ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਜੱਗਾ ਸਿੰਘ ਆਦਮਕੇ
ਹਾੜ ਮਹੀਨਾ ਸੰਮਤ ਅਤੇ ਨਾਨਕਸ਼ਾਹੀ ਕੈਲੰਡਰ ਦਾ ਚੌਥਾ ਮਹੀਨਾ ਹੈ। ਇਹ ਮਹੀਨਾ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ। ਰੁੱਤਾਂ ਦੀ ਵੰਡ ਅਨੁਸਾਰ ਜੇਠ ਹਾੜ ਗਰਮ ਰੁੱਤ ਦੇ ਮਹੀਨੇ ਹਨ। ਹਾੜ ਨੂੰ ਆਸਾੜ, ਅਖਾੜ, ਆਹੜ ਆਦਿ ਨਾਵਾਂ ਨਾਲ ਵੀ ਬੁਲਾਇਆ ਜਾਂਦਾ ਹੈ। ਇਸ ਸਮੇਂ ਅੰਤਾਂ ਦੀ ਗਰਮੀ ਕਾਰਨ ਬਨਸਪਤੀ ਝੁਲਸੀ ਜਾਂਦੀ ਹੈ।
ਮਹੀਨੇ ਦੇ ਆਰੰਭ ਦੇ ਦਿਨਾਂ ਵਿੱਚ ਬਰਸਾਤਾਂ ਨਾ ਹੋਣ ਕਾਰਨ ਪਾਣੀ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਾੜ ਮਹੀਨੇ ਬਰਸਾਤਾਂ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਉੱਤਰੀ ਭਾਰਤ ਵਿੱਚ ਵੱਡੇ ਮੀਂਹ ਪੈਣ ਦੀ ਰੁੱਤ ਵੀ ਹਾੜ ਮਹੀਨੇ ਮੰਨੀ ਜਾਂਦੀ ਹੈ ਅਤੇ ਅਕਸਰ ਹਾੜ ਮਹੀਨੇ ਵੱਡੇ ਭਾਵ ਮੋਟੀ ਕਣੀ ਅਤੇੇ ਇੱਕੋ ਸਮੇਂ ਜ਼ਿਆਦਾ ਮਾਤਰਾ ਵਿੱਚ ਮੀਂਹ ਪੈਂਦਾ ਹੈ। ਅਜਿਹਾ ਹੋਣ ਕਾਰਨ ਜੇਠ ਮਹੀਨੇ ਤੋਂ ਚੱਲਦੀਆਂ ਲੋਆਂ ਨੂੰ ਹਾੜ ਮਹੀਨੇ ਦੇ ਅੱਧ ਤੋਂ ਬਾਅਦ ਮੋੜਾ ਪੈਂਦਾ ਹੈ। ਹਾੜ ਮਹੀਨੇ ਦੀਆਂ ਬਰਸਾਤਾਂ ਦੇ ਉਲਟ ਸਾਉਣ ਮਹੀਨੇ ਦੀਆਂ ਬਰਸਾਤਾਂ ਛੋਟੀਆਂ ਕਣੀਆਂ ਦੀਆਂ ਬਰਸਾਤਾਂ ਹੁੰਦੀਆਂ ਹਨ। ਇਸ ਸਮੇਂ ਧਰਤੀ ਦੇ ਉੱਤਰੀ ਅਰਧ ਗੋਲੇ ਦਾ ਹਿੱਸਾ ਸੂਰਜ ਦੇ ਵਧੇਰੇ ਨੇੜੇ ਹੁੰਦਾ ਹੈ। ਇਸ ਸਮੇਂ ਸੂਰਜ ਦੀਆਂ ਕਿਰਨਾਂ ਵੀ ਇਸ ਸਮੇਂ ਸਿੱਧੀਆਂ ਪੈਂਦੀਆਂ ਹਨ। ਕੁਝ ਅਜਿਹੇ ਕਾਰਨਾਂ ਕਰਕੇ ਇਸ ਮਹੀਨੇ ਅੰਤਾਂ ਦੀ ਗਰਮੀ ਪੈਂਦੀ ਹੈ।
