ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੱਤਿਆਂ ਦਾ ਮੁੱਲ

ਬਾਲ ਕਹਾਣੀ ਜਤਿੰਦਰ ਮੋਹਨ ਸੁਨੈਨਾ ਆਪਣੇ ਨਾਨਕੇ ਘਰ ਗਰਮੀ ਦੀਆਂ ਛੁੱਟੀਆਂ ਕੱਟਣ ਚਲੀ ਗਈ। ਉਸ ਦੇ ਨਾਨਕੇ ਇੱਕ ਪਿੰਡ ਵਿੱਚ ਸਨ। ਨਾਨਕਾ ਪਰਿਵਾਰ ਚੰਗਾ ਪੜ੍ਹਿਆ ਲਿਖਿਆ ਸੀ। ਉਸ ਦੀ ਨਾਨੀ ਪ੍ਰੇਮ ਲਤਾ ਹਰ ਰੋਜ਼ ਸਵੇਰੇ ਅਤੇ ਸ਼ਾਮ ਸੈਰ ਕਰਨ ਜਾਂਦੀ।...
Advertisement

ਬਾਲ ਕਹਾਣੀ

ਜਤਿੰਦਰ ਮੋਹਨ

Advertisement

ਸੁਨੈਨਾ ਆਪਣੇ ਨਾਨਕੇ ਘਰ ਗਰਮੀ ਦੀਆਂ ਛੁੱਟੀਆਂ ਕੱਟਣ ਚਲੀ ਗਈ। ਉਸ ਦੇ ਨਾਨਕੇ ਇੱਕ ਪਿੰਡ ਵਿੱਚ ਸਨ। ਨਾਨਕਾ ਪਰਿਵਾਰ ਚੰਗਾ ਪੜ੍ਹਿਆ ਲਿਖਿਆ ਸੀ। ਉਸ ਦੀ ਨਾਨੀ ਪ੍ਰੇਮ ਲਤਾ ਹਰ ਰੋਜ਼ ਸਵੇਰੇ ਅਤੇ ਸ਼ਾਮ ਸੈਰ ਕਰਨ ਜਾਂਦੀ। ਸੁਨੈਨਾ ਵੀ ਇੱਕ ਦਿਨ ਜ਼ਿੱਦ ਕਰਕੇ ਆਪਣੀ ਨਾਨੀ ਨਾਲ ਸੈਰ ਕਰਨ ਚਲੀ ਗਈ। ਉਹ ਦੋਵੇਂ ਸੈਰ ਕਰਦੀਆਂ ਕਰਦੀਆਂ ਦੂਰ ਨਿਕਲ ਗਈਆਂ। ਅੱਗੇ ਹੋਰ ਵੀ ਔਰਤਾਂ ਬੋਹੜ ਦੇ ਦਰੱਖਤ ਹੇਠ ਬੈਠੀਆਂ ਗੱਲਾਂ ਕਰ ਰਹੀਆਂ ਸਨ। ਪ੍ਰੇਮ ਲਤਾ ਵੀ ਉਨ੍ਹਾਂ ਕੋਲ ਜਾ ਕੇ ਬੈਠ ਗਈ ਅਤੇ ਗੱਲਾਂ ਕਰਨ ਲੱਗੀ। ਪਹਿਲਾਂ ਪਹਿਲ ਤਾਂ ਸੁਨੈਨਾ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ, ਅਖੀਰ ਉਸ ਦੀ ਉਨ੍ਹਾਂ ਦੀਆਂ ਗੱਲਾਂ ਵਿੱਚ ਦਿਲਚਸਪੀ ਨਾ ਬਣੀ। ਉਹ ਬੋਹੜ ਦੀ ਦਾੜ੍ਹੀ ਨਾਲ ਲਮਕ ਕੇ ਝੂਠੇ ਲੈਣ ਲੱਗੀ। ਕਾਫ਼ੀ ਦੇਰ ਤੱਕ ਉਹ ਅਜਿਹਾ ਹੀ ਕਰਦੀ ਰਹੀ।

