ਅਨੰਤ ਗੁਣਾਂ ਦਾ ਖ਼ਜ਼ਾਨਾ ਪਲਾਹ ਦਾ ਰੁੱਖ
ਪਲਾਹ ਦਾ ਰੁੱਖ ਜਿੱਥੇ ਭਾਰਤ ਦਾ ਵਿਰਾਸਤੀ ਅਤੇ ਪੁਰਾਤਨ ਰੁੱਖ ਹੈ, ਉੱਥੇ ਇਹ ਰੁੱਖ ਕੰਬੋਡੀਆ, ਇੰਡੋਨੇਸ਼ੀਆ, ਥਾਈਲੈਂਡ, ਜਪਾਨ, ਸ੍ਰੀ ਲੰਕਾ ਅਤੇ ਵੀਅਤਨਾਮ ਦਾ ਵੀ ਮੂਲ ਅਤੇ ਸਥਾਨਕ ਰੁੱਖ ਹੈ। ਦੱਖਣੀ ਪੂਰਬੀ ਏਸ਼ੀਆ ਦਾ ਇਹ ਮਸ਼ਹੂਰ ਰੁੱਖ ਸਾਡੇ ਪੰਜਾਬੀ ਸੱਭਿਆਚਾਰ ਦੀ ਰਗ ਰਗ ਵਿੱਚ ਵੀ ਪਰੋਇਆ ਹੋਇਆ ਹੈ। ਜਿੱਥੇ ਪੰਜਾਬ ਵਿੱਚ ਇਸ ਰੁੱਖ ਨੂੰ ਢੱਕ ਜਾਂ ਕੇਸੂ ਦਾ ਰੁੱਖ ਵੀ ਆਖਿਆ ਜਾਂਦਾ ਹੈ, ਉੱਥੇ ਇਸ ਨੂੰ ਹਿੰਦੀ ਵਿੱਚ ੜਾਕ, ਬੰਗਾਲੀ ਵਿੱਚ ਪਲਾਸ, ਮਰਾਠੀ ਵਿੱਚ ਪਲਸ, ਗੁਜਰਾਤੀ ਵਿੱਚ ਖਾਕਰੋਂ, ਥਾਈਲੈਂਡ ਵਿੱਚ ਥੌਂਗ ਕਵਾਓ, ਅੰਗਰੇਜ਼ੀ ਵਿੱਚ ਬਸਟਰਡ ਈਕ ਅਤੇ ਵਿਗਿਆਨਕ ਭਾਸ਼ਾ ਵਿੱਚ ਬਿਊਟੀਆ ਮੋਨੋਸਪਰਮਾ ਆਖਿਆ ਜਾਂਦਾ ਹੈ। ਆਪਣੇ ਅਮੀਰ ਗੁਣਾਂ ਅਤੇ ਖ਼ੂਬਸੂਰਤੀ ਕਰਕੇ ਇਹ ਰੁੱਖ ਲੋਕਾਂ ਵਿੱਚ ਅਤੇ ਬਨਸਪਤੀ ਵਿਗਿਆਨ ਵਿੱਚ ਆਪਣੀ ਵਿਸ਼ੇਸ਼ ਮਹੱਤਤਾ ਤੇ ਪਛਾਣ ਰੱਖਦਾ ਹੈ।
ਪਲਾਹ ਦਾ ਰੁੱਖ ਗਰਮ ਅਤੇ ਖੁਸ਼ਕ ਜਲਵਾਯੂ ਵਿੱਚ ਉੱਗਦਾ ਹੈ। ਇਸ ਰੁੱਖ ਦੀ ਉਚਾਈ ਲਗਭਗ 25 ਤੋਂ 30 ਫੁੱਟ ਅਤੇ ਇਸ ਦਾ ਤਣਾ ਮੋਟਾ ਅਤੇ ਵਿੰਗਾ ਟੇਢਾ ਹੀ ਹੁੰਦਾ ਹੈ। ਇਸ ਦੀ ਛਿੱਲ ਭੂਰੇ ਰੰਗ ਦੀ ਹੁੰਦੀ ਹੈ। ਪਲਾਹ ਦੇ ਰੁੱਖ ਦੀ ਲੱਕੜ ਬਹੁਤ ਮਜ਼ਬੂਤ ਹੁੰਦੀ ਹੈ ਜਿਹੜੀ ਖੂਹ ਦਾ ਚੱਕ ਪਾਉਣ ਲਈ ਵਰਤੀ ਜਾਂਦੀ ਰਹੀ ਹੈ ਜੋ ਗਲਦੀ ਨਹੀਂ ਸੀ। ਪਲਾਹ ਦੇ ਪੱਤੇ ਲਗਭਗ ਪੰਜ-ਛੇ ਇੰਚ ਲੰਮੇ ਅਤੇ ਤਿੰਨ-ਚਾਰ ਇੰਚ ਚੌੜੇ ਹੁੰਦੇ ਹਨ। ਇਸ ਦੇ ਪੱਤਿਆਂ ਦਾ ਆਕਾਰ ਵੱਡਾ ਅਤੇ ਪੱਤੇ ਵਿੱਚ ਲਚਕੀਲਾਪਣ ਅਤੇ ਮੋਟਾਈ ਹੋਣ ਕਰਕੇ ਇਸ ਦੇ ਡੋਨੇ ਅਤੇ ਪੱਤਲਾਂ ਬਣਾਈਆਂ ਜਾਂਦੀਆਂ ਹਨ। ਇਸ ਦੀਆਂ ਟਾਹਣੀਆਂ ਨੂੰ ਇਕੱਠੇ ਇੱਕੋ ਜਿਹੇ ਤਿੰਨ ਤਿੰਨ ਪੱਤੇ ਲੱਗਦੇ ਹਨ ਜਿਨ੍ਹਾਂ ਨੂੰ ਗ੍ਰੰਥਾਂ ਅਨੁਸਾਰ ਬ੍ਰਹਮਾ, ਵਿਸ਼ਨੂੰ, ਮਹੇਸ਼ ਦਾ ਰੂਪ ਮੰਨਿਆ ਜਾਂਦਾ ਹੈ।
ਪਲਾਹ ਦਾ ਫੁੱਲ ਝਾਰਖੰਡ ਦਾ ਰਾਸ਼ਟਰੀ ਫੁੱਲ ਹੈ। ਪਲਾਹ ਦਾ ਫੁੱਲ ਕੇਸੂ ਦੇ ਫੁੱਲਾਂ ਦੇ ਨਾਂ ਨਾਲ ਵੀ ਮਸ਼ਹੂਰ ਹੈ। ਇਸ ਦੇ ਖ਼ੂਬਸੂਰਤ ਫੁੱਲ ਦੂਰੋਂ ਜੰਗਲ ਵਿੱਚ ਰੁੱਖਾਂ ਦੇ ਝੁੰਡ ਵਿੱਚ ਇੰਝ ਦਿਖਾਈ ਦਿੰਦੇ ਹਨ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਵੇ। ਇਸੇ ਕਾਰਨ ਇਸ ਰੁੱਖ ਨੂੰ ‘ਫੇਮ ਆਫ ਦਿ ਫੋਰੈਸਟ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੇਸੂ ਦੇ ਫੁੱਲ ਡੇਢ ਤੋਂ ਦੋ ਇੰਚ ਲੰਮੇ ਬਿਲਕੁਲ ਤੋਤੇ ਦੀ ਚੁੰਝ ਵਾਂਗ ਹੁੰਦੇ ਹਨ। ਮਾਰਚ-ਅਪਰੈਲ ਵਿੱਚ ਪਲਾਹ ਫੁੱਲਾਂ ਦੇ ਗੁੱਛਿਆਂ ਨਾਲ ਭਰ ਜਾਂਦਾ ਹੈ ਜੋ ਸਾਡੇ ਪੰਜਾਬੀ ਸੱਭਿਆਚਾਰ ਦੀ ਰਗ ਰਗ ਵਿੱਚ ਪਰੋਏ ਹੋਏ ਹਨ। ਇਸ ਦੇ ਗੁਣਾਂ ਨੂੰ ਸਾਡੀਆਂ ਪੰਜਾਬੀ ਬੁਝਾਰਤਾਂ ਇੰਝ ਸਪੱਸ਼ਟ ਕਰਦੀਆਂ ਹਨ;
ਉੱਚੀ ਟਾਹਣੀ ਤੋਤਾ ਬੈਠਾ ਗਰਦਨ ਉਸ ਦੀ ਕਾਲੀ।
***
ਬੁਝੂਗਾ ਪੰਡਿਤ ਪਾਅਦਾ ਜਾਂ ਬੁਝੂਗਾ ਪਾਲੀ।
ਇਸ ਦੇ ਫੁੱਲਾਂ ਤੋਂ ਹੋਲੀ ਦੇ ਰੰਗ ਤਿਆਰ ਕੀਤੇ ਜਾਂਦੇ ਹਨ। ਕਾਫ਼ੀ ਲੋਕ ਇਸ ਦੇ ਫੁੱਲਾਂ ਦਾ ਸ਼ਰਬਤ ਜਾਂ ਗਰਮ ਜਲ ਵੀ ਤਿਆਰ ਕਰਕੇ ਪੀਂਦੇ ਹਨ। ਚਾਹ ਪੱਤੀ ਵਾਂਗ ਇਸ ਦੇ ਫੁੱਲ ਸੁਕਾ ਕੇ ਸਾਲੋ ਸਾਲ ਵਰਤੇ ਜਾ ਸਕਦੇ ਹਨ। ਝਾਰਖੰਡ ਵਿੱਚ ਇਨ੍ਹਾਂ ਦੇ ਫੁੱਲਾਂ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ। ਜਿੱਥੇ ਇਨ੍ਹਾਂ ਦੀ ਦਵਾਈਆਂ ਵਿੱਚ ਵਰਤੋਂ ਕੀਤੀ ਜਾਂਦੀ ਹੈ, ਉੱਥੇ ਇਤਿਹਾਸ ਵਿੱਚ ਇਹ ਜ਼ਿਕਰ ਵੀ ਆਉਂਦਾ ਹੈ ਕਿ ਜੰਗਾਂ ਯੁੱਧਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਖ਼ਮ ਕੇਸੂ ਦੇ ਫੁੱਲਾਂ ਨੂੰ ਉਬਾਲ ਕੇ ਉਸ ਦੇ ਪਾਣੀ ਨਾਲ ਧੋਤੇ ਜਾਂਦੇ ਸਨ। ਪਲਾਹ ਦੇ ਫੁੱਲਾਂ ਦੀ ਖ਼ੂਬਸੂਰਤੀ ਨੂੰ ਵੀ ਸਾਡੀਆਂ ਸੱਭਿਆਚਾਰਕ ਵੰਨਗੀਆਂ ਵਿੱਚ ਇੰਝ ਪਰੋਇਆ ਹੋਇਆ ਹੈ;
