ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਹ ਦੀਆਂ ਤੰਦਾਂ

ਬਾਲ ਕਹਾਣੀ ਰੋਬਿਨ ਤੇ ਰਾਜੂ ਦੋਵਾਂ ਭਰਾਵਾਂ ਦੀ ਆਪਸ ਵਿੱਚ ਬੜੀ ਬਣਦੀ ਹੈ। ਭਾਵੇਂ ਉਨ੍ਹਾਂ ਦੀ ਉਮਰ ਦਾ ਕਾਫ਼ੀ ਫ਼ਰਕ ਹੈ, ਪਰ ਫਿਰ ਵੀ ਉਹ ਆਪਸ ਵਿੱਚ ਰਲ ਮਿਲ ਕੇ ਖੇਡਦੇ ਅਤੇ ਗੱਲਾਂ ਬਾਤਾਂ ਕਰਦੇ ਹਨ। ਉਨ੍ਹਾਂ ਦੀ ਇੱਕ ਭੈਣ...
Advertisement

ਬਾਲ ਕਹਾਣੀ

ਰੋਬਿਨ ਤੇ ਰਾਜੂ ਦੋਵਾਂ ਭਰਾਵਾਂ ਦੀ ਆਪਸ ਵਿੱਚ ਬੜੀ ਬਣਦੀ ਹੈ। ਭਾਵੇਂ ਉਨ੍ਹਾਂ ਦੀ ਉਮਰ ਦਾ ਕਾਫ਼ੀ ਫ਼ਰਕ ਹੈ, ਪਰ ਫਿਰ ਵੀ ਉਹ ਆਪਸ ਵਿੱਚ ਰਲ ਮਿਲ ਕੇ ਖੇਡਦੇ ਅਤੇ ਗੱਲਾਂ ਬਾਤਾਂ ਕਰਦੇ ਹਨ। ਉਨ੍ਹਾਂ ਦੀ ਇੱਕ ਭੈਣ ਰੋਜ਼ੀ ਵੀ ਉਨ੍ਹਾਂ ਨਾਲ ਬਹੁਤ ਪਿਆਰ ਕਰਦੀ ਹੈ। ਤਿੰਨੋਂ ਭੈਣ-ਭਰਾ ਕਈ ਵਾਰ ਖੇਡਦੇ ਖੇਡਦੇ ਆਪਸ ਵਿੱਚ ਲੜ ਵੀ ਪੈਂਦੇ ਹਨ। ਉਨ੍ਹਾਂ ਦੀ ਲੜਾਈ ਦਾ ਗੁੱਸਾ ਚੰਦ ਮਿੰਟਾਂ ਦਾ ਹੀ ਹੁੰਦਾ ਹੈ। ਅਗਲੇ ਪੰਜਾਂ ਸੱਤਾਂ ਮਿੰਟਾਂ ਬਾਅਦ ਉਹ ਪਹਿਲਾਂ ਵਾਂਗ ਮੁੜ ਖੇਡਦੇ ਹੁੰਦੇ ਹਨ।

Advertisement

ਉਹ ਤਿੰਨੋਂ ਪੜ੍ਹਾਈ ਵਿੱਚ ਵੀ ਬੜੇ ਹੁਸ਼ਿਆਰ ਹਨ। ਆਪੋ ਆਪਣਾ ਸਿਲੇਬਸ ਪੜ੍ਹਨ ਤੋਂ ਇਲਾਵਾ ਲਾਇਬ੍ਰੇਰੀ ਦੀਆਂ ਕਿਤਾਬਾਂ ਵੀ ਪੜ੍ਹਦੇ ਹਨ।

