ਇੰਝ ਲੱਗਿਆ SRK ਨੂੰ ਮਿਲ ਰਿਹਾ; ਆਰੀਅਨ ਖਾਨ ਨਾਲ ਪਹਿਲੀ ਮੁਲਾਕਾਤ ’ਤੇ ਬੋਲੇ ਦਿਲਜੀਤ ਦੋਸਾਂਝ
ਬੋਲੀਵੁੱਡ ਕਿੰਗ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੇ ਨਿਰਦੇਸ਼ਨ ਤੋਂ ਬਾਅਦ ਹੁਣ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦਾ ਡੈਬਿਊ ਗੀਤ ‘ਤੈਨੂੰ ਕੀ ਪਤਾ’ ਰਿਲੀਜ਼ ਹੋ ਚੁੱਕਾ ਹੈ, ਜਿਸ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦਾ ਸਾਥ ਮਿਲਿਆ।
ਆਰੀਅਨ ਖਾਨ ਦੇ ਪਿਤਾ ਸ਼ਾਹਰੁਖ ਖਾਨ ਨੇ ਗੀਤ ‘ਤੈਨੂੰ ਕੀ ਪਤਾ’ ਨੂੰ ਰਿਕਾਰਡ ਕੀਤੇ ਜਾਣ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਕੀਤਾ ਹੈ, ਜਿਸ ਰਾਹੀਂ ਉਨ੍ਹਾਂ ਨੇ ਦਿਲਜੀਤ ਦੁਸਾਂਝ ਦਾ ਧੰਨਵਾਦ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ,“ ਦਿਲਜੀਤ ਪਾਜੀ ਦਾ ਦਿਲੋਂ ਧੰਨਵਾਦ ਅਤੇ ਵੱਡੀ ਜੱਫੀ...ਤੁਸੀਂ ਬਹੁਤ ਦਿਆਲੂ ਅਤੇ ਪਿਆਰੇ ਹੋ। ਉਮੀਦ ਹੈ ਕਿ ਆਰੀਅਨ ਨੇ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਨਹੀਂ ਕੀਤਾ। ਤੁਹਾਨੂੰ ਬਹੁਤ ਪਿਆਰ।”
ਸੁਪਰਸਟਾਰ ਨੂੰ ਜਵਾਬ ਦਿੰਦੇ ਹੋਏ, ਦਿਲਜੀਤ ਨੇ ਕਿਹਾ ਕਿ ਸਟੂਡੀਓ ਵਿੱਚ ਆਰੀਅਨ ਨੂੰ ਮਿਲਣਾ ਸ਼ਾਹਰੁਖ ਨੂੰ ਮਿਲਣ ਵਰਗਾ ਮਹਿਸੂਸ ਹੋਇਆ। ਸਰ ਬਹੁਤ ਪਿਆਰ ਜੀ ਆਰੀਅਨ ਵੀ ਬਹੁਤ ਪਿਆਰਾ ਹੈ.. ਜਦੋਂ ਮੈਂ ਉਸਨੂੰ ਪਹਿਲੀ ਵਾਰ ਸਟੂਡੀਓ ਵਿੱਚ ਮਿਲਿਆ, ਤਾਂ ਅਜਿਹਾ ਲੱਗਿਆ ਜਿਵੇਂ ਮੈਂ ਤੁਹਾਨੂੰ ਮਿਲ ਰਿਹਾ ਹਾਂ। ਜੋ ਕਿ ਮੇਰੇ ਲਈ ਪੂਰੀ ਤਰ੍ਹਾਂ ਹੈਰਾਨ ਕਰਨ ਵਾਲਾ ਸੀ.. ਕਿ ਆਰੀਅਨ ਗਿਟਾਰ ਵੀ ਵਜਾ ਸਕਦਾ ਹੈ ਅਤੇ ਗਾ ਵੀ ਸਕਦਾ ਹੈ। ਜਦੋਂ ਮੈਂ ਗਾਣਾ ਡਬ ਕਰ ਰਿਹਾ ਸੀ, ਤਾਂ ਉਹ ਗਾਣੇ ਦੇ ਹਰ ਇੱਕ ਨੋਟ ਨੂੰ ਜਾਣਦਾ ਸੀ.. ਰੱਬ ਉਸਨੂੰ ਤਰੱਕੀ ਤੇ ਸਤਿਕਾਰ ਦੇਵੇ।”
ਦੱਸ ਦਈਏ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ 18 ਸਤੰਬਰ ਨੂੰ ਪਰਦੇ ’ਤੇ ਆਉਣ ਵਾਲੀ ‘ਬੈਡਸ ਆਫ ਬੋਲੀਵੁੱਡ’ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰ ਰਹੇ ਹਨ।