ਕਾਨ੍ਹ ਆਖਿਆ ਸਉਲਾ ਪੈ ਜਾਏ ਨਣਦ ਮੇਰੀ ਦਾ ਵੀਰਾ
ਕੇਸੂ ਦੇ ਫੁੱਲ ਫਿੱਕੇ ਜਾਪਣ ਵੇਖ ਓਸ ਦਾ ਚੀਰਾ।
ਮਹਾਂ ਕਵੀ ਕਾਲੀ ਦਾਸ ਨੇ ਪਲਾਹ ਦੇ ਰੁੱਖਾਂ ਦੀ ਤੁਲਨਾ ਲਾਲ ਕੱਪੜੇ ਪਾਈ ਖੜ੍ਹੀ ਨਵੀਂ ਵਿਆਹੀ ਵਹੁਟੀ ਨਾਲ ਕੀਤੀ ਹੈ। ਸੋਹਣ ਸਿੰਘ ਸੀਤਲ ਨੇ ਤਾਂ ਫੁੱਲਾਂ ਦੀ ਖ਼ੂਬਸੂਰਤੀ ਨੂੰ ਇੱਥੋਂ ਤੱਕ ਬਿਆਨ ਕਰ ਦਿੱਤਾ ਹੈ;
ਸ਼ੀਸ਼ੇ ਦਾ ਮੂੰਹ ਰੱਤਾ ਪੈ ਜਾਏ ਕੇਸੂ ਨਾਲੋਂ ਗੂੜ੍ਹਾ।
ਵੇਖ ਮੇਰੇ ਵੱਲ ਫਿੱਕਾ ਪੈ ਗਿਆ ਨਾਨਕਿਆਂ ਦਾ ਚੂੜਾ।
ਪ੍ਰਸਿੱਧ ਸੂਫ਼ੀ ਸ਼ਾਇਰ ਅਮੀਰ ਖੁਸਰੋ ਨੇ ਪਲਾਹ ਦੇ ਫੁੱਲਾਂ ਦੀ ਤੁਲਨਾ ਖੂਨ ਨਾਲ ਲਿੱਬੜੇ ਸ਼ੇਰ ਦੇ ਪੰਜੇ ਨਾਲ ਕੀਤੀ ਹੈ। ਪੁਰਾਤਨ ਸਮੇਂ ਵਿੱਚ ਸਾਡੇ ਵਿਰਸੇ ਦਾ ਅਟੁੱਟ ਅੰਗ ਰਹੀਆਂ ਸਾਡੀਆਂ ਬੁਝਾਰਤਾਂ ਵਿੱਚ ਵੀ ਇਸ ਦੇ ਵੱਡੇ ਅਤੇ ਸੋਹਣੇ ਫੁੱਲਾਂ ਦਾ ਜ਼ਿਕਰ ਇੰਝ ਮਿਲਦਾ ਹੈ;
ਐਡਾ ਵੱਡਾ ਫੁੱਲ ਕੇਸੂ ਦਾ ਉਹਦੀ ਗੂੜ੍ਹੀ ਗੂੜ੍ਹੀ ਛਾਂ।
ਛਾਵੇਂ ਬੈਠੀ ਕੱਤਣ ਨੂੰ ਪੂਣੀ ਲੈ ਗਿਆ ਕਾਂ।
ਕਾਵਾਂ ਕਾਵਾਂ ਮੈਨੂੰ ਪੂਣੀ ਦੇਜਾ
ਨਾਲੇ ਦੱਸ ਬ੍ਰਿਛ ਦਾ ਨਾਂ। (ਪਲਾਹ ਦਾ ਰੁੱਖ)
ਕਬਾਇਲੀ ਇਲਾਕੇ ਦੀਆਂ ਔਰਤਾਂ ਪਲਾਹ ਦੇ ਫੁੱਲ ਖ਼ੂਬਸੂਰਤੀ ਲਈ ਆਪਣੇ ਸਿਰ ਦੇ ਵਾਲਾਂ ਅਤੇ ਜੂੜੇ ਵਿੱਚ ਸ਼ਿੰਗਾਰ ਵਜੋਂ ਟੰਗਦੀਆਂ ਹਨ। ਸਾਡੇ ਪੰਜਾਬੀ ਸੱਭਿਆਚਾਰ ਦੀਆਂ ਪੁਰਾਤਨ ਗੀਤਾਂ ਅਤੇ ਬੋਲੀਆਂ ਵਿੱਚ ਵੀ ਇਸ ਫੁੱਲ ਦਾ ਜ਼ਿਕਰ ਹੈ। ਇਨ੍ਹਾਂ ਗੀਤਾਂ ਨੂੰ ਦੋ ਜਾਂ ਦੋ ਤੋਂ ਜ਼ਿਆਦਾ ਔਰਤਾਂ ਦਾ ਗਰੁੱਪ ਖ਼ੁਸ਼ੀ ਦੇ ਪਲਾਂ ਵਿੱਚ ਮਿਲ ਕੇ ਗਾਉਂਦਾ ਹੈ। ਲੰਮੀ ਹੇਕ ਨਾਲ ਔਰਤਾਂ ਸਵਾਲ ਕਰਦੀਆਂ ਹਨ ਅਤੇ ਦੋ ਜਾਂ ਜ਼ਿਆਦਾ ਔਰਤਾਂ ਦੇ ਗਰੁੱਪ ਵੱਲੋਂ ਇਕੱਠੀਆਂ, ਲੰਮੀ ਹੇਕ ਨਾਲ ਹੀ ਜਵਾਬ ਦੇ ਰੂਪ ਵਿੱਚ ਅਜਿਹੀਆਂ ਲੋਕ ਬੋਲੀਆਂ ਗਾਈਆਂ ਜਾਂਦੀਆਂ ਹਨ;
