ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ...

ਅਸ਼ੋਕ ਬਾਂਸਲ ਮਾਨਸਾ ਅਣਮੁੱਲੇ ਗੀਤਕਾਰ-13 ਕਰਨੈਲ ਸਿੰਘ ਪਾਰਸ ਹਰ ਇਨਸਾਨ ਨੂੰ ਆਪਣਾ ਗਰਾਂ, ਆਪਣੀ ਜਨਮ ਭੂਮੀ, ਆਪਣੀ ਬੋਲੀ, ਆਪਣੇ ਇਲਾਕੇ ਦਾ ਖਾਣ-ਪਾਣ, ਆਪਣੇ ਇਲਾਕੇ ਦੇ ਗੀਤ ਸਭ ਤੋਂ ਉੱਤਮ ਲੱਗਦੇ ਹਨ। ਮੇਰਾ ਜਨਮ ਮਾਲਵੇ ਦੇ ਸ਼ਹਿਰ ਮਾਨਸਾ ਵਿੱਚ ਹੋਇਆ।...
Advertisement

ਅਸ਼ੋਕ ਬਾਂਸਲ ਮਾਨਸਾ

Advertisement

ਅਣਮੁੱਲੇ ਗੀਤਕਾਰ-13

ਕਰਨੈਲ ਸਿੰਘ ਪਾਰਸ

ਹਰ ਇਨਸਾਨ ਨੂੰ ਆਪਣਾ ਗਰਾਂ, ਆਪਣੀ ਜਨਮ ਭੂਮੀ, ਆਪਣੀ ਬੋਲੀ, ਆਪਣੇ ਇਲਾਕੇ ਦਾ ਖਾਣ-ਪਾਣ, ਆਪਣੇ ਇਲਾਕੇ ਦੇ ਗੀਤ ਸਭ ਤੋਂ ਉੱਤਮ ਲੱਗਦੇ ਹਨ। ਮੇਰਾ ਜਨਮ ਮਾਲਵੇ ਦੇ ਸ਼ਹਿਰ ਮਾਨਸਾ ਵਿੱਚ ਹੋਇਆ। ਕਵੀਸ਼ਰੀ ਇਸੇ ਮਾਲਵੇ ਦੀ ਉਪਜ ਹੈ, ਜੋ ਪੰਜਾਬੀ ਗਾਇਕੀ ਵਿੱਚ ਇੱਕ ਵੱਖਰਾ ਮੁਕਾਮ ਰੱਖਦੀ ਹੈ। ਪੰਜਾਬੀ ਕਵੀਸ਼ਰੀ ਵਿੱਚ ਮਾਲਵੇ ਦੇ ਕਵੀਸ਼ਰਾਂ ਦਾ ਬੜਾ ਵੱਡਾ ਯੋਗਦਾਨ ਹੈ। ਕਵੀਸ਼ਰੀ ਨੂੰ ‘ਕਾਵਿ’ ਅਤੇ ਗਾਇਕੀ ਦੇ ਪੱਖ ਤੋਂ ਇੱਕ ਨਿਵੇਕਲੀ ਸ਼ੈਲੀ ਮੰਨਿਆ ਗਿਆ ਹੈ। ਜੇਕਰ ਇਸ ਦੇ ਨਾਮ ਦਾ ਸ਼ਾਬਦਿਕ ਅਰਥ ਕਰਨਾ ਹੋਵੇ ਤਾਂ ਇਹ ਦੋ ਸ਼ਬਦਾਂ ਭਾਵ ਕਵਿ ਇਸ਼ਵਰੀ ਤੋਂ ਮਿਲ ਕੇ ਬਣਿਆ ਹੈ, ਭਾਵ ਈਸ਼ਵਰ ਦੀ ਇੱਛਾ ਨਾਲ ਉਪਜਿਆ ਅਤੇ ਗਾਇਆ ਜਾਣ ਵਾਲਾ ਕਾਵਿ। ਇਸ ਤਰ੍ਹਾਂ ਕਵੀਸ਼ਰੀ ਤਰੰਨੁਮ ’ਚ ਗਾਈ ਜਾਣ ਵਾਲੀ ਛੰਦ-ਬੱਧ ਕਵਿਤਾ ਹੀ ਹੁੰਦੀ ਹੈ ਜੋ ਈਸ਼ਵਰ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਉਸਤਤ ’ਚ ਗਾਈ ਜਾਂਦੀ ਹੈ। ਕਵੀਸ਼ਰੀ ਨੂੰ ਸਾਜ਼ਾਂ ਤੋਂ ਬਗੈਰ ਗਾਇਆ ਜਾਂਦਾ ਹੈ। ਇਸ ਵਿਚਲੀ ਹੇਕ, ਲ੍ਹੇਰ ਤੇ ਲੈਅਕਾਰੀ ਹੀ ਇਸ ਵਿੱਚ ਸੰਗੀਤਕ ਰਸ ਭਰਦੀ ਹੈ। ਬਾਬੂ ਰਜਬ ਅਲੀ ਤੋਂ ਬਾਅਦ ਕਰਨੈਲ ਸਿੰਘ ਪਾਰਸ ਕਵੀਸ਼ਰਾਂ ’ਚੋਂ ਸਭ ਤੋਂ ਵੱਡਾ ਨਾਮ ਹੈ;