ਰੋਜ਼ੀ ਦੀ ਸਾਹਿਤ ਵਿੱਚ ਵਿਸ਼ੇਸ਼ ਰੁਚੀ ਹੋਣ ਕਰਕੇ ਉਹ ਕਦੀ ਕਦਾਈਂ ਕਵਿਤਾ ਵੀ ਰਚ ਲੈਂਦੀ ਹੈ। ਰੋਬਿਨ ਤੇ ਰਾਜੂ ਗਿਆਨ ਵਰਧਕ ਪੁਸਤਕਾਂ ਅਤੇ ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹਨ ਵਿੱਚ ਰੁਚੀ ਰੱਖਦੇ ਹਨ। ਰੋਬਿਨ ਨੇ ਅਬਰਾਹਿਮ ਲਿੰਕਨ ਅਤੇ ਡਾ. ਅਬਦੁਲ ਕਲਾਮ ਦੀਆਂ ਜੀਵਨੀਆਂ ਪੜ੍ਹ ਕੇ ਆਪਣੇ ਅੰਦਰ ਅਜਿਹਾ ਹੌਸਲਾ ਭਰਿਆ ਕਿ ਉਹ ਵੱਡਾ ਅਫ਼ਸਰ ਬਣਨ ਦੀ ਤਿਆਰੀ ਕਰਨ ਲੱਗ ਪਿਆ। ਪੜ੍ਹਦਾ ਤਾਂ ਰਾਜੂ ਵੀ ਰਿਹਾ, ਪਰ ਉਸ ਨੇ ਕਿਤਾਬਾਂ ਤੋਂ ਸਮਾਜਿਕ ਜੀਵਨ ਨੂੰ ਸੁਚੱਜਾ ਬਣਾਉਣ ਦੀ ਪ੍ਰੇਰਨਾ ਲਈ।

‘‘ਮੈਨੂੰ ਕਿਸੇ ਨੇ ਪਰੇਸ਼ਾਨ ਨਹੀਂ ਕਰਨਾ, ਮੈਂ ਤਿਆਰੀ ਕਰ ਰਿਹਾ ਹਾਂ।’’ ਰੋਬਿਨ ਨੇ ਰਾਜੂ ਤੇ ਰੋਜ਼ੀ ਨੂੰ ਤਾੜਨਾ ਕਰਦੇ ਹੋਏ ਕਿਹਾ।

ਉਹ ਅੱਗੋਂ ਹੱਸਦੇ ਹੋਏ ਕਹਿਣ ਲੱਗੇ,‘‘ਦੇਖ ਲਵਾਂਗੇ ਵੱਡੇ ਅਫ਼ਸਰ ਨੂੰ। ਅਸੀਂ ਕਿਹੜੇ ਤੇਰੇ ਨਾਲੋਂ ਘੱਟ ਹਾਂ, ਅਸੀਂ ਵੀ ਪੜ੍ਹਦੇ ਹਾਂ, ਤਿਆਰੀ ਵੀ ਕਰਦੇ ਹਾਂ, ਤੂੰ ਕਿਹੜੀ ਅਨੋਖੀ ਤਿਆਰੀ ਕਰਨ ਲੱਗ ਪਿਐ।’’

‘‘ਜਿਹੜੀ ਤਿਆਰੀ ਮੈਂ ਕਰਨ ਲੱਗਾ ਹਾਂ ਉਹ ਤੁਸੀਂ ਦੋਵੇਂ ਹੀ ਨਹੀਂ ਕਰ ਸਕਦੇ। ਮੈਂ ਦੇਸ਼ ਵਿਦੇਸ਼ ਦਾ ਸਰਬਪੱਖੀ ਗਿਆਨ ਹਾਸਲ ਕਰ ਰਿਹਾ ਹਾਂ ਤਾਂ ਕਿ ਭਾਰਤ ਦੀ ਸਭ ਤੋਂ ਵੱਡੀ ਪ੍ਰੀਖਿਆ ਆਈਏਐੱਸ ਪਾਸ ਕਰ ਸਕਾਂ।’’

‘‘ਬਈ ਵਾਹ ਫਿਰ ਤਾਂ ਸਾਡਾ ਵੀਰਾ ਡੀਸੀ ਬਣ ਜਾਵੇਗਾ। ਸਾਨੂੰ ਤਾਂ ਫਿਰ ਮੌਜਾਂ ਹੀ ਮੌਜਾਂ ਹੋਣਗੀਆਂ।’’

‘‘ਓਏ ਡੀਸੀ ਤਾਂ ਮੈਂ ਬਣਨੈ ਤੁਹਾਨੂੰ ਮੌਜਾਂ ਕਿੱਦਾਂ ਲੱਗ ਗਈਆਂ?’’

