨਾਲ ਹੀ ਰੁੱਖਾਂ ਦੀ ਹੋ ਰਹੀ ਭਾਰੀ ਕਮੀ ਕਾਰਨ ਪ੍ਰਦੂਸ਼ਿਤ ਹੋਈ ਜਾ ਰਹੀ ਆਬੋ ਹਵਾ ਨਾਲ ਪੈਦਾ ਹੋ ਰਹੇ ਭਿਆਨਕ ਸਾਹ ਰੋਗਾਂ ਵਿੱਚ ਭਾਰੀ ਵਾਧਾ ਹੋਣ ਦੀ ਚਿਤਾਵਨੀ ਦਿੱਤੀ ਅਤੇ ਸਮਝਾਇਆ ਕਿ ਸਾਫ਼ ਸੁਥਰੀ ਆਬੋ ਹਵਾ ਲਈ ‘ਰੁੱਖਾਂ ਦਾ ਹੋਣਾ’ ਬਹੁਤ ਜ਼ਰੂਰੀ ਹੈ। ‘ਰੁੱਖਾਂ ਦਾ ਹੋਣਾ’ ਦੀ ਗੱਲ ਹੋਰਨਾਂ ਬੱਚਿਆਂ ਵਾਂਗ ਰੁਬਾਨੀ ਤੇ ਨਵਾਬ ਦੇ ਮਨਾਂ ’ਚ ਵੀ ਘਰ ਕਰ ਗਈ।

Advertisement

ਸਬੱਬਵਜੋਂ ਉਨ੍ਹਾਂ ਦੀ ਨੰਨ੍ਹੀ ਭੈਣ ‘ਗੁਲਾਬ’ ਦਾ ਪਹਿਲਾ ਜਨਮ ਦਿਨ ਵੀ ਆ ਰਿਹਾ ਸੀ। ਉਸ ਦੇ ਮੰਮੀ-ਪਾਪਾ ਆਪਣੀ ਨੰਨ੍ਹੀ ਪਰੀ ਦੇ ਜਨਮ ਦਿਨ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਗੁਲਾਬ ਦੀ ਦੀਦੀ ਰੁਬਾਨੀ ਤੇ ਵੀਰੇ ਨਵਾਬ ਨੂੰ ਵੀ ਵੱਖਰਾ ਹੀ ਚਾਅ ਸੀ। ਉਹ ਵੀ ਚਾਈਂ ਚਾਈਂ ਉਸ ਸੁਭਾਗੇ ਦਿਨ ਨੂੰ ਉਤਸੁਕਤਾ ਨਾਲ ਉਡੀਕ ਰਹੇ ਸਨ ਕਿਉਂਕਿ ਉਹ ਗੁਲਾਬ ਨੂੰ ਉਸ ਦੇ ਜਨਮ ਦਿਨ ’ਤੇ ਇੱਕ ਵੱਖਰੇ ਤੋਹਫ਼ੇ ‘ਸੰਜੀਵਨੀ’ ਨਾਲ ਨਿਵਾਜਣਾ ਚਾਹੁੰਦੇ ਸਨ ਤਾਂ ਕਿ ਇਹ ਤੋਹਫ਼ਾ ਉਨ੍ਹਾਂ ਦੀ ਗੁਲਾਬ ਸਮੇਤ ਸਭ ਦੀ ਤੰਦਰੁਸਤੀ ਵਿੱਚ ਵਾਧੇ ਦਾ ਜ਼ਰੀਆ ਬਣਦਾ ਰਹੇ। ਇਸ ਲਈ ਉਹ ਦੋਵੇਂ ਆਪਣੇ ਆਪਣੇ ਜੇਬ ਖ਼ਰਚੇ ’ਚੋਂ ਥੋੜ੍ਹੀ ਥੋੜ੍ਹੀ ਬੱਚਤ ਕਰਕੇ ਵੱਖਰੇ ਤੌਰ ’ਤੇ ਜਮਾਂ ਕਰਨ ਲੱਗੇ ਤਾਂ ਕਿ ਉਹ ਆਪਣੇ ਵੱਲੋਂ ਸੋਚੇ ਅਨੋਖੇ ਤੋਹਫ਼ੇ ਨੂੰ ਖ਼ਰੀਦ ਸਕਣ।

