ਤ੍ਰਿਵੈਣੀ
ਬਾਲ ਕਹਾਣੀ
‘‘ਕੀ ਕਰ ਰਿਹੈ ਨਵਦੀਪ?’’
‘‘ਦਾਦਾ ਜੀ ਮੈਂ ਖੇਡ ਰਿਹਾਂ।’’
‘‘ਤੇਰੇ ਹੱਥ ’ਚ ਤਾਂ ਮੋਬਾਈਲ ਐ।’’
‘‘ਹਾਂ...ਹਾਂ ਦਾਦਾ ਜੀ, ਮੈਂ ਮੋਬਾਈਲ ’ਤੇ ਹੀ ਤਾਂ ਖੇਡ ਰਿਹਾਂ।’’
‘‘ਮੋਬਾਈਲ ’ਤੇ! ਬੱਚੇ ਤਾਂ ਗਰਾਉਂਡ ’ਚ ਖੇਡਦੇ ਹੁੰਦੇ ਆ। ਦੇਖ ਜਾ ਕੇ ਦਰਵਾਜ਼ੇ ਦੇ ਨਜ਼ਦੀਕ ਵਾਲੇ ਗਰਾਉਂਡ ’ਚ ਸ਼ਾਮ ਨੂੰ ਤੇਰੇ ਹਾਣ ਦੇ ਪਿੰਡ ਦੇ ਕਿੰਨੇ ਨਿਆਣੇ ਖੇਡਦੇ ਹੁੰਦੇ ਨੇ।’’
‘‘ਹਾਏ ਓਏ, ਦਾਦਾ ਜੀ, ਹਰਾ ’ਤਾ ਮੈਨੂੰ। ਤੁਸੀਂ ਜਾਓ ਖੇਤ, ਉੱਥੇ ਜਾ ਕੇ ਅਖ਼ਬਾਰ ਪੜ੍ਹੋ।’’
‘‘ਕਬੱਡੀ, ਫੁੱਟਬਾਲ, ਹਾਕੀ ’ਚ ਤਾਂ ਜਿੱਤ-ਹਾਰ ਦੇਖੀ ਆ। ਮੋਬਾਈਲ ’ਚ ਵੀ ਜਿੱਤ-ਹਾਰ ਹੁੰਦੀ ਆ। ਇਹ ਤਾਂ ਤੇਰੇ ਕੋਲੋਂ ਪਤਾ ਲੱਗਿਆ।’’ ਬੈਠਕ ਵਿੱਚੋਂ ਵਿਹੜੇ ਵੱਲ ਨੂੰ ਆਉਂਦੇ ਦਲਬਾਰਾ ਸਿੰਘ ਬੋਲਦਾ ਆ ਰਿਹਾ ਸੀ।
‘‘ਬਾਪੂ ਜੀ ਖੇਤ ਨੂੰ ਚੱਲੇ ਹੋ?’’
‘‘ਹਾਂ ਭਾਈ ਦਵਿੰਦਰ, ਨਿਆਈਂ ਆਲੇ ਖੇਤ ’ਚ ਰੁੱਖਾਂ ਦੇ ਬੂਟੇ ਲਗਾਉਣੇ ਸ਼ੁਰੂ ਕੀਤੇ ਨੇ। ਰੁੱਖ ਲਾਵਾਂਗੇ ਤਾਂ ਫ਼ਲ ਖਾਵਾਂਗੇ। ਛਾਂ ਵਾਧੂ ਮਿਲੂ, ਲੱਕੜੀ ਦਾ ਕੋਈ ਅੰਤ ਨ੍ਹੀਂ।’’
ਪਿਛਲੇ ਕਈ ਸਾਲਾਂ ਤੋਂ ਦਲਬਾਰਾ ਸਿੰਘ ਹਰ ਸਾਲ ਵਣ ਮਹਾਉਤਸਵ ਵੇਲੇ ਸਾਂਝੀਆਂ ਥਾਵਾਂ ’ਤੇ ਛਾਂਦਾਰ ਰੁੱਖਾਂ ਦੇ ਬੂਟੇ ਲਗਵਾਉਂਦਾ ਸੀ। ਪੰਚਾਇਤ ਘਰ ਵਿੱਚ ਉਸ ਵੱਲੋਂ ਲਗਵਾਈ ਤ੍ਰਿਵੈਣੀ ਨੂੰ ਚੰਗਾ ਫੁਟਾਰਾ ਪੈ ਗਿਆ ਸੀ। ਜਦੋਂ ਤੋਂ ਉਹ ਪਿੰਡ ਦੀ ਸਰਪੰਚੀ ਤੋਂ ਵਿਹਲਾ ਹੋਇਆ ਸੀ, ਉਸ ਨੇ ਪਿੰਡ ਦੇ ਸਾਰੇ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ।