ਫਿਰ ਉਸ ਨੇ ਬੋਹੜ ਦੇ ਪੱਤੇ ਦੇਖੇ ਜਿਨ੍ਹਾਂ ’ਤੇ ਕਿੰਨੀਆਂ ਹੀ ਲਾਈਨਾਂ ਸਨ ਜਿਵੇਂ ਹੱਥ ਦੀਆਂ ਲਕੀਰਾਂ ਹੁੰਦੀਆਂ ਹਨ। ਉਸ ਦਾ ਦਿਲ ਕੀਤਾ ਕਿ ਉਹ ਬੋਹੜ ਦੇ ਪੱਤੇ ਤੋੜ ਲਵੇ। ਆਪਣੀ ਨਾਨੀ ਤੋਂ ਪੁੱਛੇ ਬਿਨਾਂ ਹੀ ਉਸ ਨੇ ਤਿੰਨ ਪੱਤੇ ਤੋੜ ਲਏ। ਪ੍ਰੇਮ ਲਤਾ ਗੱਲਾਂ ਵਿੱਚ ਰੁੱਝੀ ਹੋਈ ਸੀ। ਉਸ ਨੂੰ ਬਿਲਕੁਲ ਵੀ ਪਤਾ ਨਾ ਲੱਗਾ। ਆਖਰ ਸਭ ਔਰਤਾਂ ਨੇ ਉੱਥੋਂ ਵਾਪਸ ਘਰ ਮੁੜਨ ਦਾ ਵਿਚਾਰ ਬਣਾਇਆ ਕਿਉਂਕਿ ਦਿਨ ਛਿਪਣ ਵਾਲਾ ਸੀ। ਦੋਹਤੀ ਦੇ ਹੱਥ ਵਿੱਚ ਪੱਤੇ ਦੇ ਕੇ ਪ੍ਰੇਮ ਲਤਾ ਨੂੰ ਬਹੁਤ ਗੁੱਸਾ ਆਇਆ, ਪਰ ਮਸਾਂ ਮਸਾਂ ਆਈ ਆਪਣੀ ਦੋਹਤੀ ਨੂੰ ਉਹ ਕੁਝ ਨਾ ਕਹਿ ਸਕੀ। ਇਸ ਤਰ੍ਹਾਂ ਹੌਲੀ ਹੌਲੀ ਉਹ ਘਰ ਵੱਲ ਆ ਰਹੀਆਂ ਸਨ। ਸੁਨੈਨਾ ਕਦੇ ਕਿਸੇ ਪੱਤੇ ਨਾਲ ਤੇ ਕਦੇ ਕਿਸੇ ਪੱਤੇ ਨਾਲ ਆਪਣੇ ਮੂੰਹ ਨੂੰ ਹਵਾ ਦਿੰਦੀ। ਇਸ ਤਰ੍ਹਾਂ ਉਹ ਘਰ ਪਹੁੰਚ ਗਈਆਂ। ਪ੍ਰੇਮ ਲਤਾ ਆਪਣੇ ਕਮਰੇ ਵਿੱਚ ਪੱਖਾ ਚਲਾ ਕੇ ਆਰਾਮ ਕਰਨ ਲੱਗੀ।

ਸੁਨੈਨਾ ਆਪਣੀ ਮਾਮੀ ਮੋਨਿਕਾ ਕੋਲ ਚਲੀ ਗਈ ਅਤੇ ਉਸ ਨੂੰ ਬੋਹੜ ਦੇ ਪੱਤੇ ਦਿਖਾਉਂਦੇ ਪੁੱਛਿਆ, ‘‘ਮਾਮੀ ਜੀ ਇਹ ਕਿੰਨੇ ਸੋਹਣੇ ਹਨ।’’

‘‘ਹਾਂ ਬੇਟੇ।’’

‘‘ਮਾਮੀ ਜੀ ਇਹ ਹੈਂਡ ਫੈਨ ਦਾ ਵੀ ਕੰਮ ਦਿੰਦੇ ਹਨ।’’

‘‘ਹਾਂ ਬੇਟੇ, ਪਰ ਤੈਨੂੰ ਇਹ ਤੋੜਨੇ ਨਹੀਂ ਸਨ ਚਾਹੀਦੇ।’’

‘‘ਪਰ, ਕਿਉਂ ਮਾਮੀ ਜੀ?’’