ਆਖ਼ਿਰ ਗੁਲਾਬ ਦਾ ਜਨਮ ਦਿਨ ਆ ਹੀ ਗਿਆ। ਰੁਬਾਨੀ ਤੇ ਨਵਾਬ ਆਪਣੇ ਮਾਪਿਆਂ ਤੋਂ ਅੱਖ ਬਚਾ ਕੇ ਆਪਣੇ ਮਕਸਦ ਯਾਨੀ ਤੋਹਫ਼ੇ ਖ਼ਰੀਦਣ ਲਈ ਨਰਸਰੀ ਵੱਲ ਨਿਕਲ ਗਏ। ਦੂਰੋਂ ਨੇੜਿਉਂ ਮਹਿਮਾਨ ਘਰ ਪਹੁੰਚਣੇ ਸ਼ੁਰੂ ਹੋ ਗਏ। ਹਰ ਰਿਸ਼ਤੇਦਾਰ ਗੁਲਾਬ ਵਾਸਤੇ ਕੋਈ ਨਾ ਕੋਈ ਤੋਹਫਾ ਜ਼ਰੂਰ ਲਿਆਇਆ ਸੀ। ਕੇਕ ਕੱਟਣ ਦਾ ਸਮਾਂ ਹੋ ਗਿਆ ਸੀ, ਪਰ ਰੁਬਾਨੀ ਤੇ ਨਵਾਬ ਕਿਤੇ ਵੀ ਨਜ਼ਰ ਨਹੀਂ ਆ ਰਹੇ ਸਨ। ਮਾਪਿਆਂ ਨੇ ਉਨ੍ਹਾਂ ਨੂੰ ਅੰਦਰ ਬਾਹਰ ਲੱਭਣ ਦੀ ਕੋਸ਼ਿਸ਼ ਕੀਤੀ। ਰਿਸ਼ਤੇਦਾਰਾਂ ਵਿੱਚ ਵੀ ਰੁਬਾਨੀ ਤੇ ਨਵਾਬ ਦੀ ਗ਼ੈਰ-ਹਾਜ਼ਰੀ ਬਾਰੇ ਪੁੱਛ ਪੜਤਾਲ ਹੋਣ ਲੱਗੀ ਕਿ ਆਖ਼ਿਰ ਉਹ ਦੋਵੇਂ ਗਏ ਤੇ ਗਏ ਕਿੱਥੇ ਨੇ? ਘਰ ਵਿੱਚੋਂ ਉਨ੍ਹਾਂ ਦਾ ਅਚਾਨਕ ਲਾਪਤਾ ਹੋ ਜਾਣ ਦਾ ਫ਼ਿਕਰ ਗੁਲਾਬ ਦੇ ਜਨਮ ਦਿਨ ਮਨਾਉਣ ਦੇ ਚਾਅ ਦੇ ਰੰਗਾਂ ਨੂੰ ਫਿੱਕਾ ਪਾਉਣ ਲੱਗਾ।