ਇਸ ਹਿੱਸੇ ਵਿੱਚ ਸੂਰਜ ਵਧੇਰੇ ਸਮਾਂ ਚੜ੍ਹਦਾ ਹੈ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ। ਉੱਤਰੀ ਭਾਰਤ ਵਿੱਚ ਸਾਲ ਦਾ ਸਭ ਤੋਂ ਵੱਡਾ ਦਿਨ ਅਤੇ ਛੋਟੀ ਰਾਤ ਦੀ ਖਗੋਲੀ ਵਿਗਿਆਨਕ ਘਟਨਾ ਵੀ ਹਾੜ ਮਹੀਨੇ ਵਿੱਚ ਹੀ ਵਾਪਰਦੀ ਹੈ। ਇਸ ਮਹੀਨੇ ਦਾ ਨਾਂ ਪੂਰਵ ਆਸਾੜਾ ਅਤੇ ਉੱਤਰ ਆਸਾੜਾ ਨਛੱਤਰ ਦੇ ਨਾਂ ’ਤੇ ਰੱਖਿਆ ਗਿਆ ਹੈੈ। ਇਸ ਮਹੀਨੇ ਦੇ ਅਜਿਹੇ ਪੱਖਾਂ ਕਾਰਨ ਇਸ ਮਹੀਨੇ ਸਬੰਧੀ ਬਾਰਹ ਮਾਹਾ ਦੇ ਰਾਗ ਮਾਝ ਵਿੱਚ ਗੁਰੂ ਅਰਜਨ ਦੇੇਵ ਜੀ ਅਤੇ ਰਾਗ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਕੁਝ ਇਸ ਤਰ੍ਹਾਂ ਫਰਮਾਇਆ ਹੈ;
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥
***
ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈੈ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੈ।
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੈ॥
ਬਾਰਹ ਮਾਹਾ ਇੱਕ ਕਾਵਿ ਰੂਪ ਹੈ। ਬਹੁਤ ਸਾਰੇ ਕਵੀਆਂ ਵੱਲੋਂ ਇਸ ਕਾਵਿ ਰੂਪ ਵਿੱਚ ਵੱਡੇ ਪੱਧਰ ’ਤੇੇ ਪੰਜਾਬੀ ਕਾਵਿ ਰਚਨਾ ਕੀਤੀ ਮਿਲਦੀ ਹੈ। ਇਸ ਕਾਵਿ ਰੂਪ ਵਿੱਚ ਸਾਲ ਦੇ ਮਹੀਨਿਆਂ ਦੇ ਅਨੁਸਾਰ ਮਹੀਨੇ ਦੇ ਨਾਂ ਤੋਂ ਸ਼ੁਰੂ ਕਰਕੇ ਕਾਵਿ ਰਚਨਾ ਕੀਤੀ ਜਾਂਦੀ ਹੈ ਅਤੇ ਇਸ ਰਾਹੀਂ ਆਪਣੇ ਵਿਚਾਰ ਪੇੇਸ਼ ਕੀਤੇੇ ਜਾਂਦੇ ਹਨ। ਇਸ ਕਾਵਿ ਰਚਨਾ ਵਿੱਚ ਵਧੇਰੇ ਕਰਕੇ ਵਿਛੋੜੇੇ ਦਾ ਦਰਦ ਹੰਢਾ ਰਹੀ ਇਸਤਰੀ ਦੇ ਮਨੋਭਾਵਾਂ ਨੂੰ ਪ੍ਰੋਇਆ ਮਿਲਦਾ ਹੈ। ਹਰ ਮਹੀਨੇ ਦੀ ਆਪਣੀ ਖ਼ਾਸੀਅਤ ਅਤੇ ਮਹੱਤਵ ਹੈੈ। ਬਾਰਹ ਮਾਹਾ ਵਿੱਚ ਅਜਿਹੀ ਵਿਸ਼ੇਸ਼ਤਾ ਨੂੰ ਆਧਾਰ ਬਣਾ ਕੇ ਹਾੜ ਮਹੀਨੇੇ ਸਬੰਧੀ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ;