‘‘ਵੀਰੇ ਜਦੋਂ ਭੈਣ-ਭਰਾ ਉੱਚੇ ਅਹੁਦਿਆਂ ’ਤੇ ਹੁੰਦੇ ਆ ਤੇ ਭੈਣਾਂ-ਭਾਈਆਂ ਤੇ ਪਰਿਵਾਰਾਂ ਨੂੰ ਮੌਜਾਂ ਲੱਗ ਜਾਂਦੀਆਂ ਨੇ।’’

‘‘ਕਾਹਦੀਆਂ ਮੌਜਾਂ ਲੱਗ ਜਾਂਦੀਆਂ?’’

‘‘ਤੁਸੀਂ ਦੇਖਿਆ ਨ੍ਹੀਂ ਪੁਲੀਸ ਵਾਲੇ ਅੱਗੇ ਪਿੱਛੇ ਫਿਰਦੇ ਆ। ਕੰਮ ਕਰਾਉਣ ਵਾਲੇ ਲੋਕ ਆਉਂਦੇ ਜਾਂਦੇ ਆ। ਕਿੰਨਾ ਕੰਮ ਵਧ ਜਾਂਦੈ, ਤੇ ਤੁਹਾਡੇ ਅੱਧੇ ਕੰਮ ਅਸੀਂ ਕਰਦਿਆ ਕਰਾਂਗੇ।’’

‘‘ਓਏ ਤੁਸੀਂ ਕੀ ਕਰਨ ਜੋਗੇ, ਤੁਹਾਡੇ ਇਹ ਬਸ ਦੀਆਂ ਗੱਲਾਂ ਨਹੀਂ, ਇਹ ਕੰਮ ਸਾਰੇ ਮੈਂ ਹੀ ਕਰਾਂਗਾ। ਤੁਸੀਂ ਆਪਣਾ ਕੰਮ ਕਰੋ ਤੇ ਮੈਨੂੰ ਪਰੇਸ਼ਾਨ ਨਾ ਕਰਿਓ।’’

ਰੋਬਿਨ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਪੜ੍ਹਨ ਬੈਠ ਗਿਆ। ਹੁਣ ਰਾਜੂ ਤੇ ਰੋਜ਼ੀ ਇੱਕੋ ਥਾਂ ਬੈਠੇ ਪੜ੍ਹਾਈ ਕਰ ਰਹੇ ਸਨ।

‘‘ਰਾਜੂ ਵੀਰੇ ਇਹ ਰਿਸ਼ਤੇ ਨਾਤੇ ਕੀ ਹੁੰਦੇ ਨੇ।’’

‘‘ਰੋਜ਼ੀ ਇੱਕ ਦਿਨ ਮੰਮੀ-ਡੈਡੀ ਗੱਲਾਂ ਕਰਦੇ ਸੀ। ਕਹਿੰਦੇ ਸਨ ਕਿ ਸਮਾਜਿਕ ਜੀਵਨ ਰਿਸ਼ਤਿਆਂ ’ਤੇ ਹੀ ਚੱਲਦਾ ਹੈ। ਰਿਸ਼ਤਿਆਂ ਦੇ ਨਿੱਘ ਨਾਲ ਮਨੁੱਖ ਜਿਊਂਦਾ ਹੈ ਤੇ ਪਰਿਵਾਰਕ ਸਬੰਧਾਂ ਕਰਕੇ ਹੀ ਜੱਦ ਅੱਗੇ ਵਧਦੀ ਹੈ। ਸਮਾਜ ਚੱਲਦਾ ਹੈ ਤੇ ਦੇਸ਼ ਕੌਮ ਚੱਲਦੀ ਹੈ।’’

‘‘ਪਰ ਅਸੀਂ ਭੈਣ-ਭਰਾ, ਚਾਚੇ-ਤਾਏ ਕਿਉਂ ਬਣਦੇ ਹਾਂ?’’

‘‘ਤੂੰ ਤਾਂ ਆਲੋਕਾਰੀ ਗੱਲਾਂ ਪੁੱਛਦੀ ਰਹਿੰਨੀ ਐਂ।’’

‘‘ਇਹ ਸਾਰਾ ਕੁਦਰਤ ਦਾ ਖੇਡ ਹੈ, ਕੋਈ ਕਿਸੇ ਦੀ ਭੈਣ ਆ, ਕੋਈ ਕਿਸੇ ਦਾ ਭਰਾ ਆ, ਤੇ ਕੋਈ ਕਿਸੇ ਦਾ ਚਾਚਾ ਤਾਇਆ।’’

‘‘ਹਾਂ ਰਾਜੂ ਇੱਕ ਗੱਲ ਸਿਆਣੇ ਕਹਿੰਦੇ ਆ ਕਿ ਜ਼ੋਰ ਨਾਲ ਕਿਸੇ ਨੂੰ ਰਿਸ਼ਤੇਦਾਰ ਨਹੀਂ ਬਣਾਇਆ ਜਾ ਸਕਦਾ, ਜ਼ੋਰ ਨਾਲ ਕਿਸੇ ਨੂੰ ਮਿੱਤਰ ਵੀ ਨਹੀਂ ਬਣਾਇਆ ਜਾ ਸਕਦਾ। ਇਹ ਸਾਰਾ ਕੁਦਰਤ ਦਾ ਖੇਡ ਰਚਾਇਆ ਹੋਇਆ ਹੈ।’’

‘‘ਹਾਂ ਗੱਲ ਤਾਂ ਤੇਰੀ ਇਹ ਸੱਚੀ ਹੈ। ਮੈਂ ਆਪਣੇ ਜਮਾਤੀ ਜਤਿਨ ਨੂੰ ਬੜਾ ਪਿਆਰ ਕੀਤਾ, ਪਰ ਉਹ ਮੇਰਾ ਮਿੱਤਰ ਨ੍ਹੀਂ ਬਣਿਆ। ਬਸ ਇਹੀ ਕੁਦਰਤ ਦਾ ਰਚਾਇਆ ਖੇਡ ਸਮਝ ਨਹੀਂ ਆਉਂਦੈ।’’

ਕੁਝ ਸਾਲਾਂ ਬਾਅਦ ਰੋਬਿਨ ਇੱਕ ਵੱਡਾ ਅਫ਼ਸਰ ਬਣ ਗਿਆ। ਉਹ ਹੁਣ ਕਦੀ ਕਦਾਈਂ ਹੀ ਪਿੰਡ ਆਪਣੇ ਮਾਪਿਆਂ ਨੂੰ ਮਿਲਣ ਆਉਂਦਾ। ਸਾਰਾ ਪਰਿਵਾਰ ਇੰਜ ਮਹਿਸੂਸ ਕਰਨ ਲੱਗਾ ਕਿ ਉਹ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਅਤੇ ਨਾ ਹੀ ਸਭ ਨਾਲ ਪਹਿਲਾਂ ਵਰਗਾ ਪਿਆਰ ਕਰਦਾ ਹੈ।

ਡੈਡੀ ਨੇ ਉਸ ਨੂੰ ਪੁੱਛਿਆ, ‘‘ਬੇਟੇ ਤੇਰਾ ਸੁਭਾਅ ਕਿਉਂ ਬਦਲ ਗਿਆ? ਤੂੰ ਸਾਡੀ ਖ਼ਬਰ ਸਾਰ ਹੀ ਨਹੀਂ ਲੈਂਦਾ! ਕਿਹੜੀ ਦੁਨੀਆ ਵਿੱਚ ਰਹਿ ਰਿਹੈ ਤੂੰ!’’

