ਲਾਵਾਂ ਦੇ ਅਸਲ ਅਰਥ
ਲਾਵਾਂ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਸੂਹੀ ਰਾਗ ਦੀ ਬਾਣੀ ਹੈ ਜੋ ਸਿੱਖ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਦਾ ਆਧਾਰ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 773-774 ’ਤੇ ਦਰਜ ਹੈ। ਸੂਹੀ ਰਾਗ ਸੁਹਾਗ, ਮਿਲਾਪ ਅਤੇ ਵਿਆਹ ਦੀ ਖ਼ੁਸ਼ੀ ਦਾ ਪ੍ਰਤੀਕ ਹੈ, ਇਸ ਲਈ ਵਿਆਹ ਦੀ ਰਸਮ ਇਸ ਬਾਣੀ ਨਾਲ ਹੀ ਪੂਰੀ ਕੀਤੀ ਜਾਂਦੀ ਹੈ। ਇਹ ਬਾਣੀ ਛੰਦ-ਰੂਪ ਹੈ ਅਤੇ ਪੰਜਾਬੀ ਲੋਕ-ਰਵਾਇਤਾਂ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ।
ਚਾਰ ਲਾਵਾਂ ਗ੍ਰਹਿਸਥ ਜੀਵਨ ਦੀ ਸਫਲਤਾ ਲਈ ਚਾਰ ਮੁੱਖ ਸਿਧਾਂਤ ਬਿਆਨ ਕਰਦੀਆਂ ਹਨ। ਪਹਿਲੀ ਲਾਵ; ਸੰਘਰਸ਼, ਧਰਮ-ਨਿਭਾਉਣ, ਵਫ਼ਾਦਾਰੀ ਤੇ ਨਾਮ-ਸਿਮਰਨ ’ਤੇ ਜ਼ੋਰ ਦਿੰਦੀ ਹੈ। ਦੂਜੀ ਲਾਵ, ਪਤੀ-ਪਤਨੀ ਵਿੱਚ ਨਿਰਭਉ ਅਤੇ ਇੱਕ-ਦੂਜੇ ਪ੍ਰਤੀ ਸਤਿਕਾਰ ਦਾ ਸੰਦੇਸ਼ ਦਿੰਦੀ ਹੈ ਅਤੇ ਦੱਸਦੀ ਹੈ ਕਿ ਪ੍ਰਭੂ ਦੀ ਹਾਜ਼ਰੀ ਦਾ ਅਹਿਸਾਸ ਹਉਮੈ ਦੀ ਮੈਲ ਦੂਰ ਕਰਦਾ ਹੈ। ਤੀਜੀ ਲਾਵ; ਸਤਸੰਗ, ਕੁਰਬਾਨੀ ਅਤੇ ਇੱਕ-ਦੂਜੇ ਦੀ ਭਾਵਨਾ ਦੀ ਕਦਰ ਨੂੰ ਸੁਖੀ ਦੰਪਤੀ ਜੀਵਨ ਦਾ ਆਧਾਰ ਦੱਸਦੀ ਹੈ। ਚੌਥੀ ਲਾਵ; ਸਹਿਜ ਅਵਸਥਾ, ਨਾਮ ਸਿਮਰਨ ਅਤੇ ਅੰਦਰੂਨੀ ਸ਼ਾਂਤੀ ਨੂੰ ਗ੍ਰਹਿਸਥ ਜੀਵਨ ਦਾ ਸਭ ਤੋਂ ਉੱਚਾ ਮਕਸਦ ਮੰਨਦੀ ਹੈ।