ਚੜਿ੍ਹਆ ਮਹੀਨਾ ਹਾੜ
ਤਪਣ ਪਹਾੜ ਕਿ ਬਲਣ ਅੰਗੀਠੀਆਂ।
ਪੀਆ ਵਸੇ ਪਰਦੇਸ, ਸਭੇ ਗੱਲਾਂ ਝੂਠੀਆਂ।
ਬਾਰਹ ਮਾਹਾ ਕਾਵਿ ਰੂਪ ਵਿੱਚ ਇਸਤਰੀ ਦੇ ਦਿਲ ਦੀ ਹੂੂਕ ਨੂੰ ਬਿਆਨਿਆ ਮਿਲਦਾ ਹੈ। ਇਸ ਲੋਕ ਕਾਵਿ ਵਿੱਚ ਵੱਖ ਵੱਖ ਮਹੀਨਿਆਂ ਨੂੰ ਆਧਾਰ ਬਣਾ ਕੇੇ ਪਤੀ ਪ੍ਰੀਤਮ ਨੂੰ ਵਿਦੇਸ਼ ਨਾ ਜਾਣ ਸਬੰਧੀ ਕੋਈ ਨਾ ਕੋਈ ਕਾਰਨ ਪੇਸ਼ ਕੀਤਾ ਮਿਲਦਾ ਹੈ। ਹਾੜ ਮਹੀਨੇੇ ਸਰੀਰ ਨੂੰ ਲੂੰਹਦੀਆਂ ਲੋਆਂ ਅਤੇ ਧੁੱਪਾਂ ਕਾਰਨ ਵਿਦੇਸ਼ ਨਾ ਜਾਣ ਸਬੰਧੀ ਇਸ ਲੋਕ ਕਾਵਿ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਹਾੜ ਨਾ ਜਾਈਂ ਚੰਨ, ਧੁੱਪਾਂ ਡਾਢੀਆਂ।
ਹਾੜ ਮਹੀਨੇ ਦੇ ਆਰੰਭ ਵਿੱਚ ਭਾਵੇਂ ਗਰਮੀ ਤੇ ਖੁਸ਼ਕੀ ਹੁੰਦੀ ਹੈ, ਪਰ ਹਾੜ ਮਹੀਨੇ ਸਾਉਣੀ ਦੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨ ਲਈ ਵਹਾਈ ਦਾ ਖ਼ਾਸ ਮਹੱਤਵ ਹੈੈ। ਬਰਸਾਤਾਂ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਜ਼ਮੀਨ ਪੋਲੀ ਹੋ ਜਾਂਦੀ ਹੈ ਅਤੇ ਇਸ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਵਾਲੀਆਂ ਕਿਰਿਆਵਾਂ ਵੀ ਵਾਪਰਦੀਆਂ ਹਨ। ਇਸ ਦੇ ਨਾਲ ਪਹਿਲਾਂ ਵਹਾਈ ਤੇ ਬਿਜਾਈ ਪਸ਼ੂਆਂ ਰਾਹੀਂ ਹੋਣ ਕਾਰਨ ਸਮਾਂ ਵੀ ਕੁਝ ਜ਼ਿਆਦਾ ਲੱਗਦਾ ਸੀ। ਅਜਿਹਾ ਹੋਣ ਕਾਰਨ ਪਹਿਲਾਂ ਜ਼ਮੀਨ ਤਿਆਰ ਨਾ ਹੋਣ ਕਾਰਨ ਸਾਉਣੀ ਦੀ ਫ਼ਸਲ ਦੀ ਬਿਜਾਈ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੁੰਦੀ ਸੀ। ਅਜਿਹਾ ਹੋਣ ਕਾਰਨ ਹਾੜ ਮਹੀਨੇ ਜ਼ਮੀਨ ਦੀ ਵਹਾਈ ਸਬੰਧੀ ਪ੍ਰਸਿੱਧ ਹੈ;