ਦੋ ਔਰਤਾਂ ਦਾ ਸਵਾਲ- ਜੜ ਬੱਗੀ ਫੁੱਲ ਕੇਸਰੀ ਚਤਰੇ ਬਿਨ ਪੱਤਿਆਂ ਦੇ ਛਾਂ।
ਜੇ ਤੂੰ ਐਡੀ ਚਤਰ ਹੈਂ ਕੋਈ ਦਸ ਫੁੱਲਾਂ ਦਾ ਨਾਂ।
ਦੂਸਰੀਆਂ ਔਰਤਾਂ ਦੇ ਗਰੁੱਪ ਵੱਲੋਂ ਜਵਾਬ ਦਿੱਤਾ ਜਾਂਦਾ ਹੈ;
ਜੜ ਬੱਗੀ ਫੁੱਲ ਕੇਸਰੀ ਚਤਰੇ ਬਿਨ ਪੱਤਿਆਂ ਦੇ ਛਾਂ।
ਮੈਂ ਤਾਂ ਏਡੀ ਚਤਰ ਹਾਂ ਕੋਈ ਕੇਸੂ ਫੁੱਲਾਂ ਦਾ ਨੀਂ ਅੰਤੋ ਪਿਆਰੀਏ ਨਾਂ।
ਪਲਾਹ ਦੇ ਰੁੱਖ ਨੂੰ ਜਿੱਥੇ ਭਾਰਤ ਵਿੱਚ ਆਮ ਬੋਲਚਾਲ ਦੀ ਬੋਲੀ ਵਿੱਚ ਢਾਕ ਜਾਂ ਪਲਾਸ ਦਾ ਰੁੱਖ ਕਿਹਾ ਜਾਂਦਾ ਹੈ, ਉੱਥੇ ਪੰਜਾਬੀ ਬੋਲੀ ਵਿੱਚ ਵੀ ਇਸ ਰੁੱਖ ਨੂੰ ਪਲਾਹ ਦੇ ਨਾਲ ਨਾਲ ਢੱਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਢੱਕ ਨਾਂ ਹੇਠ ਵੀ ਬਾਤਾਂ, ਬੋਲੀਆਂ ਤੇ ਗੀਤ ਮਿਲਦੇ ਹਨ। ਪੁਰਾਤਨ ਸਮੇਂ ਤੋਂ ਹੁਣ ਤੱਕ ਜਦੋਂ ਕੁੜੀ ਵਿਆਹ ਸਮੇਂ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਜਿੱਥੇ ਡੋਲੀ ਤੋਰਨ ਵੇਲੇ ਪਰਿਵਾਰ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਹਨ, ਉੱਥੇ ਸਾਡਾ ਆਲਾ ਦੁਆਲਾ, ਪਸ਼ੂ, ਪੰਛੀ, ਫੁੱਲ, ਬੂਟੇ ਵਿਛੋੜੇ ਦਾ ਅਹਿਸਾਸ ਕਰਦੇ ਹਨ ਜਿਨ੍ਹਾਂ ਨੂੰ ਉਹ ਪਾਣੀ ਪਾਉਂਦੀ ਸੀ, ਜਿਨ੍ਹਾਂ ਦੇ ਫਲ ਤੋੜਦੀ ਸੀ ਤੇ ਜਿਨ੍ਹਾਂ ਵਿਚਕਾਰ ਉਹ ਰਹਿੰਦੀ ਸੀ। ਸਾਡੀਆਂ ਲੋਕ ਵੰਨਗੀਆਂ ਵਿੱਚ ਢੱਕ ਦੇ ਰੁੱਖ ਨਾਲ ਲੜਕੀ ਦੇ ਪਿਆਰ ਦਾ ਵਰਣਨ ਇੰਝ ਕੀਤਾ ਮਿਲਦਾ ਹੈ;
ਅੱਕ, ਢੱਕ ਤੇ ਕਰੀਰ, ਜੰਡ, ਬੇਰੀਆਂ।
ਤੁਰ ਗਈ ਨੂੰ ਰੁੱਖ ਰੋਣਗੇ।
ਨੀਂ ਜਿੰਦੇ ਮੇਰੀਏ...।
ਪੁਰਾਤਨ ਸਮੇਂ ਵਿੱਚ ਰਾਤਾਂ ਨੂੰ ਦਾਦਾ-ਦਾਦੀ ਬੱਚਿਆਂ ਨੂੰ ਬੁਝਾਰਤਾਂ ਪਾਉਂਦੇ, ਰਾਜੇ-ਰਾਣੀਆਂ ਦੀਆਂ ਰੌਚਕਤਾ ਭਰਪੂਰ, ਸਿੱਖਿਆਦਾਇਕ ਕਹਾਣੀਆਂ ਸੁਣਾਉਂਦੇ। ਬੱਚਿਆਂ ਨੂੰ ਸੁਣਾਉਣ ਵਾਲੀਆਂ ਰੌਚਕਤਾ ਭਰਪੂਰ ਕਹਾਣੀਆਂ ਵਿੱਚ ਵੀ ਢੱਕ ਦੇ ਰੁੱਖ ਦਾ ਜ਼ਿਕਰ ਇਸ ਲੋਕ ਕਾਵਿ ਵਿੱਚ ਮਿਲਦਾ ਹੈ;