ਉਸ ਨੇ ਬੜੀ ਨਿਮਰਤਾ ਨਾਲ ਕਿਹਾ, ‘‘ਡੈਡੀ ਜੀ ਹੁਣ ਮੇਰਾ ਪਰਿਵਾਰ ਇਹ ਸਾਰਾ ਦੇਸ਼ ਹੈ। ਤੁਸੀਂ ਫ਼ਿਕਰ ਨਾ ਕਰਿਆ ਕਰੋ। ਇਹ ਤੁਹਾਡਾ ਭੁਲੇਖਾ ਹੈ। ਮੇਰਾ ਪਿਆਰ ਸਤਿਕਾਰ ਪਹਿਲਾਂ ਵਾਂਗ ਹੀ ਕਾਇਮ ਹੈ।’’

ਇੰਨੇ ਨੂੰ ਰੋਜ਼ੀ ਨੇ ਵੀ ਕਹਿ ਦਿੱਤਾ, ‘‘ਵੀਰੇ ਤੂੰ ਹੁਣ ਪਹਿਲਾਂ ਵਾਂਗ ਮੈਨੂੰ ਕਦੀ ਫੋਨ ਵੀ ਨਹੀਂ ਕਰਦਾ ਨਾ ਹੀ ਕਦੀ ਮੇਰਾ ਦੁੱਖ ਸੁੱਖ ਪੁੱਛਦੈ।’’

‘‘ਰੋਜ਼ੀ ਮੇਰਾ ਟਾਈਮ ਹੀ ਨਹੀਂ ਲੱਗਦਾ। ਕੀ ਕਰਾਂ ਸਰਕਾਰੀ ਜ਼ਿੰਮੇਵਾਰੀਆਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੇ ਮੈਨੂੰ ਐਨਾ ਦੱਬਿਆ ਹੋਇਆ ਹੈ ਕਿ ਮੈਨੂੰ ਫੋਨ ਕਰਨ ਦਾ ਸਮਾਂ ਨਹੀਂ ਮਿਲਦਾ।’’

‘‘ਕੀ ਮੈਂ ਤੁਹਾਡੇ ਪਰਿਵਾਰ ਦੀ ਮੈਂਬਰ ਨਹੀਂ?’’

‘‘ਉਹ ਹੋ! ਮੈਂਬਰ ਤਾਂ ਤੁਸੀਂ ਸਾਰੇ ਹੋ, ਪਰ ਸਮਾਂ ਵੀ ਮਿਲੇ ਨਾ।’’ ਰੋਬਿਨ ਨੇ ਆਪਣੀ ਮਜਬੂਰੀ ਦੱਸੀ।

ਰਾਜੂ ਨੇ ਮੌਕਾ ਤਾੜਦਿਆਂ ਨਿਹੋਰਾ ਮਾਰਿਆ, ‘‘ਵੀਰ ਜੀ ਹੁਣ ਤੁਹਾਨੂੰ ਸਾਡੀ ਚਿੰਤਾ ਨਹੀਂ। ਤੁਹਾਡਾ ਪਰਿਵਾਰ ਸਿਰਫ਼ ਤੁਹਾਡੀ ਪਤਨੀ ਤੇ ਬੇਟਾ ਹੀ ਹੈ, ਅਸੀਂ ਹੁਣ ਪਿੱਛੇ ਪੈ ਗਏ ਹਾਂ।’’

‘‘ਤੁਸੀਂ ਤਾਂ ਸਾਰੇ ਮੇਰੇ ਮਗਰ ਹੀ ਪੈ ਗਏ, ਸਮਝ ਨਹੀਂ ਆਉਂਦੀ ਕੀ ਕਰੀਏ?’’ ਹੁਣ ਰੋਬਿਨ ਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ।