‘‘ਦਵਿੰਦਰ ਭਾਈ, ਨਵਦੀਪ ਦੇ ਹੱਥ ਚਾਹ ਦਾ ਡੋਲੂ ਭੇਜ ਦੇਈਂ। ਇਸ ਬਹਾਨੇ ਉਹ ਵੀ ਸਾਫ਼ ਹਵਾ ਵਿੱਚ ਚਾਰ ਸਾਹ ਲੈ ਲਊ।’’ ਉਹ ਜਾਂਦਾ-ਜਾਂਦਾ ਬੂਹੇ ਵਿੱਚੋਂ ਮੁੜ ਆਇਆ ਸੀ।
‘‘ਬਾਬਾ ਜੀ, ਸਤ ਸ੍ਰੀ ਅਕਾਲ ਜੀ।’’
‘‘ਜਿਉਂਦਾ ਰਹਿ ਪੁੱਤਰ, ਜੁਆਨੀਆਂ ਮਾਣੋ।’’
‘‘ਨਿਆਈਂ ਆਲੇ ਖੇਤ ’ਚ ਤਾਂ ਬਾਗ਼ ਲਵਾਉਣਾ ਸ਼ੁਰੂ ਕਰ ਦਿੱਤਾ ਬਾਬਾ ਜੀ।’’
‘‘ਰੁੱਖਾਂ ਨਾਲ ਈ ਸੁੱਖ ਦਾ ਸਾਹ ਆਊ ਕੰਤੇ। ਮੀਂਹ ਦੀ ਆਸ ਵੀ ਰੁੱਖਾਂ ਨਾਲ ਆ। ਆ ਜਾ ਨਾਲ ਈ ਕਾਮਿਆਂ ਦੀ ਮਦਦ ਕਰਾਈਂ, ਚਾਰ ਟੋਏ ਈ ਪੁਟਵਾ ਦੀਂ। ਮੈਂ ਕਿੰਨੇ ਦਿਨ ਆ ਹੁਣ ‘ਦਰਿਆ ਕੰਢੇ ਰੁੱਖੜਾ।’ ਹਵਾ ਤਾਂ ਸਾਰੇ ਪਿੰਡ ਦੀ ਸ਼ੁੱਧ ਹੋਉ।’’
‘‘ਬਾਬਾ ਜੀ, ਅਸੀਂ ਸਾਰੇ ਨੌਜਵਾਨ ਸਭਾ ਵਾਲੇ ਤਾਂ ਸਦਾ ਤੁਹਾਡੇ ਨਾਲ ਈ ਆਂ। ਆਖੋ ਤਾਂ ਦੋ-ਚਾਰ ਮੁੰਡੇ ਹੋਰ ਬੁਲਾ ਲੈਂਨੇ ਆ।’’
‘‘ਇਹ ਤਾਂ ਤੇਰੇ ਨਾਲ ਪਿਆਰ ਆ ਪੁੱਤਰ, ਲੈ ਤੂੰ ਬੈਠ ਮੰਜੇ ’ਤੇ ਅਖ਼ਬਾਰ ਪੜ੍ਹ, ਮੈਂ ਕੰਮ ਦੇਖ ਆਵਾਂ।’’ ਦਲਬਾਰਾ ਤੇ ਕੁਲਵੰਤ ਗੱਲਾਂ ਕਰਦੇ-ਕਰਦੇ ਖੇਤ ਆ ਗਏ ਸਨ। ਕੁਲਵੰਤ ਮੋਟਰ ਤੋਂ ਪਾਣੀ ਪੀਣ ਲੱਗ ਪਿਆ। ਦਲਬਾਰਾ ਸਿੰਘ ਟੋਏ ਪੁੱਟ ਰਹੇ ਕਾਮਿਆਂ ਵੱਲ ਨੂੰ ਤੁਰ ਗਿਆ।
‘‘ਓ ਆ ਬਈ ਨਵਦੀਪ, ਲੱਗਦਾ ਚਾਹ ਲੈ ਕੇ ਆਇਆ?’’
‘‘ਵੀਰ ਜੀ, ਪੀਓ ਚਾਹ।’’ ਨਵਦੀਪ ਨੇ ਚਾਹ ਵਾਲਾ ਡੋਲੂ ਤੇ ਗਲਾਸ ਮੰਜੇ ਦੇ ਨਾਲ ਪਏ ਮੇਜ਼ ’ਤੇ ਰੱਖ ਕੇ ਬਾਹਾਂ ਖੋਲ੍ਹ ਕੇ ਲੰਮਾ ਸਾਹ ਲਿਆ।
‘‘ਲੱਗਦਾ ਮੋਬਾਈਲ ਨੇ ਥਕੇਵਾਂ ਕਰਤਾ ਤੈਨੂੰ। ਤੂੰ ਆਰਾਮ ਕਰ, ਮੈਂ ਈ ਉੱਥੇ ਲੈ ਜਾਂਦਾਂ ਚਾਹ।’’ ਕੁਲਵੰਤ ਡੋਲੂ ਤੇ ਗਲਾਸ ਚੁੱਕ ਕੇ ਕਾਮਿਆਂ ਵੱਲ ਨੂੰ ਤੁਰ ਪਿਆ।
‘‘ਚਾਚਾ ਮੈਂ ਵੀ ਆਇਆ, ਦਾਦਾ ਜੀ ਕਹਿੰਦੇ ਸੀ ਆਪਣੇ ਹਿੱਸੇ ਦੇ ਪੰਜ ਰੁੱਖਾਂ ਦੇ ਬੂਟੇ ਤੂੰ ਵੀ ਲਾ।’’ ਨਵਦੀਪ ਭੱਜ ਕੇ ਕੁਲਵੰਤ ਨਾਲ ਜਾ ਰਲਿਆ।
‘‘ਨੌਜਵਾਨ ਸਭਾ ਵੀ ਪਹੁੰਚ ਗਈ ਬਈ, ਹੁਣ ਤਾਂ ਕੰਮ ਹੋ ਗਿਆ ਮੰਨੋ।’’ ਬਲਦੇਵ ਹੱਸਦਾ ਹੋਇਆ ਬੋਲਿਆ।
‘‘ਅਸੀਂ ਤਾਂ ਬਾਬਾ ਜੀ ਦੀ ਫੌਜ ਆਂ, ਚਾਚਾ ਜੀ, ਬਾਬਾ ਜੀ ਨੇ ਸਾਨੂੰ ਮਨੁੱਖਤਾ ਦੇ ਭਲੇ ਦੇ ਕਾਰਜ ਵਿੱਚ ਲਾ ਦਿੱਤਾ। ਰੁੱਖਾਂ ਨਾਲ ਈ ਹਰਿਆਲੀ ਆ।’’
‘‘ਬਹੁਤ ਵਧੀਆ, ਬਹੁਤ ਵਧੀਆ। ਤੁਹਾਡੀ ਪੀੜ੍ਹੀ ਸੁਚੇਤ ਹੋ ਗਈ ਤਾਂ ਰੁੱਖਾਂ ਸਦਕਾ ਧਰਤੀ ਦਾ ਪਾਣੀ ਵੀ ਮੁੜ ਆਊ।’’ ਬਲਦੇਵ ਸਿੰਘ, ਕੁਲਵੰਤ ਨੂੰ ਦੇਖ ਕੇ ਖ਼ੁਸ਼ ਹੋ ਗਿਆ।
‘‘ਬੱਲੇ...ਬੱਲੇ, ਦੀਪ ਪੁੱਤਰ ਵੀ ਮਾਸਕ ਲਾ ਕੇ ਆਇਆ। ਲੈ ਟੋਏ ਪੁੱਟੇ ਹੋਏ ਨੇ। ਕੁਲਵੰਤ ਤੂੰ ਹਿਸਾਬ ਨਾਲ ਟੋਇਆਂ ’ਚ ਖਾਦ ਪਾ ਦੇ। ਬਾਪੂ ਜੀ, ਤੁਸੀਂ ਜਾਓ, ਮੰਜੇ ’ਤੇ ਬੈਠ ਕੇ ਅਖ਼ਬਾਰ ਪੜ੍ਹੋ।’’ ਬਲਦੇਵ ਆਪਣੀ ਨਿਗਰਾਨੀ ਹੇਠ ਸਾਰਾ ਕੰਮ ਆਪ ਕਰਵਾ ਰਿਹਾ ਸੀ।