ਅੱਕ ਢੱਕ ਦੀ ਗੱਡੀ ਬਣਾਈ ਬਲਦ ਜੋੜ ਲਏ ਡੱਡੂ।
ਰਾਜੇ ਸਹੁਰੇ ਨੇ ਬੈਲ ਚਰਾਏ ਖੂਬ ਲੜਾਈ ਲੱਗੂ।
ਸਾਡੇ ਪਰਿਵਾਰਕ-ਸਮਾਜਿਕ ਰਿਸ਼ਤੇ ਨਾਤਿਆਂ ਵਿੱਚ ਪਿਆਰ, ਨਖਰੇ, ਸੁਹੱਪਣ, ਰੁਮਾਂਸ, ਨੋਕ ਝੋਕ ਰਾਹੀਂ ਵੀ ਰੁੱਖਾਂ ਨਾਲ ਪੀਢੀ ਸਾਂਝ ਸਾਡੀਆਂ ਸੱਭਿਆਚਾਰਕ ਬੋਲੀਆਂ ਵਿੱਚੋਂ ਸਪੱਸ਼ਟ ਹੁੰਦੀ ਹੈ ਜਿਸ ਵਿੱਚ ਢੱਕ ਦੇ ਰੁੱਖ ਦਾ ਵੀ ਅਜਿਹਾ ਵਰਣਨ ਮਿਲਦਾ ਹੈ;
ਅੱਕ ਦੀ ਜੜ ਵਿੱਚ ਢੱਕ ਸੁਣੀਂਦਾ,
ਢੱਕ ਦੀ ਜੜ ਵਿੱਚ ਗੋਭੀ।
ਮੜਕ ਬਥੇਰੀ ਸੀ, ਕਾਲੇ ਰੰਗ ਨੇ ਡੋਬੀ।
ਗੁਰੂ ਗ੍ਰੰਥ ਸਾਹਿਬ ਵਿੱਚ ਵੀ ਢਾਕ ਪਲਾਸ ਦੇ ਇਸ ਰੁੱਖ ਦਾ ਜ਼ਿਕਰ ਮਿਲਦਾ ਹੈ ਜਿੱਥੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਢਾਕ ਪਲਾਸ ਦੇ ਰੁੱਖ ਦਾ ਵਰਣਨ ਕਰਦੇ ਹਨ, ਉੱਥੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਅਤੇ ਭਗਤ ਕਬੀਰ ਜੀ ਨੇ ਢਾਕ ਪਲਾਸ ਦੇ ਰੁੱਖਾਂ ਦਾ ਵਰਣਨ ਕੀਤਾ ਹੈ। ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਢਾਕ ਪਲਾਸ ਦੇ ਰੁੱਖ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ;
ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿ੍ਓ ਢਾਕ ਪਲਾਸ।
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ।
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਕਸੂਦੜਾਂ ਵਿਖੇ ਗੁਰਦੁਆਰਾ ਤਪੋਬਨ ਢੱਕੀ ਸਾਹਿਬ ਹੈ। ਇੱਥੇ ਸੈਂਕੜੇ ਏਕੜਾਂ ਵਿੱਚ ਜੰਗਲ ਹੀ ਜੰਗਲ ਹੈ। ਇਸ ਸਥਾਨ ’ਤੇ ਢੱਕ ਦੇ ਰੁੱਖਾਂ ਦੇ ਵੀ ਵੱਡੇ ਝੁੰਡ ਅਤੇ ਜੰਗਲ ਹਨ। ਇਨ੍ਹਾਂ ਢੱਕ ਦੇ ਰੁੱਖਾਂ ਕਰਕੇ ਹੀ ਇਸ ਕੁਦਰਤ ਦੀ ਗੋਦ ਵਿੱਚ ਵੱਸੇ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਢੱਕੀ ਸਾਹਿਬ ਪਿਆ ਹੈ। ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਹੁਗਲੀ ਨਦੀ ਦੇ ਕਿਨਾਰੇ ਅੰਗਰੇਜ਼ਾਂ ਨਾਲ ਹੋਈ ਪਲਾਸੀ ਦੀ ਲੜਾਈ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ। ਪਲਾਸੀ ਸਥਾਨ ਦਾ ਨਾਂ ਵੀ ਪਲਾਸੀ ਇਸੇ ਕਰਕੇ ਪਿਆ ਕਿਉਂਕਿ ਇੱਥੇ ਪਲਾਸ ਦੇ ਰੁੱਖਾਂ ਦੇ ਵੱਡੇ ਜੰਗਲ ਸਨ।
ਪਲਾਹ ਦੇ ਰੁੱਖ ਨੂੰ ਗਰਮੀ ਦੀ ਰੁੱਤ ਵਿੱਚ ਫਲ ਦੇ ਰੂਪ ਵਿੱਚ ਚਾਰ-ਪੰਜ ਇੰਚ ਲੰਮੀਆਂ ਅਤੇ ਡੇਢ-ਦੋ ਇੰਚ ਚੌੜੀਆਂ ਚਪਟੀਆਂ ਫਲੀਆਂ ਲੱਗਦੀਆਂ ਹਨ। ਇਸ ਦੀ ਇੱਕ ਫਲੀ ਵਿੱਚ ਇੱਕ ਹੀ ਬੀਜ ਹੁੰਦਾ ਹੈ ਜੋ ਚਪਟਾ, ਗੋਲਾਕਾਰ, ਤਾਂਬੇ ਰੰਗਾ ਹੁੰਦਾ ਹੈ। ਪਲਾਹ ਦੇ ਰੁੱਖ ’ਤੇ ਲਾਖ ਬਣਾਉਣ ਵਾਲੇ ਕੀੜਿਆਂ ਨੂੰ ਵੀ ਪਾਲਿਆ ਜਾਂਦਾ ਹੈ। ਪਲਾਹ ਸਰੀਰ ਦੇ ਤਿੰਨੋਂ ਦੋਸ਼ਾਂ ਵਾਤ, ਪਿਤ ਅਤੇ ਕਫ਼ ਨੂੰ ਠੀਕ ਕਰਨ ਦੀ ਠੋਸ ਸਮਰੱਥਾ ਰੱਖਦਾ ਹੈ। ਪਲਾਹ ਦੇ ਫੁੱਲ ਅਤੇ ਬੀਜ ਬਵਾਸੀਰ, ਖੂਨ ਦੀਆਂ ਬਿਮਾਰੀਆਂ, ਪੇਟ ਦੇ ਕੀੜੇ, ਸੂਗਰ, ਔਰਤਾਂ ਦੇ ਰੋਗ, ਜੋੜ ਦਰਦ, ਤਿੱਲੀ ਦੀ ਸੋਜ ਲਈ ਲਾਹੇਵੰਦ ਹਨ। ਪਲਾਹ ਦੀਆਂ ਫਲੀਆਂ ਦੇ ਬੀਜਾਂ ਦਾ ਤੇਲ ਨਾਮਰਦੀ ਲਈ ਰਾਮਬਾਣ ਦਵਾਈ ਹੈ। ਇਸ ਦੀਆਂ ਜੜਾਂ ਦਾ ਕਾੜ੍ਹਾ ਕਾਮ ਸ਼ਕਤੀ ਨੂੰ ਉਤੇਜਿਤ ਕਰਦਾ ਹੈ ਅਤੇ ਸ਼ੀਘਰ ਪਤਨ ਦਾ ਨਾਸ਼ ਕਰਕੇ ਸਰੀਰ ਨੂੰ ਸ਼ਕਤੀਵਰਧਕ ਬਣਾਉਂਦਾ ਹੈ। ਇਸ ਦੇ ਬੀਜਾਂ ਵਿੱਚ ਪਲਾਸੋਨਿਕ ਨਾਂ ਦਾ ਤੱਤ ਵੀ ਪਾਇਆ ਜਾਂਦਾ ਹੈ ਜੋ ਔਰਤ ਤੇ ਮਰਦ ਦੀ ਪ੍ਰਜਨਣ ਸ਼ਕਤੀ ਲਈ ਲਾਭਦਾਇਕ ਹੈ।