ਇਸੇ ਲਈ ਗੁਰੂ ਸਾਹਿਬ ਨੇ ਵਿਆਹ ਸਮੇਂ ਵੀ ਲਾਵਾਂ ਪੜ੍ਹਨ ਦਾ ਹੁਕਮ ਦਿੱਤਾ ਤਾਂ ਜੋ ਜੀਵਨ ਸਾਥੀ ਇੱਕ-ਦੂਜੇ ਨੂੰ ਸਿਰਫ਼ ਦੁਨੀਆਵੀ ਰਿਸ਼ਤੇ ਵਜੋਂ ਨਹੀਂ ਸਗੋਂ ਰੱਬ ਦੇ ਰਾਹ ’ਤੇ ਚਲਣ ਵਾਲੇ ਸਾਥੀ ਵਜੋਂ ਵੇਖਣ।
ਸਿੱਖ ਵਿਆਹ ਦੀ ਪਵਿੱਤਰ ਪ੍ਰਥਾ ‘ਅਨੰਦ ਕਾਰਜ’ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹੀਆਂ ਜਾਣ ਵਾਲੀਆਂ ਲਾਵਾਂ ਸਿਰਫ਼ ਰਸਮਾਂ ਨਹੀਂ, ਸਗੋਂ ਦੋ ਜੀਵਾਂ ਦਾ ਰੂਹਾਨੀ ਮਿਲਾਪ ਹੁੰਦਾ ਹੈ। ਗੁਰੂ ਰਾਮਦਾਸ ਜੀ ਵੱਲੋਂ ਰਚੀਆਂ ਇਹ ਚਾਰ ਲਾਵਾਂ ਦੰਪਤੀ ਨੂੰ ਪਿਆਰ, ਸਹਿਯੋਗ, ਸਬਰ, ਆਪਸੀ ਨਿਭਾਉ ਅਤੇ ਰੱਬੀ ਰਜ਼ਾ ਅਨੁਸਾਰ ਜੀਵਨ ਬਤੀਤ ਕਰਨ ਦਾ ਰਾਹ ਦਿਖਾਉਂਦੀਆਂ ਹਨ, ਪਰ ਸਮੇਂ ਦੇ ਬਦਲਦੇ ਮਾਹੌਲ ਵਿੱਚ ਅੱਜ ਵਿਆਹ ਅਕਸਰ ਦਿਖਾਵੇ, ਅਹੰਕਾਰ ਅਤੇ ਗ਼ਲਤ ਉਮੀਦਾਂ ਦਾ ਰੂਪ ਧਾਰ ਲੈਂਦੇ ਹਨ, ਜਿਸ ਕਾਰਨ ਤਲਾਕ ਦੀ ਵਧਦੀ ਗਿਣਤੀ ਸਮਾਜ ਲਈ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਇਹ ਸਥਿਤੀ ਸਾਨੂੰ ਇਹ ਸੋਚਣ ’ਤੇ ਮਜਬੂਰ ਕਰਦੀ ਹੈ ਕਿ ਕੀ ਅਸੀਂ ਵਿਆਹ ਦੇ ਸਮੇਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਤੇ ਗੰਭੀਰ ਵਚਨ ਨੂੰ ਜੀਵਨ ਦੀ ਅਸਲ ਰਹਿਨੁਮਾਈ ਬਣਾਇਆ ਹੈ ਜਾਂ ਨਹੀਂ।