ਦਲਬਾਰਾ ਸਿੰਘ ਤੋਂ ਹੁਣ ਜ਼ਿਆਦਾ ਦੇਰ ਖੜਿ੍ਹਆ ਵੀ ਨਹੀਂ ਸੀ ਜਾਂਦਾ। ਉਸ ਨੇ ਲੰਮਾ ਸਮਾਂ ਪਿੰਡ ਦੀ ਸਰਪੰਚੀ ਕੀਤੀ ਸੀ। ਪਿੰਡ ਨੂੰ ਆਦਰਸ਼ ਪਿੰਡ ਬਣਾਇਆ ਸੀ। ਰੁੱਖ ਲਾਉਣ ਲਈ ਯਤਨਸ਼ੀਲ ਤਾਂ ਉਹ ਸ਼ੁਰੂ ਤੋਂ ਹੀ ਸੀ, ਪਰ ਉਸ ਨਾਲ ਘਰ ਦਾ ਜੋਗੀ ਜੋਗੜਾ ਵਾਲੀ ਗੱਲ ਹੁੰਦੀ ਰਹੀ। ਰੁੱਖਾਂ ਦੇ ਬੂਟੇ ਲੱਗ ਤਾਂ ਜਾਂਦੇ, ਪਾਲਣਾ ਤੇ ਸੰਭਾਲ ਦੀ ਘਾਟ ਰਹਿ ਜਾਂਦੀ ਰਹੀ, ਪਰ ਫਿਰ ਵੀ ਪੰਚਾਇਤ ਘਰ ਅਤੇ ਪਿੰਡ ਦੀ ਸੱਥ ਵਿੱਚ ਲਾਈ ਤ੍ਰਿਵੈਣੀ ਦੀਆਂ ਗੱਲਾਂ ਤਾਂ ਇਲਾਕੇ ਵਿੱਚ ਤੁਰ ਪਈਆਂ ਸਨ। ਹੁਣ ਉਨ੍ਹਾਂ ਦੇ ਆਂਢ-ਗੁਆਂਢ ਦੇ ਪਿੰਡ ਵੀ ਉਨ੍ਹਾਂ ਦੀ ਰੀਸ ਵਿੱਚ ਹਰ ਵਣ ਮਹਾਉਤਸਵ ਨੂੰ ਰੁੱਖਾਂ ਦੇ ਪੌਦੇ ਲਗਾਉਣ ਲੱਗ ਪਏ ਸਨ।
‘‘ਚਲੋ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਤਾਂ ਆਈ ਬਈ ਰੁੱਖਾਂ ਨਾਲ ਹੀ ਜੀਵਨ ਐ।’’ ਕਈ ਵਾਰ ਉਹ ਆਪਣੇ-ਆਪ ਨਾਲ ਗੱਲ ਕਰਕੇ ਮਨ ਨੂੰ ਧਰਵਾਸ ਦੇ ਲੈਂਦਾ।
ਉਹ ਖ਼ੁਸ਼ ਸੀ ਕਿ ਪਿੰਡ ਸੰਗਤਪੁਰਾ ਦੀ ਰੀਸ ਆਂਢ-ਗੁਆਂਢ ਦੇ ਪਿੰਡਾਂ ਵਿੱਚ ਵੀ ਤ੍ਰਿਵੈਣੀਆਂ ਲੱਗਣ ਲੱਗ ਪਈਆਂ ਸਨ। ਇਸ ਗੱਲ ਬਾਰੇ ਸੋਚ ਕੇ ਵੀ ਦਲਬਾਰਾ ਸਿੰਘ ਦੇ ਮਨ ਨੂੰ ਤਸੱਲੀ ਹੋ ਜਾਂਦੀ ਕਿ ‘ਕਿਸੇ ਗੱਲ ਦੀ ਲੋਕਾਂ ਨੂੰ ਲਗਨ ਤਾਂ ਲੱਗੀ।’ ਇਸ ਵਾਰ ਬਾਰਸ਼ ਵੀ ਚੰਗੀ ਹੋ ਗਈ ਸੀ। ਉਸ ਨੂੰ ਅਜਿਹਾ ਮਹਿਸੂਸ ਹੋਇਆ ਕਿ ਇਹ ਪਿਛਲੇ ਦੋ ਦਹਾਕਿਆਂ ਤੋਂ ਲਗਾਏ ਜਾਂਦੇ ਰੁੱਖਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਦਲਬਾਰਾ ਸਿੰਘ ਸੋਚਾਂ ਵਿੱਚ ਹੀ ਵੱਟੋ-ਵੱਟ ਤੁਰਿਆ ਆਉਂਦਾ ਮੰਜੇ ’ਤੇ ਆ ਬੈਠਾ ਤੇ ਹੱਥ ਵਿੱਚ ਅਖ਼ਬਾਰ ਫੜੀਂ ਉਹ ਸੋਚਾਂ ਸੋਚਦਾ ਕਿਤੇ ਦਾ ਕਿਤੇ ਪਹੁੰਚ ਗਿਆ ਸੀ।
‘‘ਬਾਬਾ ਜੀ ਨਿੰਮਾਂ ਦੀਆਂ ਦੋ ਕਤਾਰਾਂ ਲੱਗ ਗਈਆਂ ਨੇ। ਆਓ ਘਰ ਚੱਲੀਏ। ਸੰਝ ਪੈ ਗਈ। ਬਾਕੀ ਕੱਲ੍ਹ ਨੂੰ ਕਰਾਂਗੇ।’’ ਕੁਲਵੰਤ ਮੋਟਰ ਦੇ ਚੁਬੱਚੇ ਵਿੱਚ ਹੱਥ-ਮੂੰਹ ਧੋਂਦਾ ਆਖ ਰਿਹਾ ਸੀ।
‘‘ਅੱਛਾ...ਅੱਛਾ ਪੁੱਤਰ, ਦੀਪ ਤੇ ਉਹਦਾ ਬਾਪੂ ਚਲੇ ਗਏ ? ਆ ਤੂੰ ਬੈਠ ਘੜੀ ਮੇਰੇ ਕੋਲ।’’ ਬਾਬਾ ਜੀ ਜਿਵੇਂ ਡੂੰਘੀ ਨੀਂਦ ਵਿੱਚੋਂ ਜਾਗੇ ਹੋਣ।
‘‘ਬਾਬਾ ਜੀ, ਨਵਦੀਪ ਤਾਂ ਕੰਮ ’ਚ ਖੁੱਭਿਆ ਰਿਹੈ।’’
ਨਵਦੀਪ ਨੂੰ ਉਨ੍ਹਾਂ ਵੱਲ ਨੂੰ ਛਾਲਾਂ ਮਾਰਦਾ ਤੁਰਿਆ ਆਉਂਦਾ ਦੇਖ ਕੇ ਦਲਬਾਰਾ ਸਿੰਘ ਖ਼ੁਸ਼ ਸੀ। ‘‘ਲੈ ਭਾਈ ਅੱਜ ਦਾ ਦਿਨ ਤਾਂ ਮੋਬਾਈਲ ਤੋਂ ਖਹਿੜਾ ਛੁੱਟਿਆ ਇਹਦਾ। ਮੈਨੂੰ ਲੱਗਦਾ ਮੋਬਾਈਲ ਮਿਲਣ ਕਰਕੇ ਬੱਚੇ ਵਿੱਦਿਆ ਤੋਂ ਮੂੰਹ ਈ ਮੋੜ ਗਏ। ਏਸ ਉਮਰੇ ਸਰੀਰਕ ਖੇਡਾਂ ਖੇਡਣ ਨਾਲ ਬੱਚਿਆਂ ਦਾ ਵਿਕਾਸ ਹੁੰਦੈ।’’