‘‘ਬੇਟਾ ਮੈਂ ਥੋੜ੍ਹਾ ਰਸੋਈ ਦਾ ਕੰਮ ਨਿਬੇੜ ਲਵਾਂ, ਫਿਰ ਗੱਲ ਕਰਦੇ ਹਾਂ।’’

ਕੁਝ ਦੇਰ ਬਾਅਦ ਮੋਨਿਕਾ ਆਪਣਾ ਕੰਮ ਨਿਬੇੜ ਕੇ ਆ ਗਈ। ਗਰਮੀ ਤੇ ਰਸੋਈ ਦੇ ਕੰਮ ਕਾਰਨ ਉਸ ਦੇ ਮੱਥੇ ’ਤੇ ਪਸੀਨੇ ਰੂਪੀ ਮੋਤੀ ਚਮਕ ਰਹੇ ਸਨ। ਉਸ ਨੇ ਪੱਖਾ ਚਲਾਇਆ ਤੇ ਬੈੱਡ ’ਤੇ ਬੈਠ ਗਈ। ਸੁਨੈਨਾ ਵੀ ਉਸ ਕੋਲ ਆ ਗਈ। ਕਿੰਨੇ ਹੀ ਚਿਰ ਤੋਂ ਉਸ ਦੇ ਅੰਦਰ ਜਗਿਆਸਾ ਸੀ ਕਿ ਉਹ ਆਪਣੀ ਮਾਮੀ ਤੋਂ ਪੱਤਿਆਂ ਬਾਰੇ ਪੁੱਛੇ। ਮੋਨਿਕਾ ਨੇ ਖੇਤੀਬਾੜੀ ਨਾਲ ਬੀਐੱਸ.ਸੀ. ਕੀਤੀ ਹੋਈ ਸੀ। ਉਹ ਪੌਦਿਆਂ ਬਾਰੇ ਚੰਗੀ ਤਰ੍ਹਾਂ ਸਮਝਾ ਸਕਦੀ ਸੀ। ਥੋੜ੍ਹਾ ਆਰਾਮ ਕਰਕੇ ਮੋਨਿਕਾ ਕਹਿਣ ਲੱਗੀ,

‘‘ਬੇਟੇ ਸੁਨੈਨਾ, ਤੁਹਾਡੀ ਕਿਹੜੀ ਕਲਾਸ ਹੈ?’’

‘‘ਜੀ ਛੇਵੀਂ।’’

‘‘ਅੱਛਾ! ਬੇਟੇ ਵਿਗਿਆਨ ਵੀ ਪੜ੍ਹਦੀ ਹੋਏਂਗੀ?’’ ਮੋਨਿਕਾ ਨੇ ਅਣਜਾਣ ਬਣਦੇ ਪੁੱਛਿਆ।

‘‘ਹਾਂ ਮਾਮੀ ਜੀ ਵਿਗਿਆਨ ਮੇਰਾ ਪਸੰਦੀਦਾ ਵਿਸ਼ਾ ਹੈ।’’

‘‘ਤਾਂ ਬੇਟੇ ਇਹ ਦੱਸ ਪੌਦੇ ਆਪਣਾ ਭੋਜਨ ਕਿੱਥੋਂ ਪ੍ਰਾਪਤ ਕਰਦੇ ਹਨ?’’