ਦੰਪਤੀ ਲਾਵਾਂ ਦੇ ਸਮੇਂ ਗੁਰੂ ਸਾਹਿਬ ਅੱਗੇ ਸੱਚਾਈ, ਨੈਤਿਕਤਾ ਅਤੇ ਸਬਰ ਨਾਲ ਚੱਲਣ ਦਾ ਵਚਨ ਕਰਦੇ ਹਨ। ਵਿਆਹ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਇਹ ਸਿੱਖਿਆਵਾਂ ਅਕਸਰ ਭੁੱਲ ਜਾਂਦੀਆਂ ਹਨ ਅਤੇ ਛੋਟੀਆਂ-ਛੋਟੀਆਂ ਗੱਲਾਂ ਵੀ ਰਿਸ਼ਤਿਆਂ ਵਿਚਕਾਰ ਕੰਧਾਂ ਖੜ੍ਹੀਆਂ ਕਰ ਦਿੰਦੀਆਂ ਹਨ। ਤਲਾਕਾਂ ਦੀ ਵਧਦੀ ਗਿਣਤੀ ਸਾਡਾ ਸਮਾਜਿਕ ਸੱਚਾਈ ਵੱਲ ਧਿਆਨ ਦਿਵਾਉਂਦੀ ਹੈ, ਜਦਕਿ ਗੁਰੂ ਦੀ ਬਾਣੀ ਇਸ ਚੁਣੌਤੀ/ਸਮੱਸਿਆ ਦਾ ਸਾਹਮਣਾ ਕਰਨ ਦਾ ਰਾਹ ਵੀ ਦਿਖਾਉਂਦੀ ਹੈ।
ਵਿਆਹ ਸਿਰਫ਼ ਦੋ ਇਨਸਾਨਾਂ ਦਾ ਮੇਲ ਨਹੀਂ, ਇਹ ਦੋ ਪਰਿਵਾਰਾਂ, ਦੋ ਸੰਸਕਾਰਾਂ ਅਤੇ ਦੋ ਮੰਨ-ਮੱਤਾਂ ਦਾ ਮਿਲਾਪ ਹੈ। ਇਸ ਲਈ ਮਾਤਾ-ਪਿਤਾ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਬੇਟੇ-ਬੇਟੀ ਨੂੰ ਵਿਆਹ ਤੋਂ ਪਹਿਲਾਂ ਲਾਵਾਂ ਦੇ ਅਰਥ, ਉਨ੍ਹਾਂ ਦੀ ਰੂਹਾਨੀ ਮਹੱਤਤਾ ਅਤੇ ਨਿਭਾਉਣ ਦੇ ਅਸਲੀ ਤਰੀਕੇ ਬਾਰੇ ਪੂਰੀ ਜਾਣਕਾਰੀ ਦੇਣ। ਬੱਚਿਆਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਮਿਲੇ ਤਾਂ ਕਈ ਗ਼ਲਤਫਹਿਮੀਆਂ ਵਿਆਹ ਦੇ ਪਹਿਲੇ ਹੀ ਪੜਾਅ ’ਚ ਦੂਰ ਹੋ ਜਾਂਦੀਆਂ ਹਨ।
ਅੱਜ ਦੇ ਯੁੱਗ ਨੇ ਮਨੁੱਖ ਨੂੰ ‘ਤੁਰੰਤ ਨਤੀਜੇ’ ਵਾਲੀ ਸੋਚ ਵੱਲ ਧੱਕਿਆ ਹੈ। ਰਿਸ਼ਤਿਆਂ ਨੂੰ ਨਿਭਾਉਣ ਲਈ ਜੋ ਸਬਰ, ਸਮਝੌਤਾ, ਗੱਲਬਾਤ ਅਤੇ ਮੁਆਫ਼ੀ ਦੀ ਲੋੜ ਹੁੰਦੀ ਹੈ, ਉਹ ਘਟਦੀ ਜਾ ਰਹੀ ਹੈ। ਗੁੱਸਾ, ਤੁਲਨਾਵਾਂ, ਬੇਲੋੜੀਆਂ ਉਮੀਦਾਂ ਅਤੇ ਸੋਸ਼ਲ ਮੀਡੀਆ ਦਾ ਦਬਾਅ ਅਕਸਰ ਰਿਸ਼ਤਿਆਂ ਨੂੰ ਨਾਜ਼ੁਕ ਬਣਾ ਦਿੰਦਾ ਹੈ। ਜਿੱਥੇ ਲਾਵਾਂ ਸਾਨੂੰ ਮਨ ਦੀ ਨਿਮਰਤਾ ਅਤੇ ਪਿਆਰ ਨਾਲ ਜਿਉਣ ਦੀ ਸਿੱਖਿਆ ਦਿੰਦੀਆਂ ਹਨ, ਉੱਥੇ ਅਹੰਕਾਰ ਅਤੇ ਅਸਹਿਣਸ਼ੀਲਤਾ ਰਿਸ਼ਤਿਆਂ ਨੂੰ ਕੱਚਾ ਬਣਾ ਦਿੰਦੀ ਹੈ।
ਇੱਕ ਹੋਰ ਚਿੰਤਾ ਵਾਲੀ ਗੱਲ ਇਹ ਹੈ ਕਿ ਅੱਜਕੱਲ੍ਹ ਲੋਕ ਪਾਠੀ ਸਿੰਘ ਨੂੰ ਕਹਿ ਦਿੰਦੇ ਹਨ, ‘‘ਬਾਬਾ ਜੀ, ਲਾਵਾਂ ਫਟਾਫਟ ਪੜ੍ਹਾ ਦਿਓ ਕਿਉਂਕਿ ਪੈਲੇਸ ਵਿੱਚ ਵਿਆਹ ਦੀਆਂ ਬਾਕੀ ਰਸਮਾਂ ਅਤੇ ਨਵੀਂ ਵਿਆਹੀ ਜੋੜੀ ਦੇ ਫੋਟੋ ਸ਼ੂਟ ਦਾ ਸਮਾਂ ਹੋ ਰਿਹਾ ਹੈ।”
ਵਿਆਹ, ਜੋ ਰੂਹਾਂ ਦਾ ਮਿਲਾਪ ਹੋਣਾ ਸੀ, ਉਹ ਅਕਸਰ ਸਮੇਂ ਦੀ ਪਾਬੰਦੀ ਅਤੇ ਤਸਵੀਰਾਂ ਦੇ ਸ਼ਡਿਊਲ ਵਿੱਚ ਫਸ ਕੇ ਆਪਣੀ ਗਹਿਰਾਈ ਗੁਆ ਬੈਠਦਾ ਹੈ। ਛੇਤੀ-ਛੇਤੀ ਕਰਨ ਦੀ ਇਹ ਸੋਚ ਹੀ ਵਿਆਹ ਦੀ ਪਹਿਲੀ ਇੱਟ ਨੂੰ ਕਮਜ਼ੋਰ ਕਰ ਦਿੰਦੀ ਹੈ। ਗੁਰੂ ਦੀਆਂ ਚਾਰ ਲਾਵਾਂ ਜੀਵਨ ਭਰ ਗ੍ਰਹਿਸਥ ਦੇ ਰਾਹ ਵਿੱਚ ਚੱਲਣ ਲਈ ਬਲ ਦਿੰਦੀਆਂ ਹਨ; ਉਨ੍ਹਾਂ ਨੂੰ ਸਮਝ ਕੇ, ਮਹਿਸੂਸ ਕਰਕੇ, ਸ਼ਰਧਾ ਨਾਲ ਲਿਆ ਜਾਣਾ ਹੀ ਰਿਸ਼ਤੇ ਦੀ ਮਜ਼ਬੂਤੀ ਬਣਾਉਂਦਾ ਹੈ।
ਅਸਲ ਵਿੱਚ, ਜਦੋਂ ਲਾਵਾਂ ਨੂੰ ਸਿਰਫ਼ ਰਸਮੀ ਫੇਰੇ ਸਮਝ ਕੇ ਛੇਤੀ ਨਿਭਾ ਦਿੱਤਾ ਜਾਂਦਾ ਹੈ ਤਾਂ ਵਿਆਹ ਦੇ ਅਗਲੇ ਸਾਲਾਂ ਵਿੱਚ ਵੀ ਉਹੀ ਜਲਦਬਾਜ਼ੀ, ਉਹੀ ਬੇਸਬਰਾਪਣ ਅਤੇ ਉਹੀ ਅਧੂਰੀ ਸਮਝ ਦਾਖਲ ਹੋ ਜਾਂਦੀ ਹੈ। ਵਿਆਹ ਦੀਆਂ ਡੋਰਾਂ ਕਦੇ ਵੀ ਫੇਰਿਆਂ ਦੀ ਗਿਣਤੀ ਨਾਲ ਨਹੀਂ, ਸਗੋਂ ਉਨ੍ਹਾਂ ਦੇ ਅਰਥ ਨੂੰ ਦਿਲ ਵਿੱਚ ਵਸਾਉਣ ਨਾਲ ਮਜ਼ਬੂਤ ਹੁੰਦੀਆਂ ਹਨ। ਜਿਹੜੇ ਵਿਆਹ ਲਾਵਾਂ ਦੇ ਮਹੱਤਵ ਨੂੰ ਸਮਝ ਕੇ ਸ਼ੁਰੂ ਹੁੰਦੇ ਹਨ, ਉਹ ਔਖੇ ਸਮਿਆਂ ਵਿੱਚ ਵੀ ਨਹੀਂ ਟੁੱਟਦੇ ਕਿਉਂਕਿ ਉਹ ਰਸਮਾਂ ਨਾਲ ਨਹੀਂ, ਗੁਰੂ ਦੀ ਰੌਸ਼ਨੀ ਨਾਲ ਜੁੜੇ ਹੁੰਦੇ ਹਨ।
ਸੱਚ ਇਹ ਹੈ ਕਿ ਵਿਆਹ ਇੱਕ ਦਿਨ ਦੀ ਰਸਮ ਨਹੀਂ, ਸਗੋਂ ਰੋਜ਼ਾਨਾ ਨਿਭਾਉਣ ਵਾਲਾ ਰਿਸ਼ਤਾ ਹੈ। ਜੇ ਦੰਪਤੀ ਲਾਵਾਂ ਦੇ ਅਸਲ ਸਾਰ; ਨਰਮੀ, ਸਬਰ, ਸੇਵਾ, ਸਤਿਕਾਰ ਅਤੇ ਆਪਸੀ ਸਹਿਯੋਗ ਨੂੰ ਆਪਣੀ ਦਿਨ-ਚਰਿਆ ਵਿੱਚ ਲੈ ਆਉਣ ਤਾਂ ਕਈ ਗਿਲੇ-ਸ਼ਿਕਵੇ ਜਨਮ ਹੀ ਨਹੀਂ ਲੈਂਦੇ। ਘਰਾਂ ਵਿੱਚ ਬਾਣੀ ਦਾ ਸਿਮਰਨ, ਆਪਸੀ ਗੱਲਬਾਤ, ਬੁਜ਼ੁਰਗਾਂ ਦੀ ਸਲਾਹ ਅਤੇ ਬੱਚਿਆਂ ਵਿੱਚ ਸੰਸਕਾਰ ਪੈਦਾ ਕਰਨ ਨਾਲ ਪਰਿਵਾਰਕ ਮਾਹੌਲ ਮਜ਼ਬੂਤ ਹੁੰਦਾ ਹੈ।
ਮੌਜੂਦਾ ਹਾਲਾਤ ਦੇ ਬਾਵਜੂਦ ਉਮੀਦ ਦੀ ਰੌਸ਼ਨੀ ਗੁਰੂ ਦੀ ਸਿੱਖਿਆ ਵਿੱਚ ਹੀ ਹੈ। ਜੇ ਘਰਾਂ ਵਿੱਚ ਲਾਵਾਂ ਦੇ ਅਸਲ ਅਰਥਾਂ ਨੂੰ ਜਗ੍ਹਾ ਮਿਲੇ ਅਤੇ ਦੰਪਤੀ ਅਹੰਕਾਰ ਤੋਂ ਉੱਪਰ ਉੱਠ ਕੇ ਇੱਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤਾਂ ਰਿਸ਼ਤਿਆਂ ਦੀ ਮਜ਼ਬੂਤੀ ਆਪਣੇ ਆਪ ਵਧਦੀ ਹੈ।