ਹਾੜ ਦਾ ਇੱਕ, ਸਾਵਣ ਦੇ ਦੋ
ਭਾਦੋਂ ਤ੍ਰੈ ਤੇ ਅੱਸੂ ਦਾ ਸੌ।
ਇਸੇ ਤਰ੍ਹਾਂ ਹੀ ਖੇਤੀ ਦੀ ਵਹਾਈ ਕਰਨ ਦੇ ਮਹੱਤਵ ਤੇ ਹਾੜ ਮਹੀਨੇ ਸਬੰਧੀ ਪੰਜਾਬੀ ਲੋਕ ਸਿਆਣਪਾਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਸਿਆਲ ਸੋਨਾ, ਹਾੜ ਰੁੱਪਾ
ਸਾਉਣ ਸਾਵੇਂ, ਭਾਦੋਂ ਬਾਹੀ ਗਈ ਨਿਥਾਵੇਂ।
ਹਾੜ ਮਹੀਨੇ ਦੀ ਖ਼ਾਸੀਅਤ ਤੇਜ਼ ਧੁੱਪਾਂ, ਲੋਆਂ, ਹਨੇਰੀਆਂ, ਵਾ ਵਰੋਲਿਆਂ ਭਰਪੂਰ ਵਾਤਾਵਰਨ ਹੈ। ਇਸ ਮਹੀਨੇ ਦੇ ਅਜਿਹੇ ਪੱਖ ਸਬੰਧੀ ਲੋਕ ਗੀਤਾਂ, ਲੋਕ ਬੋਲੀਆਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਜੇਠ ਹਾੜ ਤਾਏ, ਸਾਵਣ ਭਾਦੋਂ ਲਾਹੇ।
ਹਾੜ ਮਹੀਨੇ ਉੱਤਮ ਕਾਰਜਾਂ ਨੂੰ ਕਰਨਾ ਵਰਜਿਤ ਮੰਨਿਆ ਜਾਂਦਾ ਹੈ। ਭਾਵੇਂ ਇਸ ਦੇ ਪਿੱਛੇ ਕਾਰਨ ਉੱਤਰੀ ਭਾਰਤ ਦੀ ਅੰਤਾਂ ਦੀ ਗਰਮੀ ਹੁੰਦੀ ਹੈ, ਪ੍ਰੰੰਤੂ ਹਿੰਦੂ ਵਿਸ਼ਵਾਸ ਅਨੁਸਾਰ ਇਸ ਮਹੀਨੇ ਦੇਵਤੇ ਆਰਾਮ ਕਰਨ ਚਲੇ ਜਾਂਦੇ ਹਨ। ਇਸ ਮਹੀਨੇ ਸੂਰਜ ਦੀ ਪੂਜਾ ਕਰਨਾ ਅਤੇ ਇਸ ਨੂੰ ਪਾਣੀ ਚੜ੍ਹਾਉਣਾ ਚੰਗਾ ਮੰਨਿਆ ਜਾਂਦਾ ਹੈ। ਹਾੜ ਮਹੀਨੇ ਦੁਪਹਿਰੇ ਪੈਂਦੀ ਅੰਤਾਂ ਦੀ ਗਰਮੀ ਅਤੇ ਵਗਦੀਆਂ ਲੋਆਂ ਕਾਰਨ ਇਨ੍ਹਾਂ ਤੋਂ ਬਚਣ ਲਈ ਲੋਕ ਜ਼ਿਆਦਾਤਰ ਅੰਦਰ ਹੀ ਰਹਿੰਦੇ ਹਨ। ਸਰੀਰ ਨੂੰ ਲੂਹ ਸਿੱਟਣ ਵਾਲੀ ਗਰਮੀ ਕਾਰਨ ਇਸ ਦੇ ਸਰੀਰ ਨੂੰ ਨੁਕਸਾਨ ਤੋਂ ਬਚਾਉਣ ਲਈ ਅੰਦਰ ਅਤੇ ਖੁੱਲ੍ਹੇੇ ਦੀ ਬਜਾਏ ਓਟ ਵਿੱਚ ਰਹਿਣਾ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਦੇ ਉਲਟ ਸਾਉਣ-ਭਾਦੋਂ ਦੇ ਹੁੰਮਸ ਵਾਲੇ ਵਾਤਾਵਰਨ ਲਈ ਰੁੱਖਾਂ ਹੇਠ ਰਹਿਣਾ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ਪੱਖ ਕਾਰਨ ਲੋਕ ਕਹਾਵਤਾਂ ਵਿੱਚ ਇਸ ਪੱਖ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ;
ਜੇੇਠ ਹਾੜ ਕੁੱਖੀਂ, ਸਾਉਣ ਭਾਦੋਂ ਰੁੱਖੀਂ
ਲੋਕ ਸਿਆਣਪਾਂ, ਅਖਾਣਾਂ, ਲੋਕਾਂ ਦੀ ਜੀਵਨ ਜਾਚ, ਨਿੱਜੀ ਤਜਰਬਿਆਂ ਦਾ ਸਮੂਹ ਅਤੇ ਪੈਦਾਇਸ਼ ਹੁੰਦੀਆਂ ਹਨ। ਵੱਖ ਵੱੱਖ ਮਹੀਨਿਆਂ ਦੇ ਮੌਸਮ ਅਨੁਸਾਰ ਖਾਣ ਪੀਣ ਦੇ ਪੱਖ ਤੋਂ ਵੱਖ ਵੱਖ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ। ਵੱਖ ਵੱਖ ਮਹੀਨਿਆਂ ਦੇ ਖਾਣ ਪੀਣ ਅਤੇੇ ਦੂਸਰੀਆਂ ਆਦਤਾਂ ਸਬੰਧੀ ਲੋਕ ਤਜਰਬਿਆਂ ਦੇ ਆਧਾਰ ’ਤੇ ਕਾਫ਼ੀ ਕੁਝ ਲੋਕ ਵਿਸ਼ਵਾਸਾਂ ਦਾ ਹਿੱਸਾ ਹੈ। ਇਸ ਦੇ ਪਿੱਛੇ ਵਿਗਿਆਨਕ ਕਾਰਨ ਕੰਮ ਕਰਦੇ ਹਨ। ਹਾੜ ਮਹੀਨੇ ਦੇ ਪ੍ਰਹੇਜ਼ ਸਬੰਧੀ ਲੋਕ ਸਿਆਣਪਾਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ;
ਚੇਤੇ ਗੁੜ, ਵੈਸਾਖੇ ਤੇਲ
ਜੇਠੇ ਪੰਧ, ਹਾੜ ਬੇਲ
ਸਾਵਣ ਸਾਗ, ਨਾ ਭਾਦੋਂ ਦਹੀਂ
ਅੱਸੂ ਕਰੇਲਾ, ਨਾ ਕੱਤਕ ਮਹੀ।
ਕੁਝ ਇਸੇ ਤਰ੍ਹਾਂ ਹੀ ਲੋਕ ਸਿਆਣਪਾਂ ਵਿੱਚ ਮਹੀਨਿਆਂ ਸਬੰਧੀ ਕਾਫ਼ੀ ਕੁਝ ਪਿਰੋਇਆ ਮਿਲਦਾ ਹੈ। ਜੇਠ ਹਾੜ ਦੇ ਮਹੀਨਿਆਂ ਦੀ ਖੁੁਸ਼ਕ ਗਰਮੀ, ਵਗਦੀਆਂ ਲੋਆਂ, ਤੇਜ਼ ਧੁੱਪਾਂ ਕਾਰਨ ਦਿਨੇ ਵਧੇਰੇ ਸਮਾਂ ਅੰਦਰ ਬਤੀਤ ਕਰਨ ਸਬੰਧੀ ਕਿਹਾ ਮਿਲਦਾ ਹੈ;
ਚੇੇਤ ਵਿਸਾਖ ਭਵੋਂ, ਜੇਠ ਹਾੜ ਸਵੋਂ।
ਸਾਉਣ ਭਾਦੋਂ ਨਹਾਵੋ, ਅੱਸੂ ਕੱਤੇ ਥੋੜ੍ਹਾ ਖਾਵੋ।