‘‘ਸਮਝਣਾ ਕੀ ਹੈ, ਸਾਰੇ ਰਿਸ਼ਤਿਆਂ ਨੂੰ ਸਮਾਂ ਤੇ ਪਿਆਰ ਮੁਹੱਬਤ ਦੀ ਲੋੜ ਹੁੰਦੀ ਹੈ। ਸਭ ਨਾਲ ਬਰਾਬਰ ਪਿਆਰ ਸਤਿਕਾਰ ਨਾਲ ਰਿਸ਼ਤਾ ਨਿਭਾਈਦਾ ਹੈ। ਸਰਕਾਰੀ ਜ਼ਿੰਮੇਵਾਰੀਆਂ ਵੀ ਜ਼ਰੂਰੀ ਹਨ, ਪਰ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਕਦੀ ਪਿੱਛੇ ਨਹੀਂ ਪਾਈਦਾ। ਪਿੱਛੇ ਜਿਹੇ ਰੋਜ਼ੀ ਕਿੰਨਾ ਬਿਮਾਰ ਰਹੀ, ਤੁਸੀਂ ਖ਼ਬਰ ਲੈਣ ਤੱਕ ਨਹੀਂ ਆਏ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਦੋਵਾਂ ਦੀ ਇੱਕੋ ਇੱਕ ਪਿਆਰੀ ਭੈਣ ਹੈ ਤੇ ਤੁਸੀਂ ਕੋਈ ਪਰਵਾਹ ਨਹੀਂ ਕੀਤੀ।’’

‘‘ਛੱਡੋ ਯਾਰ ਇਨ੍ਹਾਂ ਗੱਲਾਂ ਨੂੰ, ਹੋਰ ਕੋਈ ਗੱਲ ਕਰੋ, ਨਹੀਂ ਭੁੱਲਦਾ ਮੈਂ ਪਰਿਵਾਰ ਨੂੰ।’’ ਰੋਬਿਨ ਨੇ ਆਪਣਾ ਪਿੱਛਾ ਛੁਡਾਉਣ ਲਈ ਗੱਲ ਦਾ ਵਿਸ਼ਾ ਬਦਲਣ ਦਾ ਯਤਨ ਕੀਤਾ।

ਰੋਬਿਨ ਦੇ ਡੈਡੀ ਨੇ ਸਭ ਨੂੰ ਸਮਝਾਇਆ, ‘‘ਕੋਈ ਗੱਲ ਨਹੀਂ ਇਹਨੂੰ ਕੁਝ ਸਮਾਂ ਦਿਓ, ਫਿਰ ਦੇਖਦੇ ਆਂ ਕੀ ਬਣਦਾ।’’

ਸਮਾਂ ਬੀਤਦਾ ਗਿਆ, ਪਰ ਰੋਬਿਨ ਦੇ ਰਵੱਈਏ ਵਿੱਚ ਕੋਈ ਤਬਦੀਲੀ ਨਾ ਆਈ। ਉਹ ਸਿਰਫ਼ ਤੇ ਸਿਰਫ਼ ਆਪਣੀ ਪਤਨੀ ਅਤੇ ਬੇਟੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਨਾ ਮਾਂ-ਬਾਪ ਦੀ ਕਦੀ ਖ਼ਬਰ ਸਾਰ ਲਈ ਤੇ ਨਾ ਹੀ ਭੈਣ ਨੂੰ ਕਦੀ ਫੋਨ ਕੀਤਾ।