ਸਮਾਜ ਲਈ ਇਹ ਸਾਫ਼ ਸੇਧ ਹੈ ਕਿ ਲਾਵਾਂ ਨੂੰ ਸਿਰਫ਼ ਰਸਮ ਨਾ ਸਮਝਿਆ ਜਾਵੇ, ਸਗੋਂ ਜੀਵਨ ਦਾ ਰਾਹ ਬਣਾਇਆ ਜਾਵੇ। ਗੁਰੂ ਰਾਮਦਾਸ ਜੀ ਨੇ ਵਿਆਹ ਨੂੰ ਰੱਬੀ ਯਾਤਰਾ ਕਿਹਾ ਹੈ। ਜੇ ਦੰਪਤੀ ਇਸ ਰਾਹ ’ਤੇ ਸੱਚੇ ਮਨ ਨਾਲ ਤੁਰਨ ਤਾਂ ਘਰ ਪਿਆਰ, ਸ਼ਾਂਤੀ ਅਤੇ ਖੁਸ਼ਹਾਲੀ ਦੇ ਨਮੂਨੇ ਬਣ ਸਕਦੇ ਹਨ।
ਵਿਆਹ ਤੋਂ ਬਾਅਦ ਦੋਵੇਂ ਪਰਿਵਾਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਨਵੇਂ ਜੋੜੇ ਨੂੰ ਲਾਵਾਂ ਵਿੱਚ ਦਰਸਾਈਆਂ ਸਿੱਖਿਆਵਾਂ ਅਨੁਸਾਰ ਇੱਕ-ਦੂਜੇ ਨੂੰ ਸਮਝਣ ਦਾ ਪੂਰਾ ਸਮਾਂ ਅਤੇ ਖੁੱਲ੍ਹੀ ਜਗ੍ਹਾ ਦਿੱਤੀ ਜਾਵੇ। ਦੋ ਰੂਹਾਂ ਇੱਕ ਹੋ ਕੇ ਜੀਵਨ ਦੀ ਨਵੀਂ ਯਾਤਰਾ ਸ਼ੁਰੂ ਕਰ ਰਹੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਹੌਲੀ-ਹੌਲੀ ਆਪਸ ਵਿੱਚ ਰਲਣ-ਮਿਲਣ, ਗੱਲਬਾਤ ਕਰਨ ਅਤੇ ਆਪਣੇ ਤਰੀਕੇ ਨਾਲ ਰਿਸ਼ਤਾ ਸਾਂਝਾ ਬਣਾਉਣ ਦਾ ਹੱਕ ਮਿਲਣਾ ਚਾਹੀਦਾ ਹੈ। ਕਈ ਵਾਰ ਬਿਲਕੁਲ ਬੇਲੋੜੀਆਂ ਸਲਾਹਾਂ ਜਾਂ ਬੇਤੁਕੀ ਦਖਲਅੰਦਾਜ਼ੀ ਰਿਸ਼ਤੇ ਦੀਆਂ ਨਾਜ਼ੁਕ ਡੋਰਾਂ ਨੂੰ ਕਮਜ਼ੋਰ ਕਰ ਦਿੰਦੀ ਹੈ। ਮਾਤਾ-ਪਿਤਾ ਦਾ ਫਰਜ਼ ਇਹ ਨਹੀਂ ਕਿ ਹਰ ਛੋਟੀ ਗੱਲ ਵਿੱਚ ਟਿੱਪਣੀ ਕਰਨ ਸਗੋਂ ਇਹ ਹੈ ਕਿ ਜ਼ਰੂਰਤ ਪੈਣ ’ਤੇ ਸਹਾਰਾ ਬਣਨ ਅਤੇ ਬਾਕੀ ਸਮੇਂ ਜੋੜੇ ਨੂੰ ਲਾਵਾਂ ਦੀ ਸਿੱਖਿਆ ਅਨੁਸਾਰ ਆਪਣੀ ਸਮਝ ਅਤੇ ਪਿਆਰ ਨਾਲ ਗ੍ਰਹਿਸਤ ਨੂੰ ਸਮਝਣ ਦੇ ਮੌਕੇ ਦਿੱਤੇ ਜਾਣ।