ਕਾਫ਼ੀ ਸਮੇਂ ਏਧਰ-ਓਧਰ, ਆਂਢ-ਗੁਆਂਢ ਵਿੱਚ ਭਾਲਣ ਤੋਂ ਬਾਅਦ ਵੀ ਜਦੋਂ ਉਨ੍ਹਾਂ ਬਾਰੇ ਕੋਈ ਥਹੁ ਪਤਾ ਨਾ ਲੱਗਾ ਤਾਂ ਸਭ ਨੇ ਸਲਾਹ ਕੀਤੀ ਕਿ ਇਸ ਮਾਮਲੇ ਦੀ ਇਤਲਾਹ ਪੁਲੀਸ ਨੂੰ ਦਿੱਤੀ ਜਾਣੀ ਚਾਹੀਦੀ ਹੈ। ਜਿਸ ਲਈ ਉਨ੍ਹਾਂ ਦੇ ਪਾਪਾ ਅਜੇ ਪੁਲੀਸ ਨੂੰ ਫੋਨ ਮਿਲਾਉਣ ਹੀ ਲੱਗੇ ਸਨ ਕਿ ਏਨੇ ਚਿਰ ਨੂੰ ਇੱਕ ਰਿਕਸ਼ਾ ਬੂਹੇ ਅੱਗੇ ਆਣ ਖਲੋਤਾ, ਜਿਸ ’ਤੇ ਰੁਬਾਨੀ ਤੇ ਨਵਾਬ ਬੂਟੇ ਲੈ ਕੇ ਸਵਾਰ ਸਨ।

ਜਦੋਂ ਦੋਵੇਂ ਭੈਣ-ਭਰਾ ਨੇ ਅਚਾਨਕ ਮੂੰਹ ਆਣ ਵਿਖਾਇਆ ਤਾਂ ਫ਼ਿਕਰਮੰਦੀ ਭਰੇ ਮਾਹੌਲ ਵਿੱਚ ਫਿਰ ਤੋਂ ਚਾਅ ਮਲਾਰ ਦਾ ਰੰਗ ਖਿੜ ਗਿਆ। ਮਾਪਿਆਂ ਦੇ ਪੁੱਛਣ ’ਤੇ ਦੋਵੇਂ ਭੈਣ-ਭਰਾ ਆਪਣੇ ਆਪਣੇ ਹੱਥਾਂ ਵਿੱਚ ਫੜੇ ਬੂਟਿਆਂ ਨੂੰ ਉੱਚਾ ਚੁੱਕ ਕੇ ਇੱਕ ਸੁਰ ਵਿੱਚ ਬੋਲੇ, ‘‘ਆਹ ਅਨੋਖਾ ਤੋਹਫ਼ਾ ਲੈਣ ਗਏ ਸੀ।’’ ਬਗੈਰ ਦੱਸਣ ਤੋਂ ਘਰੋਂ ਚਲੇ ਜਾਣ ਬਾਰੇ ਬੱਚਿਆਂ ਨੇ ਕਿਹਾ ਕਿ ਹੋ ਸਕਦਾ ਸੀ ਕਿ ਸਾਡੇ ਸੋਚੇ ਇਸ ਅਨੋਖੇ ਤੋਹਫ਼ੇ ਨੂੰ ਲਿਆਉਣ ਦੀ ਮਨਾਹੀ ਕਰ ਦਿੱਤੀ ਜਾਂਦੀ। ਸੋ ਅਸੀਂ ਇਸ ਡਰ ਵਿੱਚ ਹੀ ਚੁੱਪ ਚਪੀਤੇ ਘਰੋਂ ਖਿਸਕਣ ਦਾ ਫ਼ੈਸਲਾ ਕਰ ਲਿਆ।

‘‘ਚੁੱਪ ਚਪੀਤੇ ਘਰੋਂ ਨਿਕਲਣ ਦੀ ਸਾਥੋਂ ਹੋਈ ਇਸ ਕੁਤਾਹੀ ਕਾਰਨ ਘਰ ਵਿੱਚ ਬਣੀ ਫ਼ਿਕਰਮੰਦੀ ਦਾ ਸਾਨੂੰ ਪੂਰਾ ਅਫ਼ਸੋਸ ਹੈ ਤੇ ਸਾਨੂੰ ਮੁਆਫ਼ ਕਰ ਦਿੱਤਾ ਜਾਵੇ।’’ ਇਹ ਕਹਿ ਕੇ ਰੁਬਾਨੀ ਤੇ ਨਵਾਬ ਨੇ ਗ਼ਲਤੀ ਲਈ ਮੁਆਫ਼ੀ ਮੰਗੀ। ਮਾਪਿਆਂ ਨੇ ਬੱਚਿਆਂ ਨੂੰ ਗਲ਼ ਨਾਲ ਲਾਇਆ ਤੇ ਸਭ ਨੇ ਉਨ੍ਹਾਂ ਦੇ ਇਸ ਅਨੋਖੇ ਤੋਹਫ਼ੇ ਦੀ ਭਰਪੂਰ ਪ੍ਰਸੰਸਾ ਕੀਤੀ।