ਨਵੀਂ ਕਿਸਮ ਦੀ ਰਚਨਾ ਰਚਦਾ, ਰਹੇ ‘ਕਰਨੈਲ ਕਵੀਸ਼ਰ’

ਸ਼ਾਗਿਰਦਾਂ ਨੂੰ ਯਾਦ ਕਰਨ ਦੀ ਸ਼ਕਤੀ ਦੇਵੇ ਈਸ਼ਵਰ

ਉੱਚ ਘਰਾਣੇ ਜਾਣ ਵਿਆਹੀਆਂ, ਭਲੇ ਘਰਾਂ ਦੀਆਂ ਜਾਈਆਂ

ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ

ਕਰਨੈਲ ਸਿੰਘ ਦਾ ਜਨਮ 28 ਜੂਨ 1916 ਨੂੰ ਉਸ ਦੇ ਨਾਨਕੇ ਪਿੰਡ ਮਹਿਰਾਜ (ਜ਼ਿਲ੍ਹਾ ਬਠਿੰਡਾ) ਵਿੱਚ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਤਾਰਾ ਸਿੰਘ ਗਿੱਲ ਸੀ ਜੋ ਮੋਗੇ ਲਾਗੇ ਪਿੰਡ ਰਾਮੂੰਵਾਲੇ ਦੇ ਸਨ। ਕਰਨੈਲ ਸਿੰਘ ਦੇ ਮਾਤਾ-ਪਿਤਾ ਦੀ ਮੌਤ ਉਸ ਦੇ ਬਚਪਨ ਵਿੱਚ ਹੀ ਹੋ ਗਈ ਸੀ। ਇਸ ਕਰ ਕੇ ਉਹ ਸਕੂਲ ਦਾ ਮੂੰਹ ਵੀ ਨਹੀਂ ਦੇਖ ਸਕਿਆ। ਬਚਪਨ ਵਿੱਚ ਗੁਰਬਾਣੀ ਸਿੱਖਣ ਲਈ ਕਰਨੈਲ ਸਿੰਘ ਪਿੰਡ ਦੇ ਡੇਰੇ ਜਾਣ ਲੱਗ ਪਿਆ। ਉੱਥੇ ਉਸ ਨੇ ਪੰਡਿਤ ਕ੍ਰਿਸ਼ਨਾ ਨੰਦ ਤੋਂ ਪੰਜ ਪਉੜੀਆਂ ਸਿੱਖੀਆਂ। ਕਰਨੈਲ ਸਿੰਘ ਦੀ ਯਾਦਸ਼ਕਤੀ ਬਹੁਤ ਸੀ। ਜਦੋਂ ਕ੍ਰਿਸ਼ਨਾ ਨੰਦ ਨੂੰ ਉਸ ਨੇ ਲਗਾਤਾਰ ਮੂੰਹ ਜ਼ੁਬਾਨੀ ਪੰਜ ਪਉੜੀਆਂ ਸੁਣਾਈਆਂ ਤਾਂ ਕ੍ਰਿਸ਼ਨਾ ਨੰਦ ਦੇ ਮੂੰਹੋਂ ਅਚਨਚੇਤ ਹੀ ਨਿਕਲ ਗਿਆ, ‘‘ਉਏ! ਤੂੰ ਤਾਂ ‘ਪਾਰਸ’ ਏਂ ‘ਪਾਰਸ’।’’ ਪਾਰਸ ਇੱਕ ਮਿਥਿਹਾਸਕ ਪੱਥਰ ਮੰਨਿਆ ਜਾਂਦਾ ਹੈ ਜਿਸ ਦੀ ਛੋਹ ਨਾਲ ਹਰ ਧਾਤ ਸੋਨਾ ਬਣ ਜਾਂਦੀ ਹੈ।