ਜਿਹੜੇ ਪਰਿਵਾਰ ਦੋਵੇਂ ਜੀਆਂ ਦੀ ਨਿੱਜਤਾ, ਮਰਿਆਦਾ ਅਤੇ ਆਪਸੀ ਇੱਛਾ ਦਾ ਸਤਿਕਾਰ ਕਰਦੇ ਹਨ, ਉੱਥੇ ਰਿਸ਼ਤੇ ਹੋਰ ਖਿੜਦੇ ਹਨ ਕਿਉਂਕਿ ਲਾਵਾਂ ਵਿੱਚ ਦਰਸਾਇਆ ਪਿਆਰ, ਸਬਰ ਅਤੇ ਸਹਿਯੋਗ, ਗ੍ਰਹਿਸਤ ਨੂੰ ਸਿਰਫ਼ ਦੋ ਲੋਕਾਂ ਦਾ ਮਿਲਾਪ ਨਹੀਂ, ਸਗੋਂ ਦੋ ਪਰਿਵਾਰਾਂ ਦੀ ਸਹੀ ਸਮਝਦਾਰੀ ਅਤੇ ਦੋ ਦਿਲਾਂ ਦੀ ਆਪਸੀ ਸਾਂਝ ਨਾਲ ਸੁਖਾਲਾ ਬਣਾਉਂਦਾ ਹੈ।
ਕਈ ਵਾਰ ਰਿਸ਼ਤੇ ਟੁੱਟਦੇ ਨਹੀਂ, ਸਗੋਂ ਅਸੀਂ ਉਨ੍ਹਾਂ ਨੂੰ ਨਿਭਾਉਣ ਲਈ ਥੋੜ੍ਹਾ ਹੋਰ ਰੁਕਦੇ ਨਹੀਂ। ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵੀ ਕੱਟ ਜਾਂਦੀਆਂ ਹਨ ਜੇ ਦੋਵੇਂ ਇੱਕ-ਦੂਜੇ ਦਾ ਹੱਥ ਨਾ ਛੱਡਣ। ਤਲਾਕ ਤੋਂ ਪਹਿਲਾਂ ਇੱਕ ਵਾਰ ਗੁਰੂ ਦੀਆਂ ਲਾਵਾਂ ਨੂੰ ਯਾਦ ਕਰੋ। ਉਹ ਪਿਆਰ, ਸਬਰ, ਮੁਆਫ਼ੀ ਅਤੇ ਆਪਸ ਵਿੱਚ ਨਿੱਭਣ ਦੀ ਸਿੱਖਿਆ ਸਿਰਫ਼ ਵਿਆਹ ਵਾਲੇ ਦਿਨ ਲਈ ਨਹੀਂ, ਸਗੋਂ ਹਰ ਦਿਨ ਦੀ ਰਹਿਨੁਮਾਈ ਲਈ ਹੈ।
ਕਈ ਘਰ ਸਿਰਫ਼ ਇੱਕ ਸੱਚੀ ਗੱਲਬਾਤ, ਇੱਕ ਮੁਆਫ਼ੀ, ਇੱਕ ਵਾਰ ਹੋਰ ਕੋਸ਼ਿਸ਼ ਅਤੇ ਇੱਕ ਦੂਜੇ ਦੇ ਦਰਦ ਨੂੰ ਸੁਣ ਲੈਣ ਨਾਲ ਬਚ ਸਕਦੇ ਹਨ। ਰਿਸ਼ਤੇ ਉਨ੍ਹਾਂ ਦਾ ਇੰਤਜ਼ਾਰ ਕਰਦੇ ਹਨ ਜੋ ਹਿੰਮਤ ਨਹੀਂ ਹਾਰਦੇ। ਫ਼ੈਸਲਾ ਕਰਨ ਤੋਂ ਪਹਿਲਾਂ ਇੱਕ ਵਾਰ ਦਿਲ ਨਾਲ ਸੋਚੋ ਸ਼ਾਇਦ ਤੁਹਾਡਾ ਘਰ ਟੁੱਟਣ ਲਈ ਨਹੀਂ, ਮੁੜ ਜੁੜਨ ਲਈ ਬਣਿਆ ਹੈ।
ਸੰਪਰਕ: 82849-42992