ਕੇਕ ਕੱਟਣ ਤੋਂ ਪਹਿਲਾਂ ਦੋਵਾਂ ਨੇ ਬੂਟਿਆਂ ਨੂੰ ਨੰਨ੍ਹੀ ਗੁਲਾਬ ਦੇ ਹੱਥ ਲਵਾ ਕੇ ਢੁੱਕਵੀਂ ਥਾਂ ’ਤੇ ਲਾਇਆ। ਫਿਰ ਕੇਕ ਕੱਟਿਆ ਗਿਆ, ਖਾਣ-ਪੀਣ ਦੀ ਪਾਰਟੀ ਦੇ ਨਾਲ ਨਾਲ ਨੱਚਿਆ ਗਾਇਆ ਗਿਆ ਤੇ ਖ਼ੂਬ ਖ਼ੁਸ਼ੀ ਮਨਾਈ ਗਈ। ਨੰਨ੍ਹੀ ਗੁਲਾਬ ’ਤੇ ਵੀ ਪੂਰਾ ਖੇੜਾ ਸੀ। ਅੰਤ ਵਿੱਚ ਰੁਬਾਨੀ ਤੇ ਨਵਾਬ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਾਤਾਵਰਨ ਪ੍ਰੇਮੀਆਂ ਵੱਲੋਂ ਉਨ੍ਹਾਂ ਦੇ ਸਕੂਲ ਵਿੱਚ ਰੁੱਖਾਂ ਦੀ ਮਹੱਤਤਾ, ‘ਇੱਕ ਰੁੱਖ ਅਨੇਕਾਂ ਸੁੱਖ’ ਬਾਰੇ ਦੱਸੀਆਂ ਸਭ ਗੱਲਾਂ ਸਾਂਝੀਆਂ ਕੀਤੀਆਂ ਤੇ ਆਸ ਪ੍ਰਗਟਾਈ ਕਿ ਅੱਗੇ ਤੋਂ ਆਪਾਂ ਸਭ ਆਪਣੇ ਜਨਮ ਦਿਨਾਂ ’ਤੇ ਬੂਟੇ ਲਾ ਕੇ ਪਾਲੀਏ ਤੇ ਪਲੀਤ ਹੋ ਚੁੱਕੀ ਹਵਾ ਨੂੰ ਸ਼ੁੱਧ ਕਰਨ ਦੇ ਯਤਨ ਜ਼ਰੂਰ ਕਰਦੇ ਰਹੀਏ ਤਾਂ ਕਿ ਸਾਡਾ ਸਭ ਦਾ ਜੀਵਨ ਤੰਦਰੁਸਤ ਰਹੇ ਤੇ ਪੰਛੀਆਂ/ਪਰਿੰਦਿਆਂ ਨੂੰ ਵੀ ਆਲ੍ਹਣੇ ਪਾਉਣ ਦੀ ਜਗ੍ਹਾ ਮਿਲਦੀ ਰਹੇ। ਅੰਤ ਵਿੱਚ ਸਭ ਨੇ ਜ਼ੋਰਦਾਰ ਤਾੜੀਆਂ ਵਿੱਚ ਵਾਤਾਵਰਨ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਿਆ।

ਸੰਪਰਕ: 98764-74858

Advertisement