‘‘ਪੱਤਿਆਂ ਤੋਂ।’’ ਉਸ ਨੇ ਬੇਧਿਆਨੀ ਨਾਲ ਉੱਤਰ ਦਿੱਤਾ।

‘‘ਤਾਂ ਬੇਟੇ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਪੌਦੇ ਦੇ ਸਾਰੇ ਪੱਤੇ ਤੋੜ ਲਏ ਤਾਂ ਉਹ ਭੋਜਨ ਕਿੱਥੋਂ ਤਿਆਰ ਕਰੂ।’’

‘‘ਹਾਂ, ਜੀ ਇਹ ਤਾਂ ਗੱਲ ਠੀਕ ਹੈ।’’

‘‘ਬੇਟੇ ਇਹ ਤੁਹਾਡੀ ਸਭ ਤੋਂ ਵੱਡੀ ਗ਼ਲਤੀ ਹੈ ਜੋ ਤੁਸੀਂ ਪੱਤੇ ਤੋੜਦੇ ਹੋ। ਕਦੇ ਵੀ ਕਿਸੇ ਦਰੱਖਤ ਦੇ ਪੱਤੇ ਨਾ ਤੋੜੋ।’’

‘‘ਸੌਰੀ ਮਾਮੀ ਜੀ।’’

‘‘ਬੇਟੇ ਇਹ ਪੱਤੇ ਹੋਰ ਵੀ ਕਈ ਕੰਮ ਆਉਂਦੇ ਹਨ।’’

‘‘ਪੱਤੇ ਭਲਾ ਹੋਰ ਕੀ ਕੰਮ ਆਉਣਗੇ, ਮਾਮੀ ਜੀ?’’

‘‘ਬੇਟੇ ਹਰ ਪੱਤਾ ਇੱਕ ਨਹੀਂ ਬਹੁਤ ਕੰਮ ਆਉਂਦਾ ਹੈ।’’

‘‘ਅੱਛਾ ਜੀ।’’

‘‘ਬੇਟੇ ਇੱਕ ਤਾਂ ਤੁਸੀਂ ਮਧੂਮੱਖੀ ਤੇ ਘੁੱਗੀ ਵਾਲੀ ਕਹਾਣੀ ਸੁਣੀ ਹੀ ਹੋਵੇਗੀ ਕਿ ਕਿਵੇਂ ਘੁੱਗੀ ਪਾਣੀ ਵਿੱਚ ਪੱਤਾ ਸੁੱਟ ਕੇ ਮਧੂ ਮੱਖੀ ਨੂੰ ਬਚਾ ਦਿੰਦੀ ਹੈ, ਇਸ ਤਰ੍ਹਾਂ ਹੀ ਇਹ ਪੱਤੇ ਕਈ ਵਾਰ ਉੱਡ ਕੇ ਨਹਿਰਾਂ ਤੇ ਟੋਭਿਆਂ ਜਾਂ ਤਲਾਬਾਂ ਵਿੱਚ ਚਲੇ ਜਾਂਦੇ ਹਨ ਅਤੇ ਬਹੁਤ ਸਾਰੇ ਕੀਟ ਪਤੰਗਿਆਂ ਨੂੰ ਬਚਾਉਂਦੇ ਹਨ।’’

‘‘ਪਰ ਮਾਮੀ ਜੀ ਪਾਣੀ ਵਿੱਚ ਕੀਟ ਪਤੰਗੇ ਕਿਵੇਂ ਆਉਂਦੇ ਨੇ?’’

‘‘ਬੇਟੇ ਕਈ ਵਾਰ ਇਹ ਵੀ ਆਪਣੇ ਵਾਂਗ ਜਦੋਂ ਲੜ ਪੈਂਦੇ ਹਨ ਤਾਂ ਕਈ ਵਾਰ ਪਾਣੀ ਵਿੱਚ ਡਿੱਗ ਜਾਂਦੇ ਹਨ। ਇਹੀ ਪੱਤੇ ਇਨ੍ਹਾਂ ਦੀ ਸਹਾਇਤਾ ਕਰਦੇ ਨੇ।’’

‘‘ਅੱਛਾ ਮਾਮੀ ਜੀ ਹੋਰ ਕੰਮ ਦੱਸੋ?’’

‘‘ਇਹ ਸਾਡੀ ਹੋਰ ਵੀ ਸਹਾਇਤਾ ਕਰ ਸਕਦੇ ਹਨ। ਇਹ ਬਹੁਤ ਕੀਮਤੀ ਹਨ।’’

‘‘ਹੋਰ ਇਨ੍ਹਾਂ ਦੀ ਕੀ ਕੀਮਤ ਹੈ, ਮਾਮੀ ਜੀ?’’

‘‘ਬਹੁਤ ਹੈ।’’

‘‘ਕਿਵੇਂ?’’

‘‘ਇਹ ਗਲ ਕੇ ਵੀ ਸਾਨੂੰ ਲਾਭ ਦਿੰਦੇ ਹਨ।’’

‘‘ਇਹ ਕਿਵੇਂ ਹੋ ਸਕਦੈ?’’

‘‘ਬੇਟੇ ਦੇਖ ਦਰੱਖਤਾਂ ਤੋਂ ਟੁੱਟੇ ਪੱਤਿਆਂ ਨੂੰ ਇਕੱਠੇ ਕਰਕੇ ਅਸੀਂ ਖਾਦ ਤਿਆਰ ਕਰ ਸਕਦੇ ਹਾਂ।’’

‘‘ਖਾਦ ਜਿਹੜੀ ਮੁੱਲ ਵਿਕਦੀ ਹੈ।’’ ਕਹਿ ਕੇ ਸੁਨੈਨਾ ਹੱਸੀ।

‘‘ਬੇਟੇ ਹੱਸਣ ਵਾਲੀ ਗੱਲ ਨਹੀਂ।’’

‘‘ਮਾਮੀ ਜੀ ਦੋ ਪੱਤੇ ਕਾਹਦੇ ਤੋੜ ਲਏ, ਤੁਸੀਂ ਤਾਂ ਪੱਤਿਆਂ ’ਤੇ ਰਮਾਇਣ ਗਾ ’ਤੀ, ਜਿਵੇਂ ਪੱਤੇ ਨਹੀਂ ਸੋਨਾ ਹੋਣ।’’ ਕਹਿ ਕੇ ਸੁਨੈਨਾ ਹੱਸਣ ਲੱਗੀ।

ਉਸ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਮੋਨਿਕਾ ਵੀ ਚੁੱਪ ਕਰ ਗਈ। ਉਸ ਨੂੰ ਲੱਗਾ ਕਿ ਬੱਚੇ ਨੂੰ ਜ਼ਿਆਦਾ ਸਮਝਾਉਣ ਨਾਲ ਕਿਤੇ ਘਰ ਦੇ ਦੂਜੇ ਮੈਂਬਰ ਨਾਰਾਜ਼ ਨਾ ਹੋ ਜਾਣ। ਇੰਨੇ ਨੂੰ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਪ੍ਰੇਮ ਲਤਾ ਵੀ ਉਨ੍ਹਾਂ ਕੋਲ ਆ ਗਈ ਤੇ ਆਉਂਦੇ ਸਾਰ ਹੀ ਪੁੱਛਿਆ, ‘‘ਕੀ ਗੱਲਾਂ ਕਰਦੀਆਂ ਹੋ ਦੋਵੇਂ?’’

‘‘ਕੁਝ ਨ੍ਹੀਂ ਮਾਤਾ ਜੀ, ਆ ਜੋ ਬੈਠੋ।’’

‘‘ਅੱਜ ਤਾਂ ਭਾਈ ਮੈਨੂੰ ਬਹੁਤ ਸ਼ਰਮ ਆਈ।’’ ਪ੍ਰੇਮ ਲਤਾ ਨੇ ਕਿਹਾ।

‘‘ਕਿਉਂ ਮਾਤਾ ਜੀ?’’

‘‘ਕੀ ਦੱਸਾਂ ਸੁਨੈਨਾ ਨੇ ਬੋਹੜ ਦੇ ਪੱਤੇ ਕੀ ਤੋੜੇ, ਮੈਨੂੰ ਸ਼ਰਮ ਆਵੇ, ਬਈ ਦੂਜੀਆਂ ਔਰਤਾਂ ਕੀ ਕਹਿਣਗੀਆਂ, ਉਹ ਸੋਚਣਗੀਆਂ ਦੂਜਿਆਂ ਨੂੰ ਟੋਕਦੀ ਹੈ, ਅੱਜ ਦੋਹਤੀ ਨੇ ਪੱਤੇ ਤੋੜ ਲਏ ਤਾਂ ਅੱਜ ਬੋਲੀ ਨਹੀਂ।’’