ਅੱਜ ਰੱਖੜੀ ਦਾ ਤਿਉਹਾਰ ਹੈ। ਭੈਣ ਰੋਜ਼ੀ ਰੋਬਿਨ ਵੀਰੇ ਦੀ ਉਡੀਕ ਕਰ ਰਹੀ ਹੈ। ਉਹ ਦੋਵਾਂ ਭਾਈਆਂ ਦੇ ਇਕੱਠੀਆਂ ਹੀ ਰੱਖੜੀਆਂ ਬੰਨ੍ਹਣਾ ਚਾਹੁੰਦੀ ਹੈ। ਉਡੀਕ ਉਡੀਕ ਕੇ ਜਦ ਦੁਪਹਿਰ ਹੋ ਗਈ ਤਾਂ ਉਸ ਨੇ ਰਾਜੂ ਨੂੰ ਕਿਹਾ, ‘‘ਵੀਰੇ ਕਿੰਨਾ ਚਿਰ ਆਪਾਂ ਉਡੀਕਦੇ ਰਹਾਂਗੇ? ਛੱਡ ਦੇ ਉਡੀਕ ਕਰਨੀ, ਉਹ ਤਾਂ ਫੋਨ ਵੀ ਨਹੀਂ ਚੁੱਕਦਾ। ਆ ਤੂੰ ਰੱਖੜੀ ਬੰਨ੍ਹਵਾ ਲੈ! ਮੇਰੀ ਇੱਕ ਸਹੇਲੀ ਹੈ ਉਸ ਦਾ ਕੋਈ ਭਰਾ ਨਹੀਂ। ਉਹ ਰੱਖੜੀ ਵਾਲੇ ਦਿਨ ਆਪਣੇ ਭਰਾ ਨੂੰ ਤੜਫ਼ਦੀ ਰਹਿੰਦੀ ਹੈ ਤੇ ਇੱਕ ਮੈਂ ਹਾਂ ਜੋ ਭਰਾ ਦੇ ਹੁੰਦਿਆਂ ਵੀ ਉਸ ਦੀ ਉਡੀਕ ਵਿੱਚ ਤੜਫ਼ ਰਹੀ ਹਾਂ।’’

ਰੋਜ਼ੀ ਨੇ ਰਾਜੂ ਦੇ ਰੱਖੜੀ ਬੰਨ੍ਹਦਿਆਂ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਹ ਗੀਤ ਗੁਣਗੁਣਾਇਆ;

ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ ਰੱਖੜੀ

ਸੋਹਣੇ ਜਿਹੇ ਗੁੱਟ ’ਤੇ ਸਜਾ ਲੈ ਰੱਖੜੀ

ਇਸ ਵਿੱਚ ਗੁੰਦਿਆ ਪਿਆਰ ਭੈਣ ਦਾ ...

ਵਿਹੜੇ ਤੂੰ ਆ ਜਾ ਮੇਰੇ ਬਣ ਕੇ ਮਹਿਮਾਨ ਵੇ

ਤੇਰੇ ਨਾਲ ਵੀਰਾ ਮੇਰੀ ਸਹੁਰੇ ਘਰ ਸ਼ਾਨ ਵੇ...

ਅੱਗੋਂ ਰਾਜੂ ਨੇ ਕਿਹਾ, ‘‘ਭੈਣ ਜੀ ਮੈਂ ਵੀ ਪਿਆਰ ਤੇ ਸਤਿਕਾਰ ਦਾ ਹੀ ਭੁੱਖਾ ਹਾਂ। ਤੁਸੀਂ ਮੇਰੀ ਰੱਖ, ਮੇਰੀ ਸੁੱਖ ਮੰਗਦੇ ਹੋ। ਪਰਮਾਤਮਾ ਤੁਹਾਨੂੰ ਵੀ ਸਭ ਨੂੰ ਸਦਾ ਸੁਖੀ ਰੱਖੇ।’’