ਹੋਰਨਾਂ ਮਹੀਨਿਆਂ ਵਾਂਗ ਇਸ ਮਹੀਨੇ ਸਬੰਧੀ ਵੀ ਕਈ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਕਦੇ ਪੰਜਾਬ ਦੇ ਮਾਲਵਾ ਖਿੱਤੇ ਵਿੱਚ ਅਜਿਹਾ ਮੰਨਿਆ ਜਾਂਦਾ ਸੀ ਕਿ ਗਰਮੀ ਅਤੇ ਪਾਣੀ ਦੀ ਘਾਟ ਕਾਰਨ ਆਤਮਾ ਤਪਦੀ ਦੁਪਹਿਰ ਨੂੰ ਪਾਣੀ ਪਾਣੀ ਕਹਿ ਕੇ ਬੋਲਦੀ ਹੈ। ਇਸ ਨੂੰ ਹਾੜ ਬੋਲਣਾ ਕਿਹਾ ਜਾਂਦਾ ਸੀ। ਇਸ ਦੇ ਪਿੱਛੇ ਸ਼ਾਇਦ ਪਾਣੀ ਦੀ ਅਣਹੋਂਦ ਅਤੇ ਸਖ਼ਤ ਗਰਮੀ ਕਾਰਨ ਦੁਪਹਿਰੇ ਲੋੋਕਾਂ ਨੂੰ ਜਾਣ ਤੋਂ ਰੋਕਣ ਦੀ ਧਾਰਨਾ ਕੰਮ ਕਰਦੀ ਹੋਵੇ। ਇਸ ਮਹੀਨੇ ਪਾਣੀ ਦਾਨ ਕਰਨ ਦੀ ਬਹੁਤ ਮਹੱਤਤਾ ਹੈ। ਇਸ ਮਹੀਨੇ ਪਾਣੀ ਪਿਉਣਾ, ਛਬੀਲਾਂ ਲਗਾਉਣ ਦਾ ਵਿਸ਼ਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਹਾੜ ਮਹੀਨੇ ਵਗਦੀਆਂ ਗਰਮ ਹਵਾਵਾਂ ਵਿੱਚ ਅੱਕ ਦੀਆਂ ਕੁੱਕੜੀਆਂ ਵਿੱਚੋਂ ਨਿਕਲੇ ਬੀਜਾਂ ਵਾਲੇੇ ਫੰਬੇ ਉੱਡਣ ਲੱਗਦੇ ਹਨ। ਇਨ੍ਹੀਂ ਦਿਨੀਂ ਕਦੇ ਵਣਾਂ ਦੀਆਂ ਪੀਲ੍ਹਾਂ ਵੀ ਪੱਕ ਜਾਂਦੀਆਂ ਸਨ।
ਹਾੜ ਮਹੀਨੇ ਗਰਮੀ ਅਤੇ ਖੁਸ਼ਕੀ ਕਾਰਨ ਪਾਣੀ ਛੱਪੜ/ਟੋਭਿਆਂ ਵਰਗੇ ਜਲ ਸਰੋਤ ਸੁੱਕ ਜਾਂਦੇ ਹਨ ਅਤੇ ਜੀਵ ਜੰਤੂ ਪਾਣੀ ਦੀ ਘਾਟ ਨਾਲ ਜੂਝਣ ਲੱਗਦੇ ਹਨ। ਗਰਮੀ ਤੋਂ ਪਰੇਸ਼ਾਨ ਟਿੱਡੇ (ਬੀਂਡੇ) ਬੋਲਣ ਲੱਗਦੇੇ ਹਨ। ਇਸ ਤਰ੍ਹਾਂ ਹੋਰਨਾਂ ਮਹੀਨਿਆਂ ਵਾਂਗ ਹਾੜ ਦੀ ਆਪਣੀ ਵਿਲੱੱਖਣਤਾ ਅਤੇ ਪਛਾਣ ਹੈ। ਕਦੇ ਵਿਸਾਖ ਮਹੀਨੇ ਕੱਟੀਆਂ ਜਾਂਦੀਆਂ ਕਣਕ ਅਤੇ ਦੂਸਰੀਆਂ ਸਰਦੀ ਵਾਲੀਆਂ ਫ਼ਸਲਾਂ ਦੀ ਕਢਾਈ ਹਾੜ ਮਹੀਨੇ ਕੀਤੇ ਜਾਣ ਕਾਰਨ ਇਨ੍ਹਾਂ ਫ਼ਸਲਾਂ ਦਾ ਨਾਂ ਹਾੜੀ ਦੀਆਂ ਫ਼ਸਲਾਂ ਪੈ ਗਿਆ। ਇਸ ਤਰ੍ਹਾਂ ਹਾੜ ਮਹੀਨੇ ਦੀ ਆਪਣੀ ਵਿਸ਼ੇਸ਼ਤਾ ਅਤੇ ਮਹੱਤਵ ਹੈ।
ਸੰਪਰਕ: 81469-24800