‘‘ਬਾਬਾ ਜੀ ਇਹ ਤਾਂ ਸਭਾ ਦਾ ਮੈਂਬਰ ਬਣਨ ਨੂੰ ਕਹਿੰਦੈ।’’ ਕੁਲਵੰਤ ਚੁਬੱਚੇ ਦੀ ਬੰਨ੍ਹੀ ’ਤੇ ਬੈਠਦਾ ਬੋਲਿਆ।
‘‘ਤੇ ਲਓ ਹੁਣ ਨਾਲ ਲੱਗਦਾ ਅਗਲਾ ਹੁਕਮ ਵੀ ਕਰ ਦਿਓ ਬਾਬਾ ਜੀ।’’
‘‘ਨੇੜੇ ਨੂੰ ਆ, ਇਹ ਗੱਲ ਤੇਰੇ ਨਾਲ ਕਰਨੀ ਆ। ਬਲਦੇਵ ਸਿੰਘ ਨੂੰ ਤਾਂ ਮੈਂ ਕਹਿ ਈ ਨ੍ਹੀਂ ਸਕਦਾ। ਦੀਪ ਅਜੇ ਨਿਆਣਾ। ਤੈਨੂੰ ਪਤਾ ਪਿੰਡ ਤਾਂ ਅੰਦਰੋਂ, ਬਾਹਰ ਨੂੰ ਤੁਰਿਆ ਆਉਂਦਾ। ਮੈਂ ਆਹ ਕੁੱਪ ਆਲੀ ਥਾਂ ਖਾਲੀ ਰੱਖੀ ਆ, ਮੇਰੇ ਤੋਂ ਬਾਅਦ ਇਸ ਜਗ੍ਹਾ ’ਤੇ ਤੁਸੀਂ ਸਭਾ ਦੇ ਮੈਂਬਰ ਰਲ ਕੇ ਤ੍ਰਿਵੈਣੀ ਲਾ ਦਿਓ।’’ ਇੰਨੀ ਗੱਲ ਆਖ ਦਲਬਾਰਾ ਸਿੰਘ ਨੇ ਅੱਖਾਂ ਸਾਫੇ ਦੇ ਲੜ ਨਾਲ ਢਕ ਲਈਆਂ।
‘‘ਲੈ ਦਾਦਾ ਜੀ, ਤੁਹਾਡੇ ਹੱਥਾਂ ਨਾਲ ਈ ਤ੍ਰਿਵੈਣੀ ਲਵਾਂ ਦਿੰਨੇ ਆ। ਬਾਅਦ ਆਲੀ ਇੱਕ ਹੋਰ ਸਹੀ।’’ ਨਵਦੀਪ ਮੋਟਰ ਦੇ ਕੋਠੇ ਅੰਦਰੋਂ ਨਿਕਲਦਾ ਬੋਲਿਆ। ਦਲਬਾਰਾ ਸਿੰਘ ਨੇ ਝੱਟ ਉੱਠ ਕੇ ਦੀਪ ਨੂੰ ਬੁਕਲ ਵਿੱਚ ਘੁੱਟ ਲਿਆ, ‘‘ਅੱਛਾ ਪੁੱਤਰ ਤੂੰ ਵੀ ਦਾਦੇ ਆਲੇ ਰਾਹ ਤੁਰੇਂਗਾ। ਚੱਲੋ ਫਿਰ ਕੱਲ੍ਹ ਕਦੋਂ ਆਇਆ, ਅੱਜ ਈ ਲਾ ਚੱਲੀਏ ਪੁੱਤਰ।’’
ਕੁਲਵੰਤ ਮੰਜੇ ਤੋਂ ਉੱਠਿਆ ਤੇ ਕਹੀ ਚੁੱਕ ਕੇ ਟੋਆ ਪੁੱਟਣ ਲੱਗ ਪਿਆ। ਦਲਬਾਰਾ ਸਿੰਘ ਨੇ ਇੱਕ ਵਾਰ ਆਕਾਸ਼ ਵੱਲ ਦੇਖਿਆ, ਫਿਰ ਧਰਤੀ ਨੂੰ ਮੱਥਾ ਟੇਕ ਟੋਏ ਕੋਲ ਬੈਠ ਗਿਆ। ਨਵਦੀਪ ਕੋਠੇ ਵਿੱਚੋਂ ਬੋਹੜ, ਪਿੱਪਲ ਤੇ ਨਿੰਮ ਚੁੱਕੀ ਆ ਰਿਹਾ ਸੀ।