ਭਾਵੇਂ ਕ੍ਰਿਸ਼ਨਾ ਨੰਦ ਨੇ ਕਰਨੈਲ ਸਿੰਘ ਨੂੰ ਮਿਥਿਹਾਸਕ ਪੱਥਰ ‘ਪਾਰਸ’ ਦਾ ਨਾਮ ਦਿੱਤਾ, ਪਰ ਕਰਨੈਲ ਸਿੰਘ ਨੇ ਆਪਣੇ ਅਨੇਕਾਂ ਸ਼ਾਗਿਰਦ ਪੈਦਾ ਕਰਕੇ ਇਤਿਹਾਸ ਰਚ ਦਿੱਤਾ ਅਤੇ ਸਿੱਧ ਕਰ ਦਿੱਤਾ ਕਿ ਉਹ ਸੱਚ-ਮੁੱਚ ਦਾ ਪਾਰਸ ਹੈ। ਇਸ ਤਰ੍ਹਾਂ ਮਾਪਿਆਂ ਦਾ ਕਰਨੈਲ ਸਿੰਘ, ਕ੍ਰਿਸ਼ਨਾ ਨੰਦ ਨੇ ‘ਪਾਰਸ’ ਜੋੜ ਕੇ ਉਸ ਨੂੰ ਕਰਨੈਲ ਸਿੰਘ ‘ਪਾਰਸ’ ਬਣਾਇਆ ਤੇ ਉਸ ਦੇ ਪਿੰਡ ਰਾਮੂੰਵਾਲ ਨੇ ਉਸ ਨੂੰ ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ ਬਣਾ ਦਿੱਤਾ।

ਹੌਲੀ-ਹੌਲੀ ਕਰਨੈਲ ਸਿੰਘ ਕਵਿਤਾ ਜੋੜਨ ਲੱਗ ਪਿਆ। ਘਰੇਲੂ ਹਾਲਾਤ ਬਹੁਤੇ ਠੀਕ ਨਹੀਂ ਸਨ। ਇੱਕ ਵਾਰ ਕਰਨੈਲ ਸਿੰਘ ਪਿੰਡੋਂ ਪੈਦਲ ਹੀ ਮੁਕਤਸਰ ਜਾ ਪਹੁੰਚਿਆ ਤੇ ਤਿੰਨ ਰੁਪਏ ਦਿਹਾੜੀ ਉੱਪਰ ਤਲਾਅ ’ਤੇ ਚੌਕੀਦਾਰਾ ਕਰਨ ਲੱਗਾ। ਇੱਥੇ ਹੀ ਉਸ ਦਾ ਮੇਲ ‘ਕਵੀਸ਼ਰ ਮੋਹਨ ਸਿੰਘ ਰੋਡਿਆਂ ਵਾਲੇ’ ਨਾਲ ਹੋ ਗਿਆ। ਮੋਹਨ ਸਿੰਘ ਕਵੀਸ਼ਰੀ ਕਰਦਾ ਹੁੰਦਾ ਸੀ, ਕਰਨੈਲ ਸਿੰਘ ਨੇ ਲਗਾਤਾਰ ਛੇ ਸਾਲ ਮੋਹਨ ਸਿੰਘ ਰੋਡਿਆਂ ਵਾਲੇ ਨਾਲ ਲਾਏ ਤੇ ਬਹੁਤ ਵਧੀਆ ਕਵਿਤਾ ਲਿਖਣ ਲੱਗ ਪਿਆ।