ਇਸ ਦੀ ਗੂੰਦ ‘ਕਿਨੂੰ ਗਮ’ ਜਾਂ ‘ਬੰਗਾਲ ਕਿੰਨੂ’ ਦੇ ਨਾਮ ਨਾਲ ਮਸ਼ਹੂਰ ਹੈ ਜਿਸ ਵਿੱਚ ਕੀਨੋਟੈਨਿਕ ਐਸਿਡ ਪਾਇਆ ਜਾਂਦਾ ਹੈ ਜੋ ਡਾਇਰੀਆ ਅਤੇ ਮਲਤਿਆਗ ਵਿੱਚ ਵਗਦੇ ਖੂਨ ਨੂੰ ਠੀਕ ਕਰਦਾ ਹੈ ਅਤੇ ਇਹ ਔਰਤਾਂ ਦੀ ਪੀਰੀਅਡ ਸਮੱਸਿਆ ਨੂੰ ਨਿਯਮਬੱਧ ਕਰਦਾ ਹੈ। ਇਸ ਦੀ ਗੂੰਦ ਤੋਂ ਕਮਰਕਸ ਬਣਦੀ ਹੈ ਜਿਹੜੀ ਔਰਤਾਂ ਦੇ ਜਣੇਪੇ ਸਮੇਂ ਪੰਜੀਰੀ ਵਿੱਚ ਰਲਾ ਕੇ ਖਵਾਈ ਜਾਂਦੀ ਹੈ। ਕਮਰਕਸ ਪਿੱਠ ਦੇ ਦਰਦ ਦੀ ਸੁਪ੍ਰਸਿੱਧ ਦਵਾਈ ਹੈ। ਪਲਾਹ ਦੀਆਂ ਜੜਾਂ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਤੱਤ ਪਾਏ ਜਾਂਦੇ ਹਨ ਜੋ ਚਮੜੀ ਦੀ ਫੰਗਲ ਇਨਫੈਕਸ਼ਨ ਵਾਸਤੇ ਬਹੁਤ ਕਾਰਗਰ ਹਨ।
ਪਲਾਹ ਦੇ ਫੁੱਲਾਂ ਅਤੇ ਪੱਤਿਆਂ ਤੋਂ ਜੈਲ ਬਣਾਏ ਜਾਂਦੇ ਹਨ ਜੋ ਸਿਰ ਦੀਆਂ ਚਮੜੀ ਦੀਆਂ ਪਰਤਾਂ ਵਿੱਚ ਡੂੰਘਾ ਪ੍ਰਵੇਸ਼ ਕਰਦੇ ਹਨ। ਇਹ ਫੋਲੀਕਲਜ਼ ਦੀ ਰੱਖਿਆ ਕਰਦੇ ਹਨ ਅਤੇ ਸੂਖਮ ਸੁਰਾਖ ਜਿੱਥੋਂ ਵਾਲ ਉੱਗਦੇ ਹਨ, ਉਸ ਸਥਾਨ ਤੋਂ ਚਮੜੀ ਦੀਆਂ ਅੰਦਰੂਨੀ ਪਰਤਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਬਣਾਉਂਦੇ ਹਨ। ਪਲਾਹ ਤੋਂ ਪ੍ਰਾਪਤ ਤੱਤਾਂ ਵਿੱਚ ਫਾਈਬਰ ਅਤੇ ਵਿਟਾਮਿਨ ਈ ਦੀ ਵੀ ਭਰਪੂਰ ਮਾਤਰਾ ਹੁੰਦੀ ਹੈ। ਪਲਾਹ ਤੋਂ ਪ੍ਰਾਪਤ ਔਸ਼ਧੀਆਂ ਵਿੱਚ ਭਾਰ ਘਟਣਾ, ਡਿਪਰੈਸ਼ਨ, ਦਿਲ ਦੀਆਂ ਖੂਨ ਦੀਆਂ ਧਵਨੀਆਂ ਦੀ ਬਲੱਡ ਸਰਕੂਲੇਸ਼ਨ ਦੀ ਸਮੱਸਿਆ, ਗੁਰਦੇ, ਗਦੂਦ, ਪਾਚਨ ਪ੍ਰਕਿਰਿਆ, ਅਫਾਰਾ, ਪੇਟ ਗੈਸ, ਡਿਸਪੈਪਸੀਆ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਡਮੁੱਲੇ ਗੁਣ ਹਨ।
ਵੈਦਿਕ ਰੀਤੀ ਮੁਤਾਬਕ ਪਲਾਹ ਦੀ ਲੱਕੜ ਹਵਨ ਕਰਨ ਲਈ ਸ਼ੁੱਧ ਮੰਨੀ ਜਾਂਦੀ ਹੈ। ਆਜ਼ਾਦੀ ਸੰਗਰਾਮ ਦੇ ਮੋਢੀ ਸਤਿਗੁਰੂ ਰਾਮ ਸਿੰਘ ਵੀ ਆਪਣੇ ਹੁਕਮਨਾਮਿਆਂ ਵਿੱਚ ਹਵਨ ਵਿੱਚ ਪਲਾਹ ਦੀ ਲੱਕੜ ਪਾਉਣ ਦੀ ਹਦਾਇਤ ਕਰਦੇ ਹਨ। ਪੁਰਾਤਨ ਪਰੰਪਰਾਵਾਂ ਮੁਤਾਬਕ ਜਦੋਂ ਸਿਖਿਆਰਥੀ ਆਪਣੇ ਗੁਰੂ ਪ੍ਰਤੀ ਫਲ, ਵਸਤੂਆਂ ਜਾਂ ਮੇਵੇ ਸਤਿਕਾਰ ਵਜੋਂ ਭੇਂਟ ਕਰਦੇ ਸਨ ਤਾਂ ਉਸ ਵਿੱਚ ਪਲਾਹ ਦੀਆਂ ਟਾਹਣੀਆਂ ਨੂੰ ਰੱਖਣਾ ਸ਼ੁਭ ਮੰਨਿਆ ਜਾਂਦਾ ਸੀ। ਪੁਰਾਤਨ ਮਿੱਥਾਂ ਮੁਤਾਬਕ ਪਲਾਹ ਦੇ ਪੱਤਿਆਂ ਵਾਂਗ ਇਸ ਦੇ ਫੁੱਲਾਂ ਵਿੱਚ ਵੀ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦਾ ਵਾਸਾ ਹੁੰਦਾ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਪਲਾਹ ਦੇ ਰੁੱਖਾਂ ਦੇ ਫੁੱਲਾਂ ਸਬੰਧੀ ਅਜਿਹੀਆਂ ਲੋਕ ਬੋਲੀਆਂ ਦਾ ਵਰਣਨ ਵੀ ਮਿਲਦਾ ਹੈ;
ਪਲਾਹ ਦਿਆ ਰੁੱਖੜਿਆ ਵੇ
ਕੇਸੂ ਰੰਗੇ ਤੇਰੇ ਵੀ ਫੁੱਲ।
ਵਾ ਵਗੀ ਝੜ ਜਾਣਗੇ
ਕਿਸੇ ਨ੍ਹੀਂ ਲੈਣੇ ਮੁੱਲ।
ਅਨੰਤ ਗੁਣਾਂ ਨਾਲ ਭਰਪੂਰ ਪਲਾਹ ਦੇ ਰੁੱਖ ਤੋਂ ਆਯੁਰਵੈਦਿਕ ਫਾਰਮੇਸੀਆਂ ਵੱਲੋਂ ਅਨੇਕਾਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਪਲਾਹ ਤੋਂ ਪ੍ਰਾਪਤ ਗੁਣਾਂ ਨਾਲ ਭਰਪੂਰ ਔਸ਼ਧੀਆਂ ਮਾਰਕੀਟ ਵਿੱਚ ਉਪਲੱਬਧ ਹਨ। ਅੱਜ ਬਾਜ਼ਾਰ ਵਿੱਚੋਂ ਅਸੀਂ ਪਲਾਸ ਫਲਾਵਰਜ਼ ਪਾਊਡਰ, ਪਲਾਸ ਲੀਫ ਐਂਡ ਫਲਾਵਰਜ਼ ਪੇਸਟ, ਟੇਸੂ ਫਲਾਵਰਜ਼ ਪੇਸਟ, ਪਲਾਸ ਰੂਟਸ ਪਾਊਡਰ, ਪਲਾਸ ਪਾਪੜਾ, ਫਲੇਮ ਆਫ ਦਿ ਫੋਰੈਸਟ ਔਰਗੈਨਿਕ ਆਇਲ, ਪਲਾਸ ਫਲਾਵਰਜ਼ ਹਰਬਲ ਟੀ, ਪਲਾਸ ਸੀਡਜ਼, ਪਲਾਸ ਹੇਅਰ ਆਇਲ ਖ਼ਰੀਦ ਸਕਦੇ ਹਾਂ, ਪਰ ਦੁੱਖ ਦੀ ਗੱਲ ਹੈ ਕਿ ਇੰਨੇ ਬੇਸ਼ਕੀਮਤੀ ਗੁਣਾਂ ਨਾਲ ਲੱਥ-ਪੱਥ ਰੁੱਖ ਅੱਜ ਪੰਜਾਬ ਦੀ ਧਰਤੀ ’ਤੇ ਭਾਲਿਆਂ ਵੀ ਨਹੀਂ ਥਿਆਉਂਦੇ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਾਨੂੰ ਸਾਡੀਆਂ ਅਲੋਪ ਹੋ ਰਹੀਆਂ ਕੁਦਰਤ ਦੀਆਂ ਅਜਿਹੀਆਂ ਅਨਮੋਲ ਦਾਤਾਂ ਨੂੰ ਸੰਭਾਲਣਾ ਚਾਹੀਦਾ ਹੈ। ਆਪਣੀਆਂ ਪੁਸ਼ਤੈਨੀ ਜੜਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਸਾਨੂੰ ਹੋਰ ਰੁੱਖਾਂ ਦੇ ਨਾਲ ਨਾਲ ਪਲਾਹ ਦੇ ਵੀ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
ਸੰਪਰਕ: 98768-50680