ਮੋਨਿਕਾ ਦਾ ਹੌਸਲਾ ਵਧ ਗਿਆ ਤਾਂ ਉਹ ਪੁੱਛਣ ਲੱਗੀ, ‘‘ਹਾਂ, ਬੇਟੇ ਜਦੋਂ ਇਹ ਲੱਗੇ ਬਈ ਇਹ ਪੱਤੇ ਹੁਣ ਕੰਮ ਨਹੀਂ ਆਉਂਦੇ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ?’’

‘‘ਜਲਾ ਦੇਣੇ ਚਾਹੀਦੇ ਨੇ ਗੰਦ ਪਾਉਣ ਦਾ ਕੀ ਫਾਇਦਾ।’’

‘‘ਬੇਟੇ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਪ੍ਰਦੂਸ਼ਣ ਹੁੰਦਾ ਹੈ, ਬਾਕੀ ਲਾਭ ਕੋਈ ਨਹੀਂ।’’

‘‘ਸਾਡੇ ਸਕੂਲ ਦਾ ਸਵੀਪਰ ਤਾਂ ਇੱਦਾਂ ਹੀ ਕਰਦਾ ਹੈ।’’

‘‘ਇਹ ਗ਼ਲਤ ਹੈ।’’

‘‘ਫਿਰ ਕੀ ਕਰਨਾ ਚਾਹੀਦਾ ਹੈ?’’

‘‘ਇੱਕ ਡੂੰਘਾ ਟੋਆ ਪੁੱਟ ਕੇ ਉਸ ਵਿੱਚ ਲਗਾਤਾਰ ਪੱਤੇ ਸੁੱਟੋ, ਇਹ ਜਦੋਂ ਨੱਕੋ ਨੱਕ ਭਰ ਜਾਵੇ ਤਾਂ ਮਿੱਟੀ ਨਾਲ ਢੱਕ ਦਿਓ, ਕੋਈ ਪੰਜਾਹ ਕੁ ਦਿਨਾਂ ਬਾਅਦ ਇੱਕ ਵਧੀਆ ਕਿਸਮ ਦੀ ਖਾਦ ਤਿਆਰ ਹੋ ਜਾਵੇਗੀ। ਇਹੀ ਖਾਦ ਫਿਰ ਹੋਰ ਦਰੱਖਤਾਂ ਅਤੇ ਬੂਟਿਆਂ ਨੂੰ ਖੁਰਾਕ ਦੇਵੇਗੀ।’’

‘‘ਸੱਚ, ਮਾਮੀ ਜੀ?’’

‘‘ਹਾਂ ਬੇਟੇ।’’

‘‘ਮਾਮੀ ਜੀ, ਮੈਂ ਅੱਗੇ ਤੋਂ ਪੱਤੇ ਨਹੀਂ ਤੋੜਾਂਗੀ। ਮੈਂ ਆਪਣੀਆਂ ਸਹੇਲੀਆਂ ਨੂੰ ਵੀ ਰੋਕਾਂਗੀ।’’

‘‘ਬਹੁਤ ਅੱਛਾ।’’ ਪ੍ਰੇਮ ਲਤਾ ਬੋਲੀ।

‘‘ਅਸੀਂ ਆਪਣੇ ਖੇਤ ਤੇ ਸਕੂਲ ਵਿੱਚ ਵੀ ਇੱਕ-ਇੱਕ ਟੋਆ ਪੁੱਟ ਕੇ ਵੱਖ-ਵੱਖ ਪੱਤਿਆਂ ਦੀ ਖਾਦ ਬਣਾਵਾਂਗੇ। ਇਸ ਤਰ੍ਹਾਂ ਕਰਨ ਨਾਲ ਪੱਤਿਆਂ ਦਾ ਸਹੀ ਮੁੱਲ ਪੈ ਜਾਵੇਗਾ।’’

ਸੰਪਰਕ: 94630-20766

Advertisement