ਰੋਜ਼ੀ ਨੇ ਹਉਕਾ ਜਿਹਾ ਭਰਦਿਆ ਕਿਹਾ, ‘‘ਸਾਡਾ ਰਿਸ਼ਤਾ ਰੋਬਿਨ ਨੂੰ ਗਰਜ਼ਾਂ ਦਾ ਰਿਸ਼ਤਾ ਲੱਗਦਾ ਹੈ। ਜਦਕਿ ਇਹ ਤਾਂ ਮੋਹ ਦੀਆਂ ਤੰਦਾਂ ਹੁੰਦੀਆਂ ਨੇ। ਜੋ ਸਾਨੂੰ ਆਪਸ ਵਿੱਚ ਜੋੜੀ ਰੱਖਦੀਆਂ ਹਨ। ਸਾਨੂੰ ਪਰਮਾਤਮਾ ਨੇ ਸਭ ਕੁਝ ਘਰੇ ਹੀ ਦਿੱਤਾ ਹੋਇਆ ਹੈ। ਸ਼ਾਇਦ ਉਹ ਸੋਚਦਾ ਹੈ ਕਿ ਮੇਰੇ ਕੋਲੋਂ ਇਹ ਕੁਝ ਮੰਗਣਗੇ। ਮਾਲਕ ਉਸ ਨੂੰ ਸੁਮੱਤ ਬਖ਼ਸ਼ੇ। ਸਦਾ ਖ਼ੁਸ਼ ਰੱਖੇ।’’

ਰਾਜੂ ਨੇ ਕਿਹਾ, ‘‘ਭੈਣ ਜੀ ਰਿਸ਼ਤਿਆਂ ਵਿੱਚ ਕੋਈ ਲੋਭ ਲਾਲਚ ਨਹੀਂ ਹੁੰਦਾ। ਇਹ ਪਵਿੱਤਰ ਹੁੰਦੇ ਨੇ। ਇਹ ਪਿਆਰ, ਇਤਬਾਰ ਅਤੇ ਸਤਿਕਾਰ ਦੇ ਰਿਸ਼ਤੇ ਹੁੰਦੇ ਹਨ। ਇਨ੍ਹਾਂ ਗੁਣਾਂ ਕਰਕੇ ਹੀ ਇਹ ਨਿਭਦੇ ਨੇ। ਮੈਂ ਤੇਰਾ ਵੀਰ ਸਦਾ ਤੇਰੇ ਨਾਲ ਖੜ੍ਹਾ ਹਾਂ। ਤੂੰ ਕੋਈ ਫ਼ਿਕਰ ਨਾ ਕਰ। ਇਹ ਮੋਹ ਦੀਆਂ ਤੰਦਾਂ ਕੱਚਾ ਧਾਗਾ, ਪੱਕੇ ਰਿਸ਼ਤੇ ਵਾਂਗ ਸਦਾ ਨਿਭਦਾ ਰਹੇਗਾ।’’

ਇਹ ਦ੍ਰਿਸ਼ ਦੇਖ ਕੇ ਸਾਰਾ ਪਰਿਵਾਰ ਬਹੁਤ ਖ਼ੁਸ਼ ਹੋਇਆ। ਰਾਜੂ ਦੀ ਘਰਵਾਲੀ ਨੇ ਆਪਣੀ ਨਣਦ ਦਾ ਪੱਲਾ ਆਪਣੀ ਸਮਰੱਥਾ ਅਨੁਸਾਰ ਭਰਦਿਆਂ ਕਿਹਾ, ‘‘ਭੈਣੇ ਕਦੀ ਫ਼ਿਕਰ ਨਾ ਕਰੀਂ, ਅਸੀਂ ਜਿੰਨੇ ਜੋਗੇ ਹਾਂ ਤੇਰੇ ਨਾਲ ਹਾਂ, ਹੁਣ ਤੂੰ ਰੋਬਿਨ ਦੀ ਥਾਂ ਮੈਨੂੰ ਵੀਰ ਮੰਨ ਲੈ।’’

ਰੋਜ਼ੀ ਨੇ ਖ਼ੁਸ਼ੀ ਵਿੱਚ ਆਪਣੀ ਭਰਜਾਈ ਨੂੰ ਗਲਵੱਕੜੀ ਪਾ ਲਈ।

ਸੰਪਰਕ: 98150-18947

Advertisement