ਸਾਲ 1938 ਵਿੱਚ ਕਰਨੈਲ ਸਿੰਘ ਨੇ ਆਪਣਾ ਜੱਥਾ ਬਣਾ ਲਿਆ, ਜਿਸ ਵਿੱਚ ਰਣਜੀਤ ਸਿੰਘ ਸਿੱਧਵਾਂ ਵਾਲੇ ਅਤੇ ਚੰਦ ਸਿੰਘ ਜੰਡੀ ਉਸ ਦੇ ਸਾਥੀ ਸਨ। ਕਰਨੈਲ ਸਿੰਘ ਲੈਕਚਰ ਕਰਦਾ, ਰਣਜੀਤ ਸਿੰਘ ਤੇ ਚੰਦ ਸਿੰਘ ਜੰਡੀ ਗਾਉਂਦੇ। 1938 ਵਿੱਚ ਹੀ ਪਾਰਸ ਦਾ ਵਿਆਹ ਦਲਜੀਤ ਕੌਰ ਨਾਲ ਹੋਇਆ। ਹੌਲੀ-ਹੌਲੀ ਇਸ ਜੱਥੇ ਦੀ ਮਹਿਕ ਮਾਲਵੇ ਵਿੱਚ ਖਿੱਲਰ ਗਈ। ਰੇਡੀਓ ’ਤੇ ਉਨ੍ਹਾਂ ਦੀ ਕਵੀਸ਼ਰੀ ਰਿਕਾਰਡ ਹੋ ਕੇ ਲੋਕਾਂ ਤੱਕ ਪੁੱਜ ਗਈ। 1953 ਵਿੱਚ ਪਹਿਲੀ ਵਾਰ ਕਰਨੈਲ ਸਿੰਘ ਪਾਰਸ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਪਹਿਲਾ ਤਵਾ ਰਿਕਾਰਡ ਹੋਇਆ। ਇਸ ਦੇ ਦੋਵੇਂ ਪਾਸੇ ਇੱਕ-ਇੱਕ ਕਵੀਸ਼ਰੀ ਸੀ। ਇੱਕ ਪਾਸੇ ਦੇ ਬੋਲ ਸਨ;

ਉੱਠ ਜਾਗ ਮੁਸਾਫਿਰ ਤੂੰ, ਹੋਈ ਭੋਰ ਨਗਾਰੇ ਵੱਜੇ

ਅੱਜ ਕਰਨਾ, ਅਬ ਕਰਲੈ, ਕਰਨਾ ਕੱਲ੍ਹ ਸੋ ਕਰਲੈ ਅੱਜੇ

ਗ਼ਫਲਤ ਵਿੱਚ ਬੀਤ ਗਿਆ, ਮੁੜਕੇ ਹੱਥ ਨਹੀਂ ਆਉਣਾ ਵੇਲਾ

ਹੈ ਆਉਣ ਜਾਣ ਬਣਿਆ, ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ

ਤੇ ਉਸ ਰਿਕਾਰਡ ਦੇ ਦੂਸਰੇ ਪਾਸੇ ਸੀ:

ਕਿਉਂ ਪਕੜ ਮਾਸੂਮਾਂ ਨੂੰ, ਨੀਂ ਇਹ ਲਈ ਪੁਲਸੀਏ ਜਾਂਦੇ

ਤੱਕ ਨੂਰ ਇਲਾਹੀ ਨੂੰ, ਨਿਉਂ ਨਿਉਂ ਪਰਬਤ ਸੀਸ ਨਿਵਾਂਦੇ

ਹੈ ਨਾਲ ਹਕੂਮਤ ਦੇ, ਇਨ੍ਹਾਂ ਦੀ ਕੀ ਪਈ ਮਰੋੜੀ

ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ

ਇਸ ਰਿਕਾਰਡ ਦੀ ਧੁੰਮ ਚਾਰੇ ਪਾਸੇ ਪੈ ਗਈ। ਵਿਆਹ ਸ਼ਾਦੀਆਂ ’ਤੇ ਵੱਜਣ ਵਾਲੇ ਲਾਊਡ ਸਪੀਕਰਾਂ ਰਾਹੀਂ, ਗੁਰੂ ਘਰ ਦੇ ਸਪੀਕਰਾਂ ਰਾਹੀਂ ਇਹ ਕਵੀਸ਼ਰੀ ਦੀ ਗੂੰਜ ਘਰ-ਘਰ ਪੈ ਗਈ। ਇਸ ਰਿਕਾਰਡ ਨੇ ਵਿਕਰੀ ਪੱਖੋਂ ਵੀ ਰਿਕਾਰਡ ਤੋੜ ਦਿੱਤੇ। ਕਰਨੈਲ ਸਿੰਘ ਪਾਰਸ ਨੇ ਇਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਲਗਾਤਾਰ ਰਿਕਾਰਡ ਭਰਵਾਏ। ਇਨ੍ਹਾਂ ਦੇ ਘਰ ਚਾਰ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ, ਜਿਨ੍ਹਾਂ ਵਿੱਚ ਮਾਸਟਰ ਹਰਚਰਨ ਸਿੰਘ ਗਿੱਲ ਰਾਮੂਵਾਲੀਆ, ਬਲਵੰਤ ਸਿੰਘ ਰਾਮੂਵਾਲੀਆ, ਪ੍ਰੋ. ਇਕਬਾਲ ਸਿੰਘ ਗਿੱਲ ਰਾਮੂਵਾਲੀਆ, ਡਾ. ਰਛਪਾਲ ਸਿੰਘ ਗਿੱਲ, ਚਰਨਜੀਤ ਕੌਰ ਅਤੇ ਕਰਮਜੀਤ ਕੌਰ ਨੇ ਆਪੋ ਆਪਣੇ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ ਹੈ।

ਕਰਨੈਲ ਸਿੰਘ ਦੀ ਵਿਰਾਸਤ ਉਸ ਦੇ ਸਪੁੱਤਰ ਬਲਵੰਤ ਸਿੰਘ ਨੇ ਵੀ ਸੰਭਾਲੀ ਰੱਖੀ ਜੋ ਬਾਅਦ ਵਿੱਚ ਭਾਰਤ ਸਰਕਾਰ ਵਿੱਚ ਮੰਤਰੀ ਰਿਹਾ। ‘ਪਾਰਸ’ ਦੇ ਸ਼ਾਗਿਰਦਾਂ ਦੀ ਸੂਚੀ ਬੜੀ ਲੰਮੀ ਐ, ਜਿਨ੍ਹਾਂ ਵਿੱਚ ਚਮਕੌਰ ਸਿੰਘ ਸੇਖੋਂ, ਮਲਕੀਤ ਸਿੰਘ ਰਾਮਗੜ੍ਹੀਆ, ਕਰਤਾਰ ਸਿੰਘ ਸਿੱਧੂ, ਸਤਿੰਦਰਪਾਲ ਸਿੱਧਵਾ ਵਾਲੇ, ਪਰ ‘ਪਾਰਸ’ ਦਾ ਪੋਤ ਜਵਾਈ ਤੇ ਸ਼ਾਗਿਰਦ ਹਰਭਜਨ ਮਾਨ ਤਾਂ ਉਸ ਵਿਰਾਸਤ ਨੂੰ ਤੀਸਰੀ ਪੀੜ੍ਹੀ ਤੱਕ ਲੈ ਆਇਆ। ਕਵੀਸ਼ਰੀ ਤੋਂ ਬਾਅਦ ਉਸ ਨੇ ਸਪੁੱਤਰ ਬਲਵੰਤ ਸਿੰਘ ਰਾਮੂਵਾਲੀਏ ਨੂੰ ਕਵੀਸ਼ਰ ਤੋਂ ਢਾਡੀ ਬਣਾਇਆ। ਇਹ ਕਵੀਸ਼ਰੀ ਜੱਥਾ ਢਾਡੀ ਜੱਥਾ ਬਣ ਗਿਆ। ਪਾਰਸ ਦੇ ਕੁਝ ਅਜਿਹੇ ਗੀਤਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜੋ ਕਦੇ ਵੀ ਪੁਰਾਣੇ ਨਹੀਂ ਹੋ ਸਕਦੇ। ਜਿਨ੍ਹਾਂ ਵਿੱਚ ਹਨ;

ਰਲ ਸੰਗ ਕਾਫਲੇ ਦੇ, ਛੇਤੀ ਬੰਨ੍ਹ ਬਿਸਤਰਾ ਕਾਫ਼ਰ

ਕਈ ਪਹਿਲੀ ਡਾਕ ਚੜ੍ਹੇ, ਬਾਕੀ ਟਿਕਟਾਂ ਲੈਣ ਮੁਸਾਫ਼ਿਰ

ਹੈ ਸਿਗਨਲ ਹੋਇਆ ਵਾ, ਗਾਰਡ ਵਿਸਲਾਂ ਪਿਆ ਵਜਾਵੇ

ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ

***

ਮਰਿਆਂ ਨਾਲ ਨਹੀਂ ਮਰਿਆ ਜਾਂਦਾ, ਛੱਡ ਨਾ ਹੁੰਦੇ ਧੰਦੇ

ਵਕਤ ਗੁਜ਼ਾਰਿਆਂ ਭੁੱਲ ਜਾਂਦੇ, ਖਰੇ ਪਿਆਰੇ ਬੰਦੇ

ਉਨ੍ਹਾਂ ਦੀ ਥਾਂ ਮੱਲੀ ਜਿਹੜੇ, ਨਾ ਸੀ ਕਦੇ ਕਿਆਸੇ

ਹੁੰਦੇ ਰਹਿੰਦੇ ਨੇ, ਜੱਗ ਤੇ ਰੰਗ ਤਮਾਸ਼ੇ

***

ਲਾ ਬਹਿੰਦਾ ਮਨ ਅੰਦਰ ਤੰਬੂ, ਜਦ ਸ਼ੈਤਾਨ ਫ਼ਰਿਸ਼ਤਾ

ਬਦਲ ਦੇਂਵਦਾ ਵਿੱਚ ਦੁਸ਼ਮਣੀ, ਵੱਡਿਓਂ ਵੱਡਾ ਰਿਸ਼ਤਾ

ਸਕੇ ਭਰਾਵਾਂ ਵਿੱਚ ਪੈ ਜਾਂਦੇ, ਸੌ-ਸੌ ਕੋਹ ਦੇ ਪਾੜੇ

ਆਪਣਾ ਖੂਨ ਪਰਾਇਆ ਹੁੰਦਾ, ਜਦ ਆਉਂਦੇ ਦਿਨ ਮਾੜੇ

***

ਹਾਂ ਵਿਦਿਆ ਕਰਨ ਲੱਗੇ, ਮਾਪੇ ਦਿੰਦੇ ਅਸੀਂ ਅਸੀਸਾਂ

ਸਵਿੱਤਰੀ ਬਣਨ ਦੀਆਂ, ਤੇਰੇ ਅੰਦਰੋਂ ਉੱਠਣ ਰੀਸਾਂ

ਗ਼ਮ ਨੇੜੇ ਢੁੱਕੇ ਨਾ, ਥੋਡੇ ਖੁਸ਼ੀਆਂ ਰਹਿਣ ਹਜ਼ਾਰਾਂ

ਰਾਜੇ ਰੱਖ ਸਕੇ ਨਾ, ਆਪਣੇ ਘਰੀਂ ਧੀਆਂ ਮੁਟਿਆਰਾਂ

***

ਪੱਟ ਘਰ ਦੀ ਧਰਤੀ ’ਚੋਂ, ਬੀਜੀ ਦੂਜੇ ਖੇਤ ਪਨੀਰੀ

ਅੱਜ ਹੋਂਦ ’ਚ ਆਈ ਹੈ, ਸੰਗਾਂ ਰੱਤੀ ਨਵੀਂ ਸਕੀਰੀ

ਅਸੀਸਾਂ ਦੇਵਣ ਨੂੰ, ਚੁਣ ਕੇ ਸ਼ਬਦ ਲਿਆਵਾਂ ਕਿਹੜੇ

ਜਨਮੀ ਘਰ ਤੇਰੇ ਸੀ, ਬਾਬਲਾ ਰਿਜ਼ਕ ਬਿਗਾਨੇ ਵਿਹੜੇ

ਪਾਰਸ ਨੇ ਆਪਣੀ ਕਲਮ ਨਾਲ ਬਹੁਤ ਵਿਸ਼ੇ ਛੋਹੇ, ਕੁੱਖ ਵਿੱਚ ਧੀ ਦੇ ਕਤਲ ਕਰਾਉਣ ਦੇ ਪਾਪ ਨੂੰ ਪਾਰਸ ਨੇ ਇੰਝ ਲਿਖਿਆ;

ਮੰਮੀ ਤੇ ਡੈਡੀ ਜੀ, ਚੱਲੇ ਪਾਪ ਕਰਨ ਦੋਹੇਂ ਰਲ ਕੇ

ਕਿਉਂ ਸੁੱਟਣ ਚੱਲੇ ਹੋ, ਗੁੰਚੀ ਪੈਰਾਂ ਹੇਠਾਂ ਮਲ ਕੇ

ਦਿਨ ਤਿੰਨਾਂ ਚਾਰਾਂ ਦੇ, ਭੱਜੇ ਫਿਰਦੇ ਕਿਹੜੇ ਆਹਰੀਂ

ਹਾੜ੍ਹੇ ਹੱਥ ਬੰਨ੍ਹਦੀ ਹਾਂ, ਅੰਮੀਏ ਕੁੱਖ ਵਿੱਚ ਨਾ ਮਾਰੀਂ

ਹਿੰਦ-ਪਾਕਿ ਦੀ ਵੰਡ ਵੇਲੇ ਤਰੇੜੇ ਰਿਸ਼ਤਿਆਂ ਨੂੰ, ਔਰਤਾਂ ਦੀ ਬੇਪਤੀ ਨੂੰ ਅਤੇ ਹੱਲੇ-ਗੁੱਲੇ ਦੇ ਉਨ੍ਹਾਂ ਜ਼ਖ਼ਮਾਂ ਨੂੰ ਪਾਰਸ ਨੇ ਇੰਝ ਲਿਖਿਆ;

ਵੇ ਸੰਸਾਰਾ ਅੱਲੇ ਘਾਹ ਹੁਣ, ਚੂੰਢੀ ਨਮਕ ਨਾ ਸਹਿੰਦੇ

ਉਹ ਆਖਣਗੇ ਸਿੱਖੜੀ ਆ ਗਈ, ਇਹ ਹਨ ਮੁਸਲੀ ਕਹਿੰਦੇ

ਹਿੰਦ-ਪਾਕਿ ਦੀਆਂ ਲੱਗਣ ਮੈਨੂੰ ਦੋਵੇਂ ਦੋਜ਼ਖ ਥਾਵਾਂ

ਦੱਸੋ ਵੇ ਲੋਕੋ ਹੁਣ, ਪਗਲੀ ਮੈਂ ਕਿੱਧਰ ਨੂੰ ਜਾਵਾਂ

ਸਿੱਖ ਧਰਮ ਦੀਆਂ ਕਵਿਤਾਵਾਂ ਤਾਂ ਵਾਰ ਵਾਰ ਗੁਰੂ ਘਰਾਂ ਵਿੱਚ ਅੱਜ ਵੀ ਚੱਲਦੀਆਂ ਹਨ, ਜਿਵੇਂ;

-ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ

-ਮਾਤਾ ਸਣੇ ਬਣਾ ਲਏ ਬੰਦੀ, ਬੰਦੀ ਛੋੜ ਦੁਨੀਆ ਦੇ

-ਐਸਾ ਸਾਜੂੰ ਸਿੱਖ, ਛੁਪੇ ਨਾ ਲੱਖਾਂ ਵਿੱਚ ਖੜ੍ਹਾ

- ਜੈਤਾ ਚੱਲਿਆ ਗੁਰਾਂ ਦਾ ਸੀਸ ਚੁੱਕ ਕੇ, ਤਲੀ ਉੱਤੇ ਸੀਸ ਧਰਕੇ

-ਨਿੱਕੀਆਂ ਜਿੰਦਾਂ ਚੱਲੀਆਂ, ਸਾਕੇ ਕਰਨ ਬੜੇ

-ਸਿਰ ਜਾਵੇ ਤਾਂ ਜਾਣ ਦਿਓ, ਪਰ ਸਿਦਕ ਨਾ ਬੀਬਾ ਹਾਰਿਓ

-ਕਿੱਥੇ ਲਿਖਿਆ ਸ਼ਰ੍ਹਾ ’ਚ ਬੱਚਿਆਂ ਨੂੰ ਮਾਰਨਾ ?

ਕਰਨੈਲ ਪਾਰਸ ਦੀ ਜ਼ਿੰਦਗੀ ਨੂੰ ਵਾਚਣ ਨਾਲ ਤੇ ਉਸ ਦੀ ਕਵਿਤਾ ਪੜ੍ਹਨ ਨਾਲ ਦੋ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ ਕਿ ਵੱਡਾ ਬੰਦਾ ਬਣਨ ਲਈ ਸਕੂਲੀ ਵਿੱਦਿਆ ਬਹੁਤੀ ਮਹੱਤਵਪੂਰਨ ਨਹੀਂ। ਇਹ ਦੁਨੀਆ ਇੱਕ ਓਪਨ ਯੂਨੀਵਰਸਿਟੀ ਹੈ। ਇੱਥੇ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਤੇ ਸਿੱਖਣ ਦੀ ਕੋਈ ਉਮਰ ਵੀ ਨਹੀਂ ਹੁੰਦੀ। ਦੂਸਰੀ ਗੱਲ ਭਾਵੇਂ ਪਾਰਸ ਇੱਕ ਮਿਥਿਹਾਸਕ ਮਿੱਥ ਸੀ, ਪਰ ਸੱਚਮੁੱਚ ਪਾਰਸ ਵੀ ਬਣਿਆ ਜਾ ਸਕਦਾ ਹੈ। ਕਰਨੈਲ ਸਿੰਘ ਪਾਰਸ 28 ਫਰਵਰੀ 2009 ਨੂੰ ਸਾਥੋਂ ਵਿੱਛੜ ਗਿਆ, ਪਰ ਪੰਜਾਬੀ ਜ਼ੁਬਾਨ ਨੂੰ ਉੱਚ ਪਾਏ ਦੇ ਕਾਵਿ ਨਾਲ ਅਮੀਰ ਬਣਾ ਗਿਆ।

ਸੰਪਰਕ: 84276-85020